ਸਾਹਿਤ
Result You Searched: HARYANA-HIMACHAL

ਵਿਸ਼ਵ ਰੰਗਮੰਚ ਦਿਹਾੜੇ ਮੌਕੇ ਮੋਦੀ ਕਾਲਜ ਵਿਖੇ ‘ਪੀੜ੍ਹੀ ਗਾਥਾ’ ਨਾਟਕ ਦਾ ਸਫ਼ਲ ਮੰਚਨ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਾਜ ਪੱਧਰੀ ਸਮਾਗਮ ਵਿਚ 'ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ' ਲੋਕ ਅਰਪਣ
ਪਟਿਆਲਾ : ਅੱਜ ਮੁਸਾਫ਼ਿਰ ਸੈਂਟਰ ਸਟੇਟ ਲਾਇਬ੍ਰੇਰੀ, ਪਟਿਆਲਾ ਵਿਖੇ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਾਜ ਪੱਧਰੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਚ 'ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ' ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਮੁਖ ਮਹਿਮਾਨ ਵਜੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਾਬਕਾ ਡਿਪਟੀ ਕਮਿਸ਼ਨਰ ਅਤੇ ਉਘੇ ਪੰਜਾਬੀ ਲੇਖਕ ਸ. ਜੀ. ਕੇ. ਸਿੰਘ, ਆਈ. ਏ. ਐਸ., ਪੰਜਾਬੀ ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ, ਸਰਬਾਂਗੀ ਲੇਖਕ ਡਾ. ਅਮਰ ਕੋਮਲ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਮੀਤ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ, ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਸ਼ਵ ਪੰਜਾਬੀ ਕੇਂਦਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ, ਅਭਿਨੰਦਨ ਗ੍ਰੰਥ ਦੇ ਮੁਖ ਸੰਪਾਦਕ ਡਾ. ਬਲਦੇਵ ਸਿੰਘ ਬੱਦਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਸਾਬਕਾ ਪ੍ਰਿੰਸੀਪਲ ਡਾ. ਸੰਜੀਵ ਕਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ ।
ਡਾ. ਅਮਰ ਕੋਮਲ ਵਰਗੇ ਨਿਸ਼ਕਾਮ ਸਾਹਿਤਕਾਰਾਂ ਦੇ ਯੋਗਦਾਨ ਨੇ ਮਾਂ ਬੋਲੀ ਦਾ ਦੁਨੀਆ ਵਿਚ ਗੌਰਵ ਵਧਾਇਆ : ਜੀ. ਕੇ. ਸਿੰਘ, ਆਈ. ਏ. ਐਸ.
ਇਸ ਮੌਕੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਾਹਿਤਕ ਅਤੇ ਸਭਿਆਚਾਰਕ ਵਿਰਾਸਤ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ । ਜੀ. ਕੇ. ਸਿੰਘ, ਆਈ. ਏ. ਐਸ. ਨੇ ਪੰਜਾਬੀ ਭਾਸ਼ਾ ਦਾ ਮਹੱਤਵਪੂਰਨ ਉਲੇਖ ਕਰਨ ਦੇ ਨਾਲ ਨਾਲ ਕਿਹਾ ਕਿ ਡਾ. ਅਮਰ ਕੋਮਲ ਵਰਗੇ ਸੀਨੀਅਰ ਨਿਸ਼ਕਾਮ ਸਾਹਿਤਕਾਰਾਂ ਦੇ ਅਨਮੋਲ ਯੋਗਦਾਨ ਨੇ ਮਾਂ ਬੋਲੀ ਦਾ ਦੁਨੀਆ ਵਿਚ ਗੌਰਵ ਵਧਾਇਆ ਹੈ। ਉਹਨਾਂ ਵਿਦੇਸ਼ੀ ਚਿੰਤਕਾਂ ਅਤੇ ਖੋਜੀਆਂ ਦੇ ਹਵਾਲੇ ਨਾਲ ਕਿਹਾ ਕਿ ਲਗਨ ਅਤੇ ਮਿਹਨਤ ਕਾਰਨ ਹੀ ਨੋਬਲ ਪੁਰਸਕਾਰਾਂ ਦੀ ਪ੍ਰਾਪਤੀ ਸੰਭਵ ਹੈ ।ਸਮਾਗਮ ਦੇ ਦੂਜੇ ਦੌਰ ਵਿਚ ਪ੍ਰਸਿੱਧ ਕਵੀਆਂ ਨੇ ਕੀਤੀ ਸ਼ਮੂਲੀਅਤ
ਸਮਾਗਮ ਦੇ ਦੂਜੇ ਦੌਰ ਵਿਚ ਪ੍ਰਸਿੱਧ ਕਵੀ ਅਮਰੀਕ ਡੋਗਰਾ, ਸਭਾ ਦੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਤੋਂ ਇਲਾਵਾ ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਚੀਫ ਲਾਇਬ੍ਰੇਰੀਅਨ ਡਾ. ਜਗਤਾਰ ਸਿੰਘ, ਡਾ. ਅਮਰਜੀਤ ਕੌਂਕੇ, ਗੁਰਚਰਨ ਸਿੰਘ ਪੱਬਾਰਾਲੀ, ਦਰਸ਼ਨ ਸਿੰਘ ਪ੍ਰੀਤੀਮਾਨ, ਗੋਪਾਲ ਸ਼ਰਮਾ ਸਮਾਣਾ, ਸੁਖਵਿੰਦਰ ਚਹਿਲ, ਸੁਖਵਿੰਦਰ ਕੌਰ ਸਿੱਧੂ (ਸੰਗਰੂਰ), ਭੁਪਿੰਦਰ ਕੌਰ ਵਾਲੀਆ, ਸੁਰਿੰਦਰ ਬੇਦੀ, ਅਮਰ ਗਰਗ ਕਲਮਦਾਨ, ਰਘਬੀਰ ਸਿੰਘ ਗਿੱਲ ਕੱਟੂ, ਮੂਲ ਚੰਦ ਸ਼ਰਮਾ, ਸੁਖਵਿੰਦਰ ਸਿੰਘ ਸਨੇਹ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਸੰਦੀਪ ਕੁਮਾਰ ਬਿਸ਼ਨੋਈ, ਸਾਗਰ ਸੂਦ ਸੰਜੇ, ਬ੍ਰਿਜ ਲਾਲ ਗੋਇਲ ਧਨੌਲਾ, ਸੁਖਵਿੰਦਰ ਚਹਿਲ, ਬਲਬੀਰ ਸਿੰਘ ਦਿਲਦਾਰ, ਅਮਰ ਗਰਗ ਕਲਮਦਾਨ, ਇੰਦਰਪਾਲ ਸਿੰਘ, ਗੁਰਪ੍ਰੀਤ ਕੌਰ ਢਿੱਲੋਂ ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ । Punjab Bani 24 March,2025
ਮੁਲਤਾਨੀ ਮੱਲ ਮੋਦੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਨਾਂ ਦੇ ਸਾਥੀਆਂ ਦੇ ਵਿਚਾਰਾਂ ਤੇ ਆਧਾਰਿਤ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ
ਪਟਿਆਲਾ, 20 ਮਾਰਚ : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੱਜ ਭਗਤ ਸਿੰਘ ਅਤੇ ਉਨਾਂ ਦੇ ਸਾਥੀਆਂ ਦੇ ਵਿਚਾਰਾਂ ’ਤੇ ਅਧਾਰਿਤ, ਪ੍ਰਿੰਸੀਪਲ ਡਾਕਟਰ ਨੀਰਜ ਗੋਇਲ ਦੀ ਰਹਿਨੁਮਾਈ ਹੇਠ ਇੱਕ ਸਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ । ਇਸ ਗੋਸਟੀ ਦਾ ਉਦੇਸ਼ ਕਾਲਜ ਦੇ ਵਿਦਿਆਰਥੀਆਂ ਦੀ ਸੁਤੰਤਰਤਾ ਸੰਗਰਾਮੀਆਂ ਦੇ ਵਿਚਾਰਾਂ ਨਾਲ ਸਾਂਝ ਪਵਾਉਣਾ ਅਤੇ ਉਹਨਾਂ ਦੀ ਸਿਰਜਨਾਤਮਿਕ ਪ੍ਰਤਿਭਾ ਨੂੰ ਉਤਸ਼ਾਹਤ ਕਰਨਾ ਸੀ ।
‘‘ਕ੍ਰਾਂਤੀ ਸਿਰਫ ਫੁੱਲਾਂ ਦੀ ਸੇਜ ਨਹੀਂ ਇਹ ਭੂਤਕਾਲ ਤੇ ਭਵਿੱਖ ਵਿੱਚ ਚੱਲ ਰਿਹਾ ਨਿਰੰਤਰ ਸੰਘਰਸ਼’’ ਹੈ :ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਭਗਤ ਸਿੰਘ ਇੱਕ ਅਜਿਹੀ ਅਜੀਮ ਸ਼ਖਸੀਅਤ ਹੈ ਜਿਸ ਨੇ ਸਮਾਜਿਕ ਅਤੇ ਸਿਆਸੀ ਘਟਨਾਕਰਮ ਨੂੰ ਕ੍ਰਾਂਤੀਕਾਰੀ ਰਾਹਾਂ ’ਤੇ ਤੋਰਿਆ ਅਤੇ ਬ੍ਰਿਟਿਸ਼ ਹਕੂਮਤ ਦੀਆਂ ਗੁਲਾਮ ਪ੍ਰਵਿਰਤੀਆਂ ਨੂੰ ਵੰਗਾਰਿਆ। ਉਹਨਾਂ ਦਾ ਮੰਨਣਾ ਸੀ ਕਿ ‘‘ਕ੍ਰਾਂਤੀ ਸਿਰਫ ਫੁੱਲਾਂ ਦੀ ਸੇਜ ਨਹੀਂ ਇਹ ਭੂਤਕਾਲ ਤੇ ਭਵਿੱਖ ਵਿੱਚ ਚੱਲ ਰਿਹਾ ਨਿਰੰਤਰ ਸੰਘਰਸ਼’’ ਹੈ। ਇਸ ਸਾਹਿਤਕ ਗੋਸ਼ਟੀ ਵਿੱਚ ਵਿਦਿਆਰਥੀਆਂ ਨੇ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਮਾਜਕ, ਯਥਾਰਥਕ ਅਤੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਸਬੰਧਤ ਰਚਨਾਵਾਂ ਪੇਸ਼ ਕੀਤੀਆਂ । ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ’ਤੇ ਪੰਜਾਬੀ ਵਿਭਾਗ ਨੂੰ ਵਧਾਈ ਦਿੰਦਿਆਂ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਜਸਵੀਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਹਨਾਂ ਸੁਤੰਤਰਤਾ ਸੰਗਰਾਮੀਆਂ ਤੋਂ ਪ੍ਰੇਰਨਾ ਲੈ ਕੇ ਰਾਸ਼ਟਰ ਨਿਰਮਾਣ ਵਿੱਚ ਜੁੱਟਣਾ ਚਾਹੀਦਾ ਹੈ। ਜਿਸ ਨਾਲ ਸਮਾਜਿਕ ਤਬਦੀਲੀ ਦਾ ਸੁਪਨਾ ਸਕਾਰ ਕੀਤਾ ਜਾ ਸਕੇ ।
ਜਦੋਂ ਤੱਕ ਭਾਰਤੀ ਸਮਾਜ ਵਿੱਚ ਵਿਤਕਰਾ ਅਤੇ ਆਰਥਿਕ ਪਾੜਾ ਮੌਜੂਦ ਰਹੇਗਾ : ਵੀਰਪਾਲ ਕੌਰਇਸ ਪ੍ਰੋਗਰਾਮ ਦੌਰਾਨ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਵੀਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜਦੋਂ ਤੱਕ ਭਾਰਤੀ ਸਮਾਜ ਵਿੱਚ ਵਿਤਕਰਾ ਅਤੇ ਆਰਥਿਕ ਪਾੜਾ ਮੌਜੂਦ ਰਹੇਗਾ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰ ਜ਼ਿੰਦਾ ਰਹਿਣਗੇ ਭਗਤ ਸਿੰਘ ਸਿਰਫ ਸਿਆਸੀ ਆਜ਼ਾਦੀ ਦਾ ਪ੍ਰਤੀਕ ਨਹੀਂ ਉਸ ਨੇ ਸਮਾਜ ਵਿੱਚ ਨਿਆਂ, ਸਮਾਜਿਕ ਭਾਈਚਾਰਾ ਤੇ ਆਪਸੀ ਸਾਂਝ ਦਾ ਚਿੰਨ ਬਣ ਕੇ ਵੀ ਉਭਰਿਆ ਹੈ। ਇਸ ਸਾਹਿਤਕ ਗੋਸ਼ਟੀ ਵਿੱਚ ਮੋਦੀ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਗੁਰਜੰਟ ਸਿੰਘ, ਮਨਿੰਦਰ ਕੌਰ, ਮਹਿਕਪ੍ਰੀਤ ਕੌਰ ਅਤੇ 15 ਹੋਰ ਵਿਦਿਆਰਥੀਆਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਰਿਸ਼ਤਿਆਂ ਦੀ ਅਹਿਮੀਅਤ, ਆਜ਼ਾਦੀ ਦਾ ਸੰਕਲਪ ਅਤੇ ਸਮਾਜਿਕ ਬੁਰਾਈਆਂ ਖਿਲਾਫ ਡਟਣ ਦਾ ਹੋਕਾ ਦਿੱਤਾ ਗਿਆ । ਪ੍ਰੋਗਰਾਮ ਦੇ ਅੰਤ ਵਿੱਚ ਡਾ. ਦਵਿੰਦਰ ਸਿੰਘ ਨੇ ਇੱਕ ਸੰਖੇਪ ਰਿਵਿਊ ਪੇਸ਼ ਕੀਤਾ ਅਤੇ ਧੰਨਵਾਦ ਦਾ ਮਤਾ ਡਾ. ਦੀਪਕ ਕੁਮਾਰ ਨੇ ਪੇਸ਼ ਕੀਤਾ । ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਜਗਦੀਪ ਕੌਰ, ਡਾ. ਹਰਮੋਹਨ ਸ਼ਰਮਾ, ਡਾ. ਰੁਪਿੰਦਰ ਸ਼ਰਮਾ, ਡਾ. ਕੁਲਦੀਪ ਕੌਰ, ਡਾ. ਜਸਪ੍ਰੀਤ ਕੌਰ, ਡਾ. ਗੁਰਜੰਟ ਸਿੰਘ, ਪ੍ਰੋ. ਤਲਵਿੰਦਰ ਸਿੰਘ, ਪ੍ਰੋ. ਗੁਰਵਿੰਦਰ, ਪ੍ਰੋ. ਕਪਿਲ ਦੇਵ ਅਤੇ ਪ੍ਰੋ. ਪਰਮਿੰਦਰ ਕੌਰ, ਹੋਰ ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਸਨ ।
Punjab Bani 20 March,2025
ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ ਭਾਸ਼ਾਵਾਂ ਵੱਲੋਂ ਨਿਰੰਜਣ ਸਿੰਘ ਸੈਲਾਨੀ ਦੀਆਂ ਪੁਸਤਕਾਂ ਦਾ ਲੋਕ-ਅਰਪਣ
ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ ਭਾਸ਼ਾਵਾਂ ਵੱਲੋਂ ਨਿਰੰਜਣ ਸਿੰਘ ਸੈਲਾਨੀ ਦੀਆਂ ਪੁਸਤਕਾਂ ਦਾ ਲੋਕ-ਅਰਪਣ ਪਟਿਆਲਾ, 19 ਮਾਰਚ : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਪੰਜਾਬੀ ਦੇ ਲਗਭਗ ਅੱਧੀ ਸਦੀ ਤੋਂ ਸਾਹਿਤ ਸਿਰਜਣਾ ਕਰਦੇ ਆ ਰਹੇ ਪ੍ਰਬੁੱਧ ਲੇਖਕ ਸ. ਨਿਰੰਜਣ ਸਿੰਘ ਸੈਲਾਨੀ ਦੀਆਂ 6 ਨਵ-ਪ੍ਰਕਾਸ਼ਤ ਪੁਸਤਕਾਂ 'ਮੀਲ ਪੱਥਰ ਜ਼ਿੰਦਗੀ ਦੇ' (ਸ਼ਾਹਮੁਖੀ), 'ਪਾਰੂ ਦੇ ਲਈ ਕਾਲਾ ਗੁਲਾਬ', 'ਸ਼ਾਹਨਾਮਾ ਫ਼ਿਰਦੌਸੀ : ਦਾਸਤਾਨਗੋਈ', 'ਸ਼ਾਹਨਾਮਾ ਫ਼ਿਰਦੌਸੀ: ਰੌਚਕ ਕਹਾਣੀ ਸੰਸਾਰ' (ਹਿੰਦੀ), 'ਸਿੱਕਮ ਦਾ ਇਕ ਬਰਸਾਤੀ ਦਿਨ', 'ਹਰੇ ਸਕੱਰਟ ਵਾਲੇ ਰੁੱਖਾਂ ਹੇਠ' ਦਾ ਲੋਕ-ਅਰਪਣ ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਵੱਲੋਂ ਕੀਤਾ ਗਿਆ। ਪੁਸਤਕਾਂ ਬਾਰੇ ਬੋਲਦਿਆਂ ਉਨ੍ਹਾਂ ਨੇ ਆਖਿਆ ਕਿ ਸ. ਨਿਰੰਜਣ ਸਿੰਘ ਸੈਲਾਨੀ ਇਕ ਬਹੁ-ਵਿਧਾਵੀ ਅਤੇ ਬਹੁ-ਭਾਸ਼ਾਈ ਲੇਖਕ ਦੇ ਤੌਰ 'ਤੇ ਬੀਤੇ 50 ਸਾਲਾਂ ਤੋਂ ਨਿਰੰਤਰ ਮਾਤਭਾਸ਼ਾ ਪੰਜਾਬੀ ਦੇ ਨਾਲ-ਨਾਲ ਹਿੰਦੀ ਅਤੇ ਸ਼ਾਹਮੁਖੀ ਦੇ ਸਾਹਿਤ ਰਚਨਾ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ । ਸੈਲਾਨੀ ਸਾਹਿਬ ਵੱਲੋਂ ਆਪਣੀ ਆਤਮ- ਕਥਾ "ਮੀਲ ਪੱਥਰ ਜ਼ਿੰਦਗੀ ਦੇ" ਨੂੰ ਮਾਂ-ਬੋਲੀ ਪੰਜਾਬੀ ਦੀ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਕਰਨਾ ਇਕ ਸ਼ਲਾਘਾਯੋਗ ਤੇ ਮਹੱਤਵਪੂਰਨ ਪਹਿਲ-ਕਦਮੀ ਹੈ। ਇਸ ਨਾਲ ਚੜ੍ਹਦੇ ਪੰਜਾਬ ਦੇ ਅਦਬ ਦਾ ਦਾਇਰਾ ਦੁਨੀਆ ਦੇ ਦੂਜੇ ਮੁਲਕਾਂ, ਖ਼ਾਸ ਤੌਰ ਤੇ ਲਹਿੰਦੇ ਪੰਜਾਬ ਵਿਚ ਵੀ ਫੈਲੇਗਾ । ਇਸ ਦੌਰਾਨ ਤ੍ਰੈਭਾਸ਼ੀ ਸ਼ਾਇਰ ਅੰਮਿ੍ਤਪਾਲ ਸਿੰਘ ਸ਼ੈਦਾ ਨੇ ਦੱਸਿਆ ਕਿ ਨਿਰੰਜਣ ਸਿੰਘ ਸੈਲਾਨੀ ਹੁਣ ਤੱਕ ਲਗਭਗ ਤੀਹ ਪੁਸਤਕਾਂ ਪੰਜਾਬੀ ਦੀ ਝੋਲੀ ਪਾ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਵੱਖ-ਵੱਖ ਪੁਸਤਕਾਂ ਦਾ ਅਨੁਵਾਦ ਅਤੇ ਸੰਪਾਦਨ ਕਰਕੇ ਪ੍ਰਕਾਸ਼ਿਤ ਕਰਵਾਇਆ ਜਾ ਚੁੱਕਾ ਹੈ । ਸੈਲਾਨੀ ਸਾਹਿਬ ਦੀਆਂ ਉੱਤਮ ਅਧਿਆਪਨ ਤੇ ਸਾਹਿਤਿਕ ਸੇਵਾਵਾਂ ਦੇ ਅਧਾਰ 'ਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਰਾਜ ਪੁਰਸਕਾਰ ਦੇ ਨਾਲ ਨਵਾਜ਼ਿਆ ਹੋਇਆ ਹੈ ਅਤੇ ਕਈ ਹੋਰ ਨਾਮੀ ਸੰਸਥਾਵਾਂ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ । ਸਮਾਗਮ ਦੇ ਅਖੀਰ ਵਿੱਚ ਨਿਰੰਜਨ ਸਿੰਘ ਸੈਲਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਤੋਂ ਹੈੱਡ ਮਾਸਟਰ ਵਜੋਂ ਸੇਵਾ ਮੁਕਤ ਹੋਏ ਹਨ ਅਤੇ ਉਨ੍ਹਾਂ ਦੀਆਂ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਤਿੰਨ ਦਰਜਨ ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਅੱਜ ਇੱਥੇ ਲੋਕ-ਅਰਪਣ ਹੋਈ ਆਤਮ-ਕਥਾ ਮੂਲ ਰੂਪ ਵਿਚ ਪਹਿਲਾਂ ਪੰਜਾਬੀ ਅਤੇ ਹਿੰਦੀ ਵਿਚ ਪ੍ਰਕਾਸ਼ਿਤ ਹੋ ਚੁੱਕੀ ਹੈ ਅਤੇ ਹੁਣ ਇਸ ਕਿਤਾਬ ਨੂੰ ਅੰਮਿ੍ਤਪਾਲ ਸਿੰਘ ਸ਼ੈਦਾ ਨੇ ਸ਼ਾਹਮੁਖੀ ਵਿਚ ਅਨੁਵਾਦ ਕਰ ਕੇ ਪ੍ਰਕਾਸ਼ਿਤ ਕਰਵਾਇਆ ਹੈ । ਉਨ੍ਹਾਂ ਨੇ ਅੱਜ ਦੇ ਸਮਾਗਮ ਨੂੰ ਉਲੀਕਣ ਲਈ ਡਾਇਰੈਕਟਰ ਸਾਹਿਬ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਅਤੇ ਖੋਜ ਅਫ਼ਸਰ ਡਾ. ਸੰਤੋਖ ਸਿੰਘ ਸੁੱਖੀ, ਡਾ. ਸੁਖਦਰਸ਼ਨ ਸਿੰਘ ਚਹਿਲ, ਡਾ. ਮਨਜਿੰਦਰ ਸਿੰਘ ਅਤੇ ਸ. ਭੂਪਿੰਦਰ ਸਿੰਘ ਸੁਪਰਡੈਂਟ ਆਦਿ ਅਧਿਕਾਰੀ/ਕਰਮਚਾਰੀ ਹਾਜ਼ਰ ਸਨ ।
Punjab Bani 19 March,2025
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ 'ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ' ਦਾ ਲੋਕ-ਅਰਪਣ 23 ਮਾਰਚ ਨੂੰ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ 'ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ' ਦਾ ਲੋਕ-ਅਰਪਣ 23 ਮਾਰਚ ਨੂੰ ਪਟਿਆਲਾ, 19 ਮਾਰਚ : ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸੁਪ੍ਰਸਿੱਧ ਅਤੇ ਸਰਬਾਂਗੀ ਪੰਜਾਬੀ ਲੇਖਕ ਡਾ. ਅਮਰ ਕੋਮਲ ਸਬੰਧੀ ਸੰਪਾਦਿਤ 'ਡਾ. ਅਮਰ ਕੋਮਲ ਅਭਿਨੰਦਨ ਗ੍ਰੰਥ' ਦਾ ਲੋਕ-ਅਰਪਣ ਮੁਸਾਫ਼ਿਰ ਸੈਂਟਰਲ ਸਟੇਟ ਲਾਇਬਰੇਰੀ(ਸਾਹਮਣੇ ਜ਼ਿਲ੍ਹਾ ਕਚਹਿਰੀ) ਪਟਿਆਲਾ ਵਿਖੇ ਮਿਤੀ 23 ਮਾਰਚ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਕੀਤਾ ਜਾ ਰਿਹਾ ਹੈ । ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਡਿਪਟੀ ਕਮਿਸ਼ਨਰ ਅਤੇ ਉੱਘੇ ਪੰਜਾਬੀ ਲੇਖਕ ਸ. ਜੀ. ਕੇ. ਸਿੰਘ, ਆਈ. ਏ. ਐੱਸ. ਹੋਣਗੇ ਅਤੇ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ ਕਰਨਗੇ । ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪੰਜਾਬੀ ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ, ਪੰਜਾਬੀ ਸਾਹਿਤ ਰਤਨ ਡਾ. ਤੇਜਵੰਤ ਸਿੰਘ ਮਾਨ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ, ਅਭਿਨੰਦਨ ਗ੍ਰੰਥ ਦੇ ਮੁੱਖ ਸੰਪਾਦਕ ਡਾ. ਬਲਦੇਵ ਸਿੰਘ ਬੱਦਨ ਸਹਾਇਕ ਸੰਪਾਦਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਸਾਬਕਾ ਪ੍ਰਿੰਸੀਪਲ ਸੰਜੀਵ ਕਾਲੀਆ ਹੋਣਗੇ । ਡਾ. ਅਮਰ ਕੋਮਲ ਦੇ ਜੀਵਨ ਅਤੇ ਰਚਨਾ ਬਾਰੇ ਪ੍ਰੋਫੈਸਰ ਜਗੀਰ ਸਿੰਘ ਢੇਸਾ, ਡਾ. ਸੁਦਰਸ਼ਨ ਗਾਸੋ, ਡਾ. ਕਮਲਜੀਤ ਕੌਰ ਬਾਂਗਾ, ਭੋਲਾ ਸਿੰਘ ਸੰਘੇੜਾ, ਤੇਜਾ ਸਿੰਘ ਤਿਲਕ ਅਤੇ ਡਾ. ਤਰਸਪਾਲ ਕੌਰ (ਬਰਨਾਲਾ) ਵਿਚਾਰ ਸਾਂਝੇ ਕਰਨਗੇ। ਸਮਾਗਮ ਵਿੱਚ ਲੇਖਕ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ । ਸਭਾ ਵੱਲੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਮੂਹ ਲੇਖਕਾਂ ਨੂੰ ਪੁੱਜਣ ਲਈ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ ।
Punjab Bani 19 March,2025
ਦਰਾਣੀ-ਜੇਠਾਣੀ ਦਾ ਰਿਸ਼ਤਾ
ਦਰਾਣੀ-ਜੇਠਾਣੀ ਦਾ ਰਿਸ਼ਤਾ ਜਨਮ ਤੋਂ ਹੀ ਹਰ ਇਨਸਾਨ ਦਾ ਕੋਈ ਨਾ ਕੋਈ ਰਿਸ਼ਤਾ ਜੁੜਨਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਉਹ ਉਮਰ ਦੀਆਂ ਪੁਲਾਂਘਾਂ ਪੁੱਟਦਾ ਜਾਂਦਾ ਹੈ, ਉਸਦੇ ਰਿਸ਼ਤੇ ਵਧਦੇ ਹੀ ਜਾਂਦੇ ਹਨ। ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਬਾਅਦ ਤਾਂ ਉਸ ਰਿਸ਼ਤੇ ਕਈ ਰੂਪਾਂ ਵਿੱਚ ਬਣਦੇ ਜਾਂਦੇ ਹਨ ।ਖਾਸ ਕਰਕੇ ਇੱਕ ਕੁੜੀ ਦੇ ਵਿਆਹ ਤੋਂ ਬਾਅਦ ਅਨੇਕਾਂ ਰਿਸ਼ਤੇ ਬਣਦੇ ਹਨ। ਜਿਵੇਂ- ਨੂੰਹ ,ਭਰਜਾਈ , ਦਰਾਣੀ ,ਜੇਠਾਣੀ ਆਦਿ । ਅਸੀਂ ਇਸ ਲੇਖ ਵਿੱਚ ਦਰਾਣੀ ਜੇਠਾਣੀ ਦੇ ਰਿਸ਼ਤੇ ਬਾਰੇ ਗੱਲ ਕਰਾਂਗੇ। ਦਰਾਣੀ ਜੇਠਾਣੀ ਦਾ ਰਿਸ਼ਤਾ ਬਹੁਤ ਹੀ ਪਿਆਰਾ ਰਿਸ਼ਤਾ ਹੈ ।ਇਸ ਰਿਸ਼ਤੇ ਵਿੱਚ ਸਮਾਨਤਾ ਇਹ ਹੈ ਕਿ ਇਹ ਦੋਵਾਂ ਧਿਰਾਂ ਦਾ ਸੰਬੰਧ ਇਕੋ ਜਿਹੇ ਪਿਛੋਕੜ ਨਾਲ ਹੁੰਦਾ ਹੈ। ਕਿਉਂਕਿ ਦੋਵਾਂ ਨੂੰ ਹੀ ਆਪਣੇ ਸਹੁਰੇ ਪਰਿਵਾਰ ਵਿੱਚ ਆਪਣੇ ਪੇਕਿਆਂ ਨੂੰ ਛੱਡ ਕੇ ਆਉਣਾ ਹੁੰਦਾ ਹੈ । ਜੇਠਾਣੀ ਜੋ ਪਹਿਲਾਂ ਤੋਂ ਹੀ ਸਹੁਰੇ ਪਰਿਵਾਰ ਵਿੱਚ ਵਸ ਰਹੀ ਹੁੰਦੀ ਹੈ ਅਤੇ ਸਹੁਰੇ ਪਰਿਵਾਰ ਦੀਆਂ ਚੰਗੀਆਂ ਮਾੜੀਆਂ ਆਦਤਾਂ ਤੋਂ ਚੰਗੀ ਤਰਾਂ ਵਾਕਿਫ਼ ਹੁੰਦੀ ਹੈ ।ਫਿਰ ਜਦੋਂ ਉਸ ਦੀ ਦਰਾਣੀ ਵਿਆਹ ਉਪਰੰਤ ਘਰ ਆਉਂਦੀ ਹੈ ਤਾਂ ਉਸਦਾ ਫਰਜ਼ ਹੈ ਕਿ ਉਹ ਆਪਣੇ ਸਹੁਰੇ ਪਰਿਵਾਰ ਦੇ ਜੀਆਂ ਬਾਰੇ ਉਸ ਨੂੰ ਚੰਗਾ ਅਤੇ ਸਕਾਰਾਤਮਕ ਗੁਣਾਂ ਤੋਂ ਜਾਣੂ ਕਰਵਾਏ ਤਾਂ ਜੋ ਉਹ ਉਨਾਂ ਦੇ ਸੁਭਾਅ ਅਤੇ ਉਮੀਦਾਂ ਮੁਤਾਬਕ ਪੂਰੀ ਤਰਾਂ ਉਤਰਨ ਵਿੱਚ ਸਫਲ ਹੋਵੇ। ਇਹ ਆਮ ਦੇਖਿਆ ਜਾਂਦਾ ਹੈ ਕਿ ਅੱਜ ਕੱਲ ਇਕਹਿਰੇ ਪਰਿਵਾਰਾਂ ਦਾ ਵਧੇਰੇ ਰੁਝਾਨ ਹੋ ਚੁੱਕਾ ਹੈ ।ਛੋਟੇ ਪਰਿਵਾਰ ਹੋਣ ਕਾਰਨ ਬਹੁਤੇ ਘਰਾਂ ਵਿੱਚ ਦਰਾਣੀ ਜੇਠਾਣੀ ਦਾ ਰਿਸ਼ਤਾ ਹੁੰਦਾ ਹੀ ਨਹੀਂ ਹੈ ।ਜਿਸ ਨਾਲ ਇਸ ਰਿਸ਼ਤੇ ਦੀ ਮਿਠਾਸ ਅਤੇ ਅਹਿਮੀਅਤ ਦਾ ਪਤਾ ਹੀ ਨਹੀਂ ਚੱਲ ਸਕਦਾ। ਜੇਕਰ ਅਸੀਂ ਇੱਕ ਦਹਾਕੇ ਪਹਿਲਾਂ ਝਾਤ ਮਾਰੀਏ ਤਾਂ ਬਹੁਤੇ ਪਰਿਵਾਰਾਂ ਵਿੱਚ ਦਰਾਣੀ ਜੇਠਾਣੀ ਦਾ ਰਿਸ਼ਤਾ ਬਣਨਾ ਤੈਅ ਹੁੰਦਾ ਸੀ ।ਕਿਉਂਕਿ ਪਰਿਵਾਰ ਵਿੱਚ ਦੋ ਤੋਂ ਵੱਧ ਭਰਾਵਾਂ ਦੇ ਹੋਣ ਕਾਰਨ ਦਰਾਣੀ ਜੇਠਾਣੀ ਦਾ ਰਿਸ਼ਤਾ ਆਮ ਹੀ ਸੀ ।ਇਹ ਪਰਿਵਾਰ ਇਕੱਠੇ ਹੀ ਰਹਿਣ ਵਿੱਚ ਵਿਸ਼ਵਾਸ ਰੱਖਦੇ ਸਨ। ਸਾਰੇ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਦੇ ਸਨ ।ਬੱਚੇ ਵੀ ਆਪਣੇ ਤਾਈ ਚਾਚੀ ਦੇ ਰਿਸ਼ਤੇ ਬਾਖੂਬੀ ਸਮਝ ਜਾਂਦੇ ਸਨ। ਸਮੇਂ ਦੇ ਬਦਲਾਅ ਨਾਲ ਹੁਣ ਰਿਸ਼ਤਾ ਖਤਮ ਹੁੰਦਾ ਜਾ ਰਿਹਾ। ਕਿਉਂਕਿ ਸੀਮਤ ਪਰਿਵਾਰ ਹੋਣ ਕਾਰਨ ਇਹ ਰਿਸ਼ਤਾ ਬਣ ਹੀ ਨਹੀਂ ਪਾਉਂਦਾ ।ਪਰ ਇਸ ਰਿਸ਼ਤੇ ਨੂੰ ਬਣਾਈ ਰੱਖਣ ਲਈ ਅਸੀਂ ਆਪਣੇ ਦੂਰ ਦੇ ਰਿਸ਼ਤਿਆਂ ਵਿੱਚ ਇਸ ਨੂੰ ਬਣਾਈ ਰੱਖਣ ਦੀ ਤਰਜੀਹ ਦੇਣੀ ਚਾਹੀਦੀ ਹੈ । ਦਰਾਣੀ ਜੇਠਾਣੀ ਦੇ ਰਿਸ਼ਤੇ ਨੂੰ ਦਰਸਾਉਂਦੀਆਂ ਅਨੇਕਾਂ ਬੋਲੀਆਂ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਵੀ ਹਨ ਜਿਵੇਂ -ਮਧਾਣੀਆਂ, ਮਧਾਣੀਆਂ ਮਧਾਣੀਆਂ ਨੀ ਪੇਕੇ ਦੋਵੇਂ ਭੈਣਾਂ ਨੱਚੀਆਂ ਸਹੁਰੇ ਨੱਚੀਆਂ ਦਰਾਣੀਆਂ ਜੇਠਾਣੀਆਂ ...। ਇਸ ਰਿਸ਼ਤੇ ਨੂੰ ਭੈਣਾਂ ਜਿਹਾ ਰਿਸ਼ਤਾ ਮੰਨਿਆ ਜਾਂਦਾ ਹੈ। ਜੇਕਰ ਜੇਠਾਣੀ ਆਪਣੀ ਦਰਾਣੀ ਨੂੰ ਛੋਟੀ ਭੈਣ ਸਮਝਦੀ ਹੈ ਤਾਂ ਦਰਾਣੀ ਨੂੰ ਵੀ ਆਪਣੀ ਜੇਠਾਣੀ ਨੂੰ ਤਜਰਬੇ ਅਤੇ ਮੱਤ ਨੂੰ ਅਪਣਾ ਕੇ ਸਤਿਕਾਰ ਅਤੇ ਮਾਣ ਦੇਣਾ ਚਾਹੀਦਾ ਹੈ। ਦੋਵੇਂ ਆਪਸੀ ਸਮਝ ਨਾਲ ਸਹੁਰੇ ਪਰਿਵਾਰ ਵਿੱਚ ਇੱਕ ਵਧੀਆ ਗ੍ਰਹਿਸਤ ਜੀਵਨ ਜਾਂਚ ਸਿੱਖ ਕੇ ਮਿਸਾਲ ਤਿਆਰ ਕਰ ਸਕਦੀਆਂ ਹਨ। ਇਸ ਰਿਸ਼ਤੇ ਵਿੱਚ ਕਈ ਵਾਰ ਖੂਬ ਹਾਸਾ ਮਜ਼ਾਕ ਵੀ ਹੁੰਦਾ ਰਹਿੰਦਾ ਹੈ ।ਉਹ ਇੱਕ ਦੂਜੇ ਦੇ ਪਤੀ ਤੇ ਟਿੱਕਾ ਟਿੱਪਣੀ ਕਰਦੀਆਂ ਰਹਿੰਦੀਆਂ ਹਨ । ਜਿਵੇਂ ਇੱਕ ਬੋਲੀ... ਛੋਲੇ ਛੋਲੇ ,ਛੋਲੇ ਨੀ ਇਹ ਵੀ ਦੁੱਖ ਮੇਰੀ ਜਾਨ ਨੂੰ ਮੇਰਾ ਜੇਠ ਨਾ ਜੇਠਾਣੀ ਨਾਲੇ ਬੋਲੇ..... ਇੱਕ ਹੋਰ.... ਜੇਠ ਤਾਂ ਚਲਿਆ ਨੌਕਰੀ, ਜੇਠਾਣੀ ਦਾ ਮੂੰਹ ਬੱਗਾ, ਜੇਠਾਣੀਏ ਥਾਲੀ ਵਿੱਚ ਭੂਬਕਾ ਵੱਜਾ.... ਜੇਠ ਤਾਂ ਚੱਲਿਆ ਨੌਕਰੀ ਜੇਠਾਣੀ ਦਾ ਮੂੰਹ ਬੱਗਾ .. ਜੇਠਾਣੀਏ ਭੂਬਕੇ ਦਾ ਹੁਣ ਪਤਾ ਲੱਗਾ.....। ਜੇਕਰ ਦੋਵੇਂ ਦਰਾਣੀ ਜੇਠਾਣੀ ਘਰੇਲੂ ਹਨ ਤਾਂ ਵੀ ਉਹ ਘਰ ਦੇ ਕੰਮਾਂ ਨੂੰ ਸਾਂਝੇ ਤੌਰ ਤੇ ਕਰਨ ਲਈ ਤਿਆਰ ਹੋਣ । ਜੇਕਰ ਉਹਨਾਂ ਵਿੱਚੋਂ ਇੱਕ ਕੰਮ ਕਾਜੀ ਭਾਵ ਨੌਕਰੀ ਪੇਸ਼ੇ ਵਾਲੀ ਹੈ ਤਾਂ ਉਹ ਵੀ ਸੁਵਿਧਾ ਅਨੁਸਾਰ ਘਰਦੇ ਕੰਮਾਂ ਨੂੰ ਵੰਡ ਕੇ ਕਰੇ। ਤਾਂ ਜੋ ਘਰ ਵਿੱਚ ਰਹਿਣ ਵਾਲੀ ਨੂੰ ਜ਼ਿਆਦਾ ਬੋਝ ਨਾ ਲੱਗੇ। ਇੱਕ ਦੂਜੇ ਦੀਆਂ ਲੋੜਾਂ ਅਤੇ ਖਵਾਇਸ਼ਾਂ ਨੂੰ ਦੇਖਦੇ ਹੋਏ ਸਮੇਂ ਸਮੇਂ ਤੇ ਪੂਰਤੀ ਵੀ ਕਰਨ। ਜਿਸ ਨਾਲ ਆਪਸੀ ਪਿਆਰ ਅਤੇ ਸਨੇਹ ਬਰਕਰਾਰ ਰਹੇਗਾ ਅਤੇ ਉਹ ਆਪਸੀ ਹੀਣ ਭਾਵਨਾ ਤੋਂ ਵੀ ਦੂਰ ਰਹਿਣਗੀਆਂ। ਜੇਕਰ ਦੋਵੇਂ ਪਿਆਰ ਅਤੇ ਇਤਫ਼ਾਕ ਰਹਿੰਦੀਆਂ ਹਨ ਤਾਂ ਉਹਨਾਂ ਅੰਦਰ ਆਪਣੇ ਸਹੁਰੇ ਪਰਿਵਾਰ ਵਿੱਚ ਹਰ ਦੁੱਖ -ਸੁੱਖ ਨੂੰ ਸਾਂਝੇ ਤੌਰ ਤੇ ਸਹਿਣ ਦੀ ਸਮਰੱਥਾ ਵੀ ਵਧੇਗੀ। ਸੋ ਇਸ ਰਿਸ਼ਤੇ ਨੂੰ ਪਿਆਰ ਅਤੇ ਸਤਿਕਾਰ ਨਾਲ ਨਿਭਾਉਣ ਨਾਲ ਜਿੱਥੇ ਸਾਡੇ ਸਮਾਜ ਨੂੰ ਮਿਲਵਰਤਣ ਦਾ ਇੱਕ ਚੰਗਾ ਸੁਨੇਹਾ ਮਿਲਦਾ ਹੈ ਉਥੇ ਸਾਡੇ ਸਭਿਆਚਾਰ ਦੀ ਵਿਲੱਖਣਤਾ ਤੇ ਅਮੀਰੀ ਵੀ ਕਾਇਮ ਰਹਿ ਸਕਦੀ ਹੈ। ਛੱਡ ਦੇ ਸ਼ਰੀਕਾ ਗੱਲਾਂ ਛੱਡੀਆਂ ਪੁਰਾਣੀਆਂ ,...। ਭੈਣਾਂ ਵਾਂਗੂੰ ਰਹਿੰਦੀਆਂ ਦਰਾਣੀਆਂ ਜੇਠਾਣੀਆਂ...। ਲੇਖਕ ਹਰਜਿੰਦਰ ਕੌਰ ਪਿੰਡ ਆਦਮਵਾਲ ਗੜੀ, ਜਿਲਾ ਹੁਸ਼ਿਆਰਪੁਰ-9417105175
Punjab Bani 19 March,2025
ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ ਲਈ ਪੁਸਤਕਾਂ ਦੀ ਮੰਗ
ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ ਲਈ ਪੁਸਤਕਾਂ ਦੀ ਮੰਗ -25 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ 30 ਅਪ੍ਰੈਲ ਤੱਕ ਦੇ ਸਕਦੇ ਹਨ ਬਿਨੈ-ਪੱਤਰ -ਪੁਰਸਕਾਰ ਵਿੱਚ ਇਕ ਲੱਖ ਰੁਪਏ ਨਕਦ, ਇਕ ਸਨਮਾਨ ਚਿੰਨ੍ਹ, ਸ਼ਾਲ ਆਦਿ ਦਿੱਤੇ ਜਾਣਗੇ ਪਟਿਆਲਾ, 11 ਮਾਰਚ : ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ ਲਈ ਪੁਸਤਕਾਂ ਦੀ ਮੰਗ ਕੀਤੀ ਗਈ ਹੈ । ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ ਮਨਾਏ ਜਾਣ ਵਾਲੇ ਪੰਜਾਬੀ ਮਾਹ ਦੌਰਾਨ ਉਕਤ ਪੁਰਸਕਾਰ ਵਿਜੇਤਾ ਨੂੰ ਪ੍ਰਦਾਨ ਕੀਤਾ ਜਾਵੇਗਾ । ਇਸ ਪੁਰਸਕਾਰ ਵਿੱਚ ਇਕ ਲੱਖ ਰੁਪਏ ਨਕਦ, ਇਕ ਸਨਮਾਨ ਚਿੰਨ੍ਹ, ਸ਼ਾਲ ਆਦਿ ਦਿੱਤੇ ਜਾਣਗੇ । ਉਕਤ ਪੁਰਸਕਾਰ ਲਈ 01 ਜਨਵਰੀ, 2024 ਤੋਂ 31 ਦਸੰਬਰ, 2024 ਤੱਕ ਛਪੀਆਂ ਪੰਜਾਬੀ ਭਾਸ਼ਾ ਦੀਆਂ ਕਿਸੇ ਵੀ ਵੰਨਗੀ ਦੀਆਂ ਪੁਸਤਕਾਂ ਦੀਆਂ ਚਾਰ ਪੁਸਤਕਾਂ ਬਿਨੈਪੱਤਰ ਸਮੇਤ ਦਸਤੀ ਜਾਂ ਡਾਕ ਰਾਹੀਂ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ 30 ਅਪ੍ਰੈਲ, 2025 ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ ।
ਪੁਰਸਕਾਰ ਮੁਕਾਬਲੇ ਦੇ ਆਧਾਰ ਤੇ ਦਿੱਤਾ ਜਾਵੇਗਾ : ਜ਼ਫ਼ਰ
ਸ. ਜ਼ਫ਼ਰ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਸਰਕਾਰ ਵੱਲੋਂ ਬਣਾਏ ਗਏ ਨਿਯਮ ਤਹਿਤ ਇਹ ਪੁਰਸਕਾਰ ਮੁਕਾਬਲੇ ਦੇ ਆਧਾਰ ਤੇ ਦਿੱਤਾ ਜਾਵੇਗਾ । ਮੁਕਾਬਲੇ ਵਿਚ ਭਾਗ ਲੈਣ ਲਈ ਕੇਵਲ ਉਹ ਪੁਸਤਕ ਹੀ ਸ਼ਾਮਲ ਕੀਤੀ ਜਾ ਸਕੇਗੀ ਜੋ ਅਧਿਸੂਚਿਤ ਸਮੇਂ/ਸਾਲ ਦੌਰਾਨ ਪ੍ਰਕਾਸ਼ਿਤ ਹੋਈ ਹੋਵੇ । ਕਿਸੇ ਵੀ ਵਿਧਾ ਦੀ ਪੰਜਾਬੀ ‘ਚ ਪੁਸਤਕ ਲਿਖਣ ਵਾਲਾ ਵਿਦਿਆਰਥੀ ਇਸ ਪੁਰਸਕਾਰ ਲਈ ਦਾਅਵੇਦਾਰ ਹੋ ਸਕਦਾ ਹੈ । ਵਿਦਿਆਰਥੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਅਤੇ ਪੜ੍ਹਦਾ ਹੋ ਸਕਦਾ ਹੈ । ਕਿਸੇ ਵੀ ਸਕੂਲ/ਕਾਲਜ/ਯੂਨੀਵਰਸਿਟੀ ਦਾ ਵਿਦਿਆਰਥੀ ਜਿਸ ਦੀ ਉਮਰ 25 ਸਾਲ ਤੋਂ ਘੱਟ ਹੋਵੇ, ਆਪਣੀ ਐਂਟਰੀ ਭੇਜ ਸਕਦਾ ਹੈ ।ਇਤਰਾਜ਼ਯੋਗ ਸਮੱਗਰੀ ਵਾਲੀਆਂ ਪੁਸਤਕਾਂ ਨੂੰ ਮੁਕਾਬਲੇ ਵਿਚ ਸ਼ਾਮਲ ਨਾ ਕੀਤਾ ਜਾਵੇ : ਜਸਵੰਤ
ਸਕੂਲ/ਕਾਲਜ ਦਾ ਪ੍ਰਿੰਸੀਪਲ/ਯੂਨੀਵਰਸਿਟੀ ਦੇ ਵਿਭਾਗ ਦਾ ਮੁਖੀ ਬਿਨੈ-ਪੱਤਰ ਦੇਣ ਵਾਲੇ ਵਿਦਿਆਰਥੀ ਦੀ ਪੁਸਤਕ ਦੀ ਮੌਲਿਕਤਾ ਸਬੰਧੀ ਸਰਟੀਫਿਕੇਟ ਦੇਵੇਗਾ । ਭਾਸ਼ਾ ਵਿਭਾਗ ਯਕੀਨੀ ਬਣਾਏਗਾ ਕਿ ਅਜਿਹੀਆਂ ਪੁਸਤਕਾਂ ਨੂੰ ਮੁਕਾਬਲੇ ਵਿਚ ਸ਼ਾਮਲ ਨਾ ਕੀਤਾ ਜਾਵੇ ਜਿਸ ਵਿਚ ਕੋਈ ਇਤਰਾਜ਼ਯੋਗ ਸਮੱਗਰੀ ਹੋਵੇ । ਆਮ ਤੌਰ ਤੇ ਮੁਲਾਂਕਣ ਤਿੰਨ ਵਿਦਵਾਨਾਂ ਤੋਂ ਕਰਵਾਇਆ ਜਾਵੇਗਾ ਪਰ ਲੋੜ ਪੈਣ ਤੇ ਡਾਇਰੈਕਟਰ, ਭਾਸ਼ਾ ਵਿਭਾਗ ਨੂੰ ਅਧਿਕਾਰ ਹੋਵੇਗਾ ਕਿ ਉਹ ਚੌਥਾ ਮੁਲਾਂਕਣ ਕਰਤਾ ਨਿਯੁਕਤ ਕਰ ਸਕਦਾ ਹੈ । ਇਨ੍ਹਾਂ ਨਿਯਮਾਂ ਵਿੱਚ ਕਿਸੇ ਵੀ ਸਮੇਂ ਤਬਦੀਲੀ ਕਰਨ ਸਬੰਧੀ ਸਰਕਾਰ ਦੇ ਹੱਕ ਰਾਖਵੇਂ ਹੋਣਗੇ । ਉਕਤ ਪੁਰਸਕਾਰ ਲਈ ਬਿਨੈ-ਪੱਤਰ ਦਾ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ www.bhashavibhagpunjab.org ਜਾਂ ਫੇਸਬੁੱਕ ਤੋਂ ਪ੍ਰਾਪਤ (ਡਾਊਨਲੋਡ) ਕੀਤਾ ਸਕਦਾ ਹੈ । Punjab Bani 11 March,2025
ਡਾ. ਆਤਮਜੀਤ ਨੇ ਕੀਤਾ ਆਪਣੇ ਨਵੇਂ ਨਾਟਕ ‘ਮੈਂ ਨਾਨਕ ਦੀ ਬਾਣੀ ਹਾਂ’ ਦਾ ਪਾਠ ਵਿਦਵਾਨਾਂ ਦੀਆਂ ਟਿੱਪਣੀਆਂ ਦੀ ਬਦੌਲਤ ਨਾਟਕ ਦੇ ਪਾਠ ਨੇ ਗੋਸ਼ਟੀ ਦਾ ਰੂਪ ਧਾਰਿਆ
ਡਾ. ਆਤਮਜੀਤ ਨੇ ਕੀਤਾ ਆਪਣੇ ਨਵੇਂ ਨਾਟਕ ‘ਮੈਂ ਨਾਨਕ ਦੀ ਬਾਣੀ ਹਾਂ’ ਦਾ ਪਾਠ ਵਿਦਵਾਨਾਂ ਦੀਆਂ ਟਿੱਪਣੀਆਂ ਦੀ ਬਦੌਲਤ ਨਾਟਕ ਦੇ ਪਾਠ ਨੇ ਗੋਸ਼ਟੀ ਦਾ ਰੂਪ ਧਾਰਿਆ ਪਟਿਆਲਾ 8 ਮਾਰਚ : ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਭਾਸ਼ਾ ਭਵਨ ਵਿਖੇ ਉੱਘੇ ਨਾਟਕਕਾਰ ਡਾ. ਆਤਮਜੀਤ ਦੇ ਨਾਟਕ ‘ਮੈਂ ਨਾਨਕ ਦੀ ਬਾਣੀ ਹਾਂ’ ਦਾ ਪਾਠ ਸਮਾਗਮ ਅਯੋਜਿਤ ਕੀਤਾ ਗਿਆ । ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਿੱਖ ਚਿੰਤਕ ਡਾ. ਬਲਕਾਰ ਸਿੰਘ ਨੇ ਕੀਤੀ ਅਤੇ ਕੈਨੇਡਾ ਵਸਦੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਪ੍ਰੇਮੀ ਬਲਦੇਵ ਸਿੰਘ ਬਾਠ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ । ਇਸ ਮੌਕੇ ਵੱਡੀ ਗਿਣਤੀ ’ਚ ਸਾਹਿਤ ਅਤੇ ਰੰਗਮੰਚ ਨਾਲ ਜੁੜੀਆਂ ਸ਼ਖਸ਼ੀਅਤਾਂ ਹਾਜ਼ਰ ਸਨ। ਨਾਟਕ ਦੇ ਪਾਠ ਤੋਂ ਬਾਅਦ ਪ੍ਰੋ. ਕਿਰਪਾਲ ਸਿੰਘ ਕਜਾਕ, ਡਾ. ਸੁਰਜੀਤ ਸਿੰਘ ਅਤੇ ਡਾ. ਅਤੈ ਸਿੰਘ ਦੀਆਂ ਟਿੱਪਣੀਆਂ ਨੇ ਸਮਾਗਮ ਨੂੰ ਨਾਟਕ ’ਤੇ ਗੋਸ਼ਟੀ ਦਾ ਰੂਪ ਦੇ ਦਿੱਤਾ । ਸ. ਜਸਵੰਤ ਸਿੰਘ ਜ਼ਫ਼ਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਕਿਸੇ ਵੀ ਸਾਹਿਤਕ ਕ੍ਰਿਤ ਦੀ ਨਿਰਖ-ਪਰਖ, ਸੋਧ ਅਤੇ ਮਿਆਰ ’ਚ ਵਾਧਾ ਕਰਨ ਲਈ ਅਜਿਹੇ ਸਮਾਗਮ ਅਤਿ ਜ਼ਰੂਰੀ ਹਨ। ਇਸੇ ਕਰਕੇ ਭਾਸ਼ਾ ਵਿਭਾਗ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਾਹਿਤਕ ਰਚਨਾਵਾਂ ਨੂੰ ਵੱਧ ਤੋਂ ਵੱਧ ਮਿਆਰੀ ਬਣਾਉਣ ਅਤੇ ਲੋਕਾਂ ਤੱਕ ਪਹੁੰਚਾਉਣ ਲਈ ਇਸ ਤਰ੍ਹਾਂ ਦੇ ਸਮਾਗਮ ਰਚਾਏ ਜਾਣ । ਡਾ. ਆਤਮਜੀਤ ਨੇ ਆਪਣੇ ਨਾਟਕ ‘ਮੈਂ ਨਾਨਕ ਦੀ ਬਾਣੀ ਹਾਂ’ ਦੇ ਪਾਠ ਦੌਰਾਨ ਵੱਖ-ਵੱਖ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਅਤੇ ਤਕਰੀਬਨ ਡੇਢ ਘੰਟੇ ਤੋਂ ਵੱਧ ਸਮੇਂ ਦੇ ਨਾਟਕ ਰਾਹੀਂ ਸਰੋਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਨਾਟਕ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਫ਼ਲਸਫੇ, ਸਿਧਾਂਤ ਅਤੇ ਸਮਾਜਿਕ ਸਰੋਕਾਰਾਂ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ। ਡਾ. ਬਲਕਾਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ’ਚ ਕਿਹਾ ਕਿ ਅਜਿਹੇ ਨਾਟਕ ਦਿਮਾਗ ਅਤੇ ਰੂਹ ਦੇ ਸੁਮੇਲ ਨਾਲ ਸਿਰਜੇ ਜਾਂਦੇ ਹਨ । ਇਹ ਨਾਟਕ ਬਾਣੀ ਦੇ ਸਿਧਾਂਤ ਤੇ ਫ਼ਲਸਫੇ ਨੂੰ ਸਮਝਾਉਣ ਦਾ ਵੱਡਾ ਉਪਰਾਲਾ ਹੈ। ਇਹ ਨਾਟਕ ਸਾਨੂੰ ਹਰ ਪੱਖੋਂ ਚੇਤਨ ਹੋਣ ਲਈ ਅੰਤਰਝਾਤ ਮਾਰਨ ਲਈ ਰਾਹ ਦਰਸਾਉਂਦਾ ਹੈ । ਉਨ੍ਹਾਂ ਕਿਹਾ ਕਿ ਡਾ. ਆਤਮਜੀਤ ਨੇ ਜਿੱਥੇ ਸਾਡੇ ਸੱਭਿਆਚਾਰਕ ਮੁਹਾਵਰੇ ਨੂੰ ਸਮਝਿਆ ਹੈ ਉੱਥੇ ਇਸ ਨਾਟਕ ਰਾਹੀਂ ਨਵਾਂ ਮੁਹਾਵਰਾ ਸਿਰਜਣ ਦੀ ਕੋਸ਼ਿਸ਼ ਵੀ ਕੀਤੀ ਹੈ। ਮੁੱਖ ਮਹਿਮਾਨ ਸ. ਬਲਦੇਵ ਸਿੰਘ ਬਾਠ ਕੈਨੇਡਾ ਨੇ ਕਿਹਾ ਕਿ ਉਹ ਭਾਵੇਂ ਵਿਦੇਸ਼ ’ਚ ਵਸਦੇ ਹਨ ਪਰ ਹਮੇਸ਼ਾ ਹੀ ਨਾਨਕ ਜੀ ਉਨ੍ਹਾਂ ਦੇ ਅੰਗ-ਸੰਗ ਰਹਿੰਦੇ ਹਨ ਭਾਵ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਸੰਦੇਸ਼ਾਂ ’ਤੇ ਅਮਲ ਕਰਨ ਦੀ ਕੋਸ਼ਿਸ਼ ’ਚ ਰਹਿੰਦੇ ਹਾਂ । ਉਨ੍ਹਾਂ ਪੰਜਾਬ ਦੀਆਂ ਅਜੋਕੀਆਂ ਰਾਜਨੀਤਿਕ ਤੇ ਸਮਾਜਿਕ ਪ੍ਰਸਥਿਤੀਆਂ ਨੂੰ ਨਾਟਕ ਨਾਲ ਜੋੜਕੇ ਦੇਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਟਕ ਦੇ ਮੰਚਨ ਲਈ ਉਹ ਕੈਨੇਡਾ ’ਚ ਪੇਸ਼ਕਾਰੀਆਂ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਹਨ । ਇਸ ਮੌਕੇ ਵਿਸ਼ੇਸ਼ ਟਿੱਪਣੀਕਾਰ ਵਜੋਂ ਪ੍ਰੋ. ਕਿਰਪਾਲ ਕਜਾਕ ਨੇ ਕਿਹਾ ਕਿ ਡਾ. ਆਤਮਜੀਤ ਨੇ ਸਦੀਆਂ ਪੁਰਾਣੀਆਂ ਰੂੜੀਵਾਦੀ ਪ੍ਰੰਪਰਾਵਾਂ ਨੂੰ ਕਟਾਕਸ਼ ਭਰੇ ਲਹਿਜੇ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਆਪਣੇ ਸੰਵਾਦਾਂ ਰਾਹੀਂ ਗੁਰਬਾਣੀ ਦੇ ਸੰਦੇਸ਼ਾਂ ਨੂੰ ਇੱਕ ਸੂਤਰ ’ਚ ਪਰੋਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ । ਅਜਿਹੇ ਗੰਭੀਰ ਵਿਸ਼ਿਆਂ ’ਤੇ ਨਾਟਕ ਲਿਖਣਾ ਬਹੁਤ ਹੀ ਦਲੇਰੀ ਵਾਲਾ ਕਾਰਜ ਹੈ। ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਅਜਿਹੇ ਨਾਟਕ ਨੂੰ ਜ਼ਜਬ ਕਰਨ ਲਈ ਸਮਾਂ ਲੱਗਦਾ ਹੈ। ਇਹ ਨਾਟਕ ਬਾਣੀ ਦੀ ਸਿਰਜਣਾ ਪਿੱਛੇ ਛੁਪੇ ਇਤਿਹਾਸ ਤੇ ਹਾਲਾਤਾਂ ਨੂੰ ਬਿਆਨ ਕਰਦਾ ਹੈ। ਨਾਲ ਹੀ ਇਹ ਨਾਟਕ ਨਾਨਕ ਨਾਮ ਲੇਵਾ ਲੋਕਾਂ ਨੂੰ ਕਈ ਪੱਖਾਂ ਤੋਂ ਸੁਚੇਤ ਕਰਦਾ ਹੈ । ਡਾ. ਅਤੈ ਸਿੰਘ ਨੇ ਕਿਹਾ ਕਿ ਡਾ. ਆਤਮਜੀਤ ਨੇ ਆਪਣੇ ਪਹਿਲਾ ਨਾਟਕਾਂ ’ਚ ਮਿੱਥਾਂ, ਇਤਿਹਾਸ ਤੇ ਪ੍ਰੰਪਰਾਵਾਂ ਨੂੰ ਨਾਲ ਰੱਖਿਆ ਹੈ ਪਰ ਨਵੇਂ ਨਾਟਕ ਰਾਹੀਂ ਉਨ੍ਹਾਂ ਨੇ ਬਹੁਤ ਸਾਰੀਆਂ ਪ੍ਰੰਪਰਾਵਾਂ ਤੇ ਮਿੱਥਾਂ ਨੂੰ ਤੋੜਿਆ ਹੈ । ਅਖੀਰ ਵਿੱਚ ਡਾ. ਆਤਮਜੀਤ ਅਤੇ ਦੋਨੋਂ ਮਹਿਮਾਨਾਂ ਨੂੰ ਵਿਭਾਗ ਵੱਲੋਂ ਸ਼ਾਲਾਂ ਅਤੇ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨ ਦਿੱਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਤੇ ਅਸ਼ਰਫ ਮਹਿਮੂਦ ਨੰਦਨ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਆਲੋਕ ਚਾਵਲਾ, ਸੁਰਿੰਦਰ ਕੌਰ ਤੇ ਜਸਪ੍ਰੀਤ ਕੌਰ, ਸ਼੍ਰੋਮਣੀ ਬਾਲ ਲੇਖਕ ਦਰਸ਼ਨ ਸਿੰਘ ਆਸ਼ਟ, ਕੈਨੇਡਾ ਤੋਂ ਸੁਰਜੀਤ ਸਿੰਘ ਬਾਠ, ਸੁਰਿੰਦਰ ਕੌਰ ਬਾਠ, ਰੇਸ਼ਮ ਕੌਰ ਬਾਠ, ਰੰਗਮੰਚ ਨਾਲ ਜੁੜੀਆਂ ਸ਼ਖਸ਼ੀਅਤਾਂ ਮੋਹਨ ਕੰਬੋਜ਼, ਹਰਜੀਤ ਕੈਂਥ, ਰਾਜੇਸ਼ ਸ਼ਰਮਾ, ਕਵਿਤਾ ਸ਼ਰਮਾ ਅਤੇ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ ।
Punjab Bani 08 March,2025
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ ਅੱਜ 9 ਮਾਰਚ ਨੂੰ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ ਅੱਜ 9 ਮਾਰਚ ਨੂੰ ਗੁਰਪ੍ਰੀਤ ਸਿੰਘ ਜਖਵਾਲੀ ਦਾ ਬਾਲ ਕਾਵਿ ਸੰਗ੍ਰਹਿ ‘ਪੰਛੀ ਤੇ ਕੁਦਰਤ‘ ਹੋਵੇਗਾ ਰਿਲੀਜ਼ ਪਟਿਆਲਾ : ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅੱਜ 9 ਮਾਰਚ, 2025 ਦਿਨ ਐਤਵਾਰ ਨੂੰ ਸਵੇਰੇ ਠੀਕ 10 ਵਜੇ ਭਾਸ਼ਾ ਵਿਭਾਗ,ਪੰਜਾਬ,ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ । ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ ਦਰਸ਼ਨ ਸਿੰਘ ‘ਆਸ਼ਟ ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਸਮਾਗਮ ਵਿਚ ਜਾਣੇ ਪਛਾਣੇ ਕਲਮਕਾਰ ਗੁਰਪ੍ਰੀਤ ਸਿੰਘ ਜਖਵਾਲੀ ਰਚਿਤ ਪਲੇਠੇ ਬਾਲ ਕਾਵਿ ਸੰਗ੍ਰਹਿ ‘ਪੰਛੀ ਤੇ ਕੁਦਰਤ* ਦਾ ਲੋਕ ਅਰਪਣ ਕੀਤਾ ਜਾਵੇਗਾ।ਇਸ ਸਮਾਗਮ ਦੇ ਮੁੱਖ ਮਹਿਮਾਨ ਉਘੇ ਬਾਲ ਸਾਹਿਤ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ (ਚੰਡੀਗੜ੍ਹ) ਹੋਣਗੇ ਅਤੇ ਪ੍ਰਧਾਨਗੀ ਉਘੀ ਪੰਜਾਬੀ ਲੇਖਿਕਾ ਪਰਮਜੀਤ ਕੌਰ ਸਰਹਿੰਦ ਕਰਨਗੇ।ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਕਲਮਕਾਰ ਸੁਕੀਰਤੀ ਭਟਨਾਗਰ,ਬਲਬੀਰ ਸਿੰਘ ਬੱਬੀ ਤੋਂ ਇਲਾਵਾ ਪ੍ਰਿੰਸੀਪਲ ਰੰਧਾਵਾ ਸਿੰਘ ਅਤੇ ਗੁਰਦੀਪ ਸਿੰਘ ਸਰਪੰਚ ਜਖਵਾਲੀ ਸ਼ਾਮਿਲ ਹੋਣਗੇ । ਇਸ ਦੌਰਾਨ ਜਖਵਾਲੀ ਦੀ ਪੁਸਤਕ ਉਪਰ ਮੁੱਖ ਪੇਪਰ ਬਾਲ ਸਾਹਿਤ ਲੇਖਕ ਸੁਖਦੇਵ ਸਿੰਘ ਸ਼ਾਂਤ ਪੜ੍ਹਨਗੇ ਜਦੋਂ ਕਿ ਬਾਜ਼ ਸਿੰਘ ਮਹਿਲੀਆ ਅਤੇ ਸੇਵਾਮੁਕਤ ਬੀ. ਪੀ. ਈ. ਓ. ਪਰਮਜੀਤ ਕੌਰ ਚਰਚਾ ਕਰਨਗੇ । ਇਸ ਸਮਾਗਮ ਵਿਚ ਪੁੱਜੇ ਲੇਖਕ ਵੀ ਆਪਣੀਆਂ ਲਿਖਤਾਂ ਸਾਂਝੀਆਂ ਕਰਨਗੇ । ਸਭਾ ਦੇ ਸਰਪ੍ਰਸਤ ਡਾਗੁਰਬਚਨ ਸਿੰਘ ਰਾਹੀ ਅਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਸਮੇਤ ਸਮੁੱਚੀ ਕਾਰਜਕਾਰਨੀ ਨੇ ਲੇਖਕਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ।
Punjab Bani 08 March,2025
ਖ਼ਾਲਸਾ ਕਾਲਜ ਪਟਿਆਲਾ ਵਿਖੇ ਡਾ. ਧਰਮਿੰਦਰ ਸਿੰਘ ਉੱਭਾ ਦਾ ਕਾਵਿ-ਸੰਗ੍ਰਹਿ ‘ਉੱਠਣ ਸਾਰ’ ਰਿਲੀਜ਼
ਖ਼ਾਲਸਾ ਕਾਲਜ ਪਟਿਆਲਾ ਵਿਖੇ ਡਾ. ਧਰਮਿੰਦਰ ਸਿੰਘ ਉੱਭਾ ਦਾ ਕਾਵਿ-ਸੰਗ੍ਰਹਿ ‘ਉੱਠਣ ਸਾਰ’ ਰਿਲੀਜ਼ ਪਟਿਆਲਾ : ਅੱਜ ਖ਼ਾਲਸਾ ਕਾਲਜ ਪਟਿਆਲਾ ਵਿਖੇ ਇੱਕ ਸਾਹਿਤਕ ਸਮਾਗਮ ਦੌਰਾਨ ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੇ ਕਾਵਿ ਸੰਗ੍ਰਹਿ ‘ਉੱਠਣ ਸਾਰ’ ਨੂੰ ਰਿਲੀਜ਼ ਕੀਤਾ ਗਿਆ । ਇਹ ਸਮਾਗਮ ਸਾਹਿਤ ਪ੍ਰੇਮੀਆਂ ਅਤੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਮੌਕਾ ਸਾਬਤ ਹੋਇਆ, ਜਿਸ ਵਿੱਚ ਪੰਜਾਬੀ ਸਾਹਿਤ ਦੀ ਗਹਿਰਾਈ ਅਤੇ ਸੰਵੇਦਨਸ਼ੀਲਤਾ ਨੂੰ ਮਹਿਸੂਸ ਵੀ ਕੀਤਾ ਗਿਆ ਅਤੇ ਇਸ ਬਾਰੇ ਚਰਚਾ ਵੀ ਕੀਤੀ ਗਈ। ਵਰਨਣਯੋਗ ਹੈ ਕਿ ਇਸ ਕਾਵਿ ਸੰਗ੍ਰਹਿ ਤੋਂ ਪਹਿਲਾਂ ਡਾ. ਉੱਭਾ ਛੇ ਕਾਵਿ ਸੰਗ੍ਰਹਿ ਛਪ ਚੁੱਕੇ ਹਨ । ਇਸ ਮੌਕੇ ਡਾ. ਧਰਮਿੰਦਰ ਸਿੰਘ ਉੱਭਾ ਦੇ ਕਾਵਿਕ ਸਫਰ ਸਬੰਧੀ ਵਿਚਾਰ ਪੇਸ਼ ਕਰਦੇ ਹੋਏ ਡਾ. ਦਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ‘ਉੱਠਣ ਸਾਰ’ ਦੀਆਂ ਕਵਿਤਾਵਾਂ ਦੀ ਸਾਹਿਤਕ ਮਹੱਤਤਾ ’ਤੇ ਰੌਸ਼ਨੀ ਪਾਈ । ਉਨ੍ਹਾਂ ਕਿਹਾ ਕਿ ਇਹ ਕਾਵਿ ਸੰਗ੍ਰਹਿ ਡਾ. ਉੱਭਾ ਦੀ ਸੰਵੇਦਨਸ਼ੀਲਤਾ ਅਤੇ ਜੀਵਨ ਦੇ ਬਾਰੀਕ ਪਹਿਲੂਆਂ ਨੂੰ ਸ਼ਬਦਾਂ ਵਿੱਚ ਪਰੋਣ ਦੀ ਕਲਾ ਦਾ ਸ਼ਾਨਦਾਰ ਨਮੂਨਾ ਹੈ । ਉਨ੍ਹਾਂ ਅੱਗੇ ਕਿਹਾ ਕਿ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਰੋਜ਼ਾਨਾ ਜੀਵਨ ਦੇ ਅਨੁਭਵਾਂ ਨੂੰ ਗਹਿਰੇ ਫ਼ਲਸਫ਼ੇ ਨਾਲ ਜੋੜਿਆ ਗਿਆ ਹੈ, ਜੋ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ । ਸਮਾਗਮ ਦੌਰਾਨ ਡਾ. ਧਰਮਿੰਦਰ ਸਿੰਘ ਉੱਭਾ ਨੇ ਆਪਣੀ ਕਾਵਿਕ ਯਾਤਰਾ ਬਾਰੇ ਗੱਲਬਾਤ ਕੀਤੀ । ਉਨ੍ਹਾਂ ਦੱਸਿਆ ਕਿ ‘ਉੱਠਣ ਸਾਰ’ ਉਨ੍ਹਾਂ ਦੇ ਅਨੁਭਵਾਂ, ਵਿਚਾਰਾਂ ਅਤੇ ਜੀਵਨ ਦੇ ਉਤਾਰ-ਚੜ੍ਹਾਵਾਂ ਦਾ ਪ੍ਰਤੀਬਿੰਬ ਹੈ । ਉਨ੍ਹਾਂ ਨੇ ਆਪਣੀਆਂ ਕੁਝ ਚੁਣੀਆਂ ਹੋਈਆਂ ਕਵਿਤਾਵਾਂ ਵੀ ਸੁਣਾਈਆਂ, ਜਿਨ੍ਹਾਂ ਨੂੰ ਸਰੋਤਿਆਂ ਨੇ ਖ਼ੂਬ ਸਰਾਹਿਆ। ਇਨ੍ਹਾਂ ਕਵਿਤਾਵਾਂ ਵਿੱਚ ਜਿੱਥੇ ਇੱਕ ਪਾਸੇ ਜੀਵਨ ਦੀ ਸਾਦਗੀ ਦਾ ਬਿਆਨ ਸੀ, ਉੱਥੇ ਹੀ ਸਮਾਜਿਕ ਮੁੱਦਿਆਂ ਦਾ ਗੰਭੀਰ ਚਿੰਤਨ ਵੀ ਸੀ। ਇਸ ਮੌਕੇ ਖ਼ਾਲਸਾ ਕਾਲਜ ਦੇ ਸੀਨੀਅਰ ਸਟਾਫ ਮੈਂਬਰਾਂ ਨੇ ਡਾ. ਉੱਭਾ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ । ਇਹ ਸਮਾਗਮ ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਖ਼ਾਲਸਾ ਕਾਲਜ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ । ‘ਉੱਠਣ ਸਾਰ’ ਦੀ ਰਿਲੀਜ਼ ਨਾਲ ਡਾ. ਧਰਮਿੰਦਰ ਸਿੰਘ ਉੱਭਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਕੇਵਲ ਇੱਕ ਸਮਰੱਥ ਸਿੱਖਿਅਕ ਅਤੇ ਪ੍ਰਬੰਧਕ ਹੀ ਨਹੀਂ ਹਨ, ਸਗੋਂ ਇੱਕ ਸੰਵੇਦਨਸ਼ੀਲ ਕਵੀ ਵੀ ਹਨ, ਜਿਨ੍ਹਾਂ ਦੀਆਂ ਰਚਨਾਵਾਂ ਸਮਾਜ ਦਾ ਆਈਨਾ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸਵਰਨਜੀਤ ਕੌਰ ਉੱਭਾ, ਕੁਨਾਲ ਰਹੇਜਾ, ਸਿਰਜਣਦੀਪ ਕੌਰ, ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ, ਵਾਇਸ ਪਿ੍ਰੰਸੀਪਲ ਡਾ. ਹਰਵਿੰਦਰ ਕੌਰ ਤੇ ਡਾ. ਗੁਰਮੀਤ ਸਿੰਘ ਤੋਂ ਇਲਾਵਾ ਵੱਖ-ਵੱਖ ਫੈਕਲਟੀ ਦੇ ਡੀਨ ਸਾਹਿਬਾਨ ਅਤੇ ਸੀਨੀਅਰ ਸਟਾਫ ਮੈਂਬਰ ਵੀ ਹਾਜ਼ਰ ਸਨ ।
Punjab Bani 05 March,2025
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ` ਨਾਲ ਭਾਈ ਕਾਨ੍ਹ ਸਿੰਘ ਨਾਭਾ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਰੂ-ਬ-ਰੂ
ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ` ਨਾਲ ਭਾਈ ਕਾਨ੍ਹ ਸਿੰਘ ਨਾਭਾ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਰੂ-ਬ-ਰੂ ਸਕੂਲ ਰਿਸਾਲਾ ‘ਸੋਚ ਉਡਾਰੀ` ਦਾ ਲੋਕ ਅਰਪਣ ਪਟਿਆਲਾ, 25 ਫਰਵਰੀ, ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਖੇ ਕਾਰਜਸ਼ੀਲ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ` ਨਾਲ ਭਾਈ ਕਾਨ੍ਹ ਸਿੰਘ ਨਾਭਾ ਪੀ. ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨਾਭਾ ਵਿਖੇ ਵਿਦਿਆਰਥਣਾਂ ਨਾਲ ਰੂਬਰੂ ਕਰਵਾਇਆ ਗਿਆ । ਇਸ ਸਮਾਗਮ ਵਿਚ ਸਕੂਲ ਦੇ ਪ੍ਰਿੰਸੀਪਲ ਸ਼ੈਲੇਂਦਰ ਸ਼ਰਮਾ, ਆਫ਼ੀਸ਼ੀਏਟਿੰਗ ਪ੍ਰਿੰਸੀਪਲ ਗੁਰਦੀਪ ਸਿੰਘ ਸੇਖੋਂ,ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਮਲਕੀਤ ਐਗਰੋ ਟੈੱਕ ਪ੍ਰਾਈ. ਲਿਮ. ਨਾਭਾ ਦੇ ਐਮ. ਡੀ. ਚਰਨ ਸਿੰਘ, ਸਕੂਲੀ ਰਿਸਾਲੇ ਸੋਚ ਉਡਾਰੀ` ਦੇ ਮੁਖ ਸੰਪਾਦਕ ਲੈਕਚਰਾਰ ਪੰਜਾਬੀ ਹਰਜੀਤ ਕੌਰ ਅਤੇ ਪੰਜਾਬੀ ਵਿਭਾਗ ਦੇ ਸੰਪਾਦਕ ਅਤੇ ਸਟੇਟ ਐਵਾਰਡੀ ਮਾਸਟਰ ਸੁਰਜੀਤ ਸਿੰਘ ਖਾਂਗ ਆਦਿ ਸ਼ਾਮਿਲ ਸਨ । ਸਮਾਗਮ ਵਿਚ ਸਭ ਤੋਂ ਪਹਿਲਾਂ ਪ੍ਰਿੰ. ਸ਼ੈਲੇਂਦਰ ਸ਼ਰਮਾ ਨੇ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ । ਉਪਰੰਤ ਸਮੂਹ ਪ੍ਰਧਾਨਗੀ ਮੰਡਲ ਸਕੂਲ ਰਿਸਾਲਾ ‘ਸੋਚ ਉਡਾਰੀ` ਦਾ ਲੋਕ ਅਰਪਣ ਕੀਤਾ ਗਿਆ ਜਿਸ ਵਿਚ ਸਮੁੱਚਾ ਸੰਪਾਦਕੀ ਬੋਰਡ ਸਮੇਤ ਵਿਦਿਆਰਥੀ ਸੰਪਾਦਕਾਂ ਦੇ ਸ਼ਾਮਿਲ ਹੋਇਆ । ਇਸ ਮੌਕੇ ਆਫੀਸ਼ੀਏਟਿੰਗ ਪ੍ਰਿੰ. ਗੁਰਦੀਪ ਸਿੰਘ ਸੇਖੋਂ, ਦਰਸ਼ਨ ਸਿੰਘ ਬੁੱਟਰ ਅਤੇ ਚਰਨ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।ਮਾਸਟਰ ਸੁਰਜੀਤ ਸਿੰਘ ਖਾਂਗ ਨੇ ਰਿਸਾਲੇ ਬਾਰੇ ਵਿਸਤਾਰ ਪੂਰਵਕ ਚਾਨਣਾ ਪਾਉਂਦਿਆਂ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਦੇ ਨਾਲ ਨਾਲ ਵਿਸ਼ੇਸ਼ ਤੌਰ ਬੱਚਿਆਂ ਵਿਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਇਸ ਰਿਸਾਲੇ ਦਾ ਸੰਪਾਦਨ ਕੀਤਾ ਹੈ । ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ ਤੇ ਪੁੱਜੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ` ਨੇ ਵਿਦਿਆਰਥਣਾਂ ਦੇ ਰੂਬਰੂ ਹੁੰਦਿਆਂ ਉਹਨਾਂ ਨਾਲ ਮਾਤ-ਭਾਸ਼ਾ ਅਤੇ ਬਾਲ ਸਾਹਿਤ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ । ਡਾ. ‘ਆਸ਼ਟ` ਨੇ ਵੱਖ ਵੱਖ ਸ਼੍ਰੇਣੀਆਂ ਦੀਆਂ ਪੰਜਾਬੀ ਪਾਠ ਪੁਸਤਕਾਂ ਵਿਚ ਸ਼ਾਮਿਲ ਆਪਣੀਆਂ ਵੰਨ ਸੁਵੰਨੀਆਂ ਰਚਨਾਵਾਂ ਦੇ ਹਵਾਲੇ ਨਾਲ ਕਿਹਾ ਕਿ ਮਾਂ ਬੋਲੀ ਅਤੇ ਵਿਰਾਸਤ ਸਾਨੂੰ ਸਮਾਜ ਦੀਆਂ ਨਿੱਗਰ ਕਦਰਾਂ ਕੀਮਤਾਂ ਨਾਲ ਜੋੜਦੀਆਂ ਹੀ ਨਹੀਂ ਹਨ ਸਗੋਂ ਆਪਣੇ ਸਭਿਆਚਾਰ ਪ੍ਰਤੀ ਚੇਤਨਾ ਵੀ ਪੈਦਾ ਕਰਦੀਆਂ ਹਨ । ਡਾ. ਆਸ਼ਟ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਮਾਂ ਬੋਲੀ ਅਤੇ ਚਿੜੀ ਸੰਬੰਧੀ ਆਪਣੇ ਚਰਚਿਤ ਬਾਲ ਗੀਤ ਵੀ ਸੁਣਾਏ।ਅੰਤ ਵਿਚ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ।
Punjab Bani 26 February,2025
ਸਕੂਲ ਮੈਗਜੀਨ 'ਤਮੰਨਾ' ਲੋਕ ਅਰਪਣ
ਸਕੂਲ ਮੈਗਜੀਨ 'ਤਮੰਨਾ' ਲੋਕ ਅਰਪਣ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ 'ਆਸ਼ਟ' ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ ਰੂਬਰੂ ਅਤੇ ਸਨਮਾਨ ਸਮਾਗਮ ਪਟਿਆਲਾ : ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਵਿਖੇ ਸਮਾਗਮ ਵਿਚ ਸਕੂਲ ਮੈਗਜੀਨ 'ਤਮੰਨਾ' ਭਾਗ ਤੀਜਾ ਰੀਲੀਜ਼ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਤੇ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ‘ ਸ਼ਾਮਲ ਹੋਏ । ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਸ੍ਰੀ ਜਿਤਵੇਸ਼ ਕੁਮਾਰ, ਪ੍ਰਿੰਸੀਪਲ ਸ੍ਰੀ ਗੁਰਮੀਤ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਸ੍ਰੀ ਕਸ਼ਮੀਰ ਸਿੰਘ ਹਾਜ਼ਰ ਰਹੇ । ਇਸ ਤੋਂ ਇਲਾਵਾ ਪਿੰਡ ਦੀ ਸਮੁੱਚੀ ਪੰਚਾਇਤ, ਐਸ. ਐਮ. ਸੀ. ਕਮੇਟੀ, ਪਿੰਡ ਦੇ ਪਤਵੰਤੇ ਅਤੇ ਸਹਿਯੋਗੀ ਸੱਜਣਾਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀ ਵੀ ਇਸ ਸਮਾਗਮ ਵਿੱਚ ਸ਼ਾਮਿਲ ਸਨ । ਸਮਾਗਮ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਦੁਆਰਾ ਸ਼ਬਦ ਗਾਇਨ ਤੋਂ ਹੋਈ । ਫਿਰ ਸ੍ਰੀ ਲੀਲਾ ਰਾਮ ਜੀ ਦੁਆਰਾ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ । ਸਕੂਲ ਮੁਖੀ ਸ੍ਰੀ ਮਨਦੀਪ ਸਿੰਘ ਦੁਆਰਾ ਵਿਚਾਰ ਅਤੇ ਮੈਗਜੀਨ ਬਾਰੇ ਵੀ ਰਾਇ ਸਾਂਝੀ ਕੀਤੀ । ਉਸ ਤੋਂ ਬਾਅਦ'ਤਮੰਨਾ' ਮੈਗਜ਼ੀਨ ਦੇ ਮੁੱਖ ਸੰਪਾਦਕ ਅਜ਼ੀਜ਼ ਸਰੋਏ ਵੱਲੋਂ ਮੈਗਜ਼ੀਨ ਬਾਰੇ ਕੁਝ ਗੱਲਾਂ ਕੀਤੀਆਂ ਗਈਆਂ ਅਤੇ ਮੈਗਜੀਨ ਦੀਆਂ ਬਾਰੇ ਜਾਣਕਾਰੀ ਦਿੱਤੀ । ਉਪਰੰਤ ਫਿਰ ਉਚੇਚੇ ਤੌਰ ਤੇ ਪਹੁੰਚੇ ਵਿਸ਼ੇਸ਼ ਮਹਿਮਾਨਾ ਵੱਲੋਂ ਬੱਚਿਆਂ ਨੂੰ ਕੀਮਤੀ ਵਿਚਾਰ ਅਤੇ ਗੱਲਾਂ ਦੱਸੀਆਂ ਗਈਆਂ ਅਤੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਉਹਨਾਂ ਵੱਲੋਂ ਬੱਚਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ । ਅੰਤ ਵਿੱਚ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ 'ਆਸ਼ਟ' ਵੱਲੋਂ ਮੈਗਜ਼ੀਨ ਦੀ ਮਹੱਤਤਾ ਉੱਪਰ ਚਰਚਾ ਕੀਤੀ ਗਈ । ਉਹਨਾਂ ਨੇ ਬੱਚਿਆਂ ਨਾਲ ਬਾਲ ਸਾਹਿਤ ਵਾਰਤਾ ਕਰਦਿਆਂ ਰੂਬਰੂ ਸਮਾਗਮ ਰਚਾਇਆ । ਉਪਰੰਤ ਸਕੂਲ ਮੈਗਜ਼ੀਨ ਤਮੰਨਾ ਨੂੰ ਡਿਜੀਟਲ ਫੌਰਮ ਅਤੇ ਹਾਰਡ ਕਾਪੀ ਦੀ ਸ਼ਕਲ ਵਿਚ ਰਿਲੀਜ਼ ਕੀਤਾ ਗਿਆ। ਅੰਤ ਵਿੱਚ ਪਰਮਿੰਦਰ ਸਿੰਘ ਕਟੌਦੀਆ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਸਕੂਲ ਦੇ ਸਾਰੇ ਅਧਿਆਪਕਾਂ ਦਾ ਇਸ ਵਿੱਚ ਭਰਪੂਰ ਯੋਗਦਾਨ ਰਿਹਾ। ਇਹ ਇੱਕ ਯਾਦਗਾਰੀ ਸਮਾਗਮ ਰਿਹਾ ।
Punjab Bani 25 February,2025
ਭਾਸ਼ਾ ਵਿਭਾਗ ਪੰਜਾਬ ਦੇ ਕਵੀ ਦਰਬਾਰ ਦੌਰਾਨ ਚੱਲੀਆਂ ਹਾਸੇ ਦੀਆਂ ਫੁਹਾਰਾਂ
ਭਾਸ਼ਾ ਵਿਭਾਗ ਪੰਜਾਬ ਦੇ ਕਵੀ ਦਰਬਾਰ ਦੌਰਾਨ ਚੱਲੀਆਂ ਹਾਸੇ ਦੀਆਂ ਫੁਹਾਰਾਂ ਪਟਿਆਲਾ, 22 ਫਰਵਰੀ : ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਹਾਸਰਸ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੌਰਾਨ ਨਾਮਵਰ ਕਵੀਆਂ ਨੇ ਹਾਸੇ ਦੀਆਂ ਫੁਹਾਰਾਂ ਛੱਡੀਆਂ । ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭ ਦੇ ਸਹਿਯੋਗ ਨਾਲ ਹੋਏ ਇਸ ਕਵੀ ਦਰਬਾਰ ਦਾ ਵੱਡੀ ਗਿਣਤੀ ’ਚ ਸਰੋਤਿਆਂ ਨੇ ਅਨੰਦ ਮਾਣਿਆ । ਸਮਾਗਮ ਦੀ ਸ਼ੁਰੂਆਤ ਬਰਜਿੰਦਰ ਠਾਕੁਰ ਨੇ ‘ਆਪਣੀ ਬੋਲੀ ਆਪਣਾ ਵਿਰਸਾ ਨਾ ਭੁੱਲ ਜਾਇਓ..,’ ਕਵਿਤਾ ਨਾਲ ਕੀਤੀ ਅਤੇ ਵਿਆਹੁਤਾ ਜੀਵਨ ਬਾਰੇ ਹਾਸਰਸ ਵਾਲਾ ਕਲਾਮ ਵੀ ਪੇਸ਼ ਕੀਤਾ । ਸਤੀਸ਼ ਭੁੱਲਰ ਨੇ ਸੋਸ਼ਲ ਮੀਡੀਆ ਦੇ ਪ੍ਰਭਾਵਾਂ ’ਤੇ ਵਿਅੰਗ ਕਸਦੀ ਕਵਿਤਾ ‘ਮੈਨੂੰ ਹੋ ਗਿਆ ਏ ਨਸ਼ਾ ਫੇਸਬੁੱਕ ਦਾ’ ਪੇਸ਼ ਕੀਤੀ । ਅਸ਼ਵਨੀ ਗੁਪਤਾ ਮੋਗਾ ਨੇ ‘ਬੋਲਿਆ ਕਰ ਕੁਝ ਘੱਟ ਨਹੀਂ ਤਾਂ ਪਛਤਾਏਗਾ’ ਅਤੇ ‘ਧੂੜ ’ਚ ਟੱਟੂ ਭਜਾਈ ਜਾ’ ਕਵਿਤਾਵਾਂ ਪੇਸ਼ ਕਰਕੇ ਵਾਹ-ਵਾਹ ਖੱਟੀ । ਸਤੀਸ਼ ਵਿਦਰੋਹੀ ਨੇ ਪੁਆਧੀ ਭਾਸ਼ਾ ’ਚ ‘ਕੁਦਰਤ ਨਾਲ ਤਾਲਮੇਲ ਮੈਂ ਐਸਾ ਬਣਾ ਲਿਆ’ ਕਵਿਤਾ ਰਾਹੀਂ ਵਹਿਮਾਂ-ਭਰਮਾਂ ’ਤੇ ਵਿਅੰਗ ਕਸਿਆ ਅਤੇ ‘ਘਰ ਤਾਂ ਫੁਕ ਜਾਏਗਾ ਪਰ ਚੂਹਿਆਂ ਕੀ ਪੂਛਾਂ ਚਕਾ ਦਿਆਂਗੇ' ਕਵਿਤਾ ਰਾਹੀਂ ਅਜੋਕੇ ਰਾਜਨੀਤਿਕ ਵਰਤਾਰੇ ’ਤੇ ਕਟਾਕਸ਼ ਕੀਤਾ । ਸਾਧੂ ਰਾਮ ਲੰਗੇਆਣਾ ਨੇ ‘ਡਰਦੀ ਚੋਰਾਂ ਤੋਂ ਰੱਬ ਰੱਬ ਕਰਦੀ ਗੋਲਕ ਬਾਬੇ ਦੀ’ ਕਵਿਤਾ ਰਾਹੀਂ ਅਜੋਕੇ ਦੌਰ ਦੇ ਬਾਬਿਆਂ ਦੇ ਕਿਰਦਾਰ ’ਤੇ ਵਿਅੰਗ ਕਸਿਆ। ਦਵਿੰਦਰ ਗਿੱਲ ਨੇ ‘ਹੀਰ ਆਫਟਰ ਮੈਰਿਜ’ ਕਵਿਤਾ ਰਾਹੀਂ ਅਜੋਕੇ ਦੌਰ ਦੇ ਪ੍ਰੇਮੀਆਂ ਦਾ ਮਜ਼ਾਕ ਉਡਾਇਆ। ਜੰਗ ਸਿੰਘ ਫੱਟੜ ਨੇ ਮਾਡਰਨ ਹੀਰ ਸੁਣਾਈ । ਵਰਿੰਦਰ ਜੇਤਵਾਨੀ ਨੇ ‘ਸੁਪਨਾ ਤਾਂ ਸੁਪਨਾ ਏ ਸੁਪਨੇ ਦਾ ਕੀ ਏ..’ ਕਵਿਤਾ ਰਾਹੀਂ ਸੁਪਨਿਆਂ ਰਾਹੀਂ ਦੁਨੀਆ ਦੀ ਹਰ ਮੰਜ਼ਿਲ ਪਾਉਣ ਦੀ ਤਸਵੀਰ ਪੇਸ਼ ਕੀਤੀ । ਚਰਨ ਪੁਆਧੀ ਨੇ ‘ਮਾਰੇ ਗਾਓਂ ਕੀ ਬੁੜੀਆਂ’ ਅਤੇ ‘ਮਾਰੇ ਗਾਓਂ ਕੇ ਲੋਗ’ ਕਵਿਤਾ ਰਾਹੀਂ ਪੁਆਧੀ ਜਨਜੀਵਨ ਦੀ ਤਸਵੀਰ ਪੇਸ਼ ਕੀਤੀ । ਅੰਮ੍ਰਿਤਪਾਲ ਕੌਫੀ ਨੇ ‘ਲਾਲ ਤਾਬੀਜ਼’ ਕਵਿਤਾ ਰਾਹੀਂ ਅਜੋਕੇ ਭ੍ਰਿਸ਼ਟ ਰਾਜਨੀਤਿਕ ਜੀਵਨ ’ਤੇ ਵਿਅੰਗ ਕਸਿਆ । ਜਗਸੀਰ ਜੀਦਾ ਨੇ ਪੰਜਾਬੀ ਭਾਸ਼ਾ ਦੀ ਸਥਿਤੀ ਨੂੰ ਦਰਸਾਉਂਦੇ ਗੀਤ ਨੂੰ ਤੁਰੰਨਮ ਰਾਹੀਂ ਗਾ ਕੇ ਸਮਾਂ ਬੰਨ ਦਿੱਤਾ । ਫਿਰ ਉਨਾਂ ਆਪਣੀਆਂ ਵਿਅੰਗਮਈ ਬੋਲੀਆਂ ਰਾਹੀਂ ਸਮਾਗਮ ਨੂੰ ਸਿਖਰ ਵੱਲ ਵਧਾ ਦਿੱਤਾ । ਅਖੀਰ ’ਚ ਪੰਡਤ ਸੋਮ ਨਾਥ ਰੋਡਿਆਂ ਵਾਲਿਆਂ ਨੇ ਕਾਵਿ ਦੀ ਅਹਿਮੀਅਤ ਨੂੰ ਦਰਸਾਉਂਦੀ ਕਵਿਤਾ ਨਾਲ ਖੁਬ ਹਾਸੇ ਬਿਖੇਰੇ ਅਤੇ ਆਪਣੀ ਕਵਿਤਾ ਰਾਹੀਂ ਪੂਰੇ ਕਵੀ ਦਰਬਾਰ ਦੀ ਤਸਵੀਰ ਪੇਸ਼ ਕਰ ਦਿੱਤੀ । ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਬਾਖੂਬੀ ਕੀਤਾ । ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਮੁਖ ਸਿੰਘ, ਡਾ. ਗੁਰਸੇਵਕ ਲੰਬੀ, ਡਾ. ਰਾਜਵੰਤ ਕੌਰ ਪੰਜਾਬੀ, ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਅਤੇ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ ।
Punjab Bani 22 February,2025