ਦਿੱਲੀ ਜਾਣ ਲਈ ਕਿਸਾਨ ਬਜਿੱਦ ; ਪੰਜਾਬ ਹਰਿਆਣਾ ਸਰਹੱਦ 'ਤੇ ਦੂਜੇ ਦਿਨ ਵੀ ਘਸਮਾਨ : ਨਹੀਂ ਟੁੱਟ ਸਕੇ ਬੈਰੀਗੇਟ

ਦੁਆਰਾ: Punjab Bani ਪ੍ਰਕਾਸ਼ਿਤ :Wednesday, 14 February, 2024, 08:15 PM

ਦਿੱਲੀ ਜਾਣ ਲਈ ਕਿਸਾਨ ਬਜਿੱਦ ; ਪੰਜਾਬ ਹਰਿਆਣਾ ਸਰਹੱਦ ‘ਤੇ ਦੂਜੇ ਦਿਨ ਵੀ ਘਸਮਾਨ : ਨਹੀਂ ਟੁੱਟ ਸਕੇ ਬੈਰੀਗੇਟ

– ਕਿਸਾਨਾਂ ‘ਤੇ ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾਰਾਂ ਨਾਲ ਪੁਲਸ ਦੇ ਜੋਰਦਾਰ ਹਮਲੇ

– ਅੱਜ ਫਿਰ ਕਿਸਾਨਾਂ ‘ਤੇ ਜੋਰਦਾਰ ਰਬੜ ਦੀ ਗੋਲੀਆਂ ਦੀ ਫਾਇਰਿੰਗ

– ਕਿਸਾਨਾਂ ਵੱਲੋਂ ਇਕ ਹੋਰ ਬੈਰੀਗੇਟ ਨੂੰ ਤੋੜਿਆ

– ਦੇਰ ਸ਼ਾਮ ਪੰਜਾਬ ਸਰਕਾਰ ਨੇ ਸੱਦੀ ਕਿਸਾਨਾਂ ਦੀ ਮੀਟਿੰਗ

ਪਟਿਆਲਾ 14 ਫਰਵਰੀ – ਕਿਸਾਨਾਂ ਵੱਲੋਂ ਅਰੰਭੇ ਸੰਘਰਸ਼ ਕਾਰਨ ਅੱਜ ਦੂਜੇ ਦਿਨ ਵੀ ਪੰਜਾਬ-ਹਰਿਅਣਾ ਸਰਹੱਦ ‘ਤੇ ਪੂਰੇ ਦਿਨ ਘਸਮਾਨ ਮਚਿਆ ਰਿਹਾ ਪਰ ਹਰਿਆਣਾ ਪੁਲਸ ਵੱਲੋਂ ਕੀਤੀ ਗਈ ਬੈਰਿਗੇਟਿੰਗ ਕਿਸਾਨਾਂ ਵਲੋਂ ਤੋੜੀ ਨਹੀਂ ਗਈ, ਹਾਲਾਂਕਿ ਕਿਸਾਨ ਆਗੂਆਂ ਨੇ ਬੈਰੀਗੇਟਿੰਗ ਨੂੰ ਤੋੜਨ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਕਿਸਾਨਾਂ ‘ਤੇ ਦਰਜਨਾਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਅਤੇ ਰਬੜ ਦੀ ਗੋਲੀਆਂ ਦੀ ਫਾਇਰਿੰਗ ਕੀਤੀ ਗਈ ਜਿਸ ਕਾਰਨ ਕਿਸਾਨਾਂ ਨੂੰ ਇਕ ਵਾਰ ਫਿਰ ਬੈਰੀਗੇਟਿੰਗ ਤੋਂ ਪਿੱਛੇ ਹਟਣਾ ਪਿਆ। ਅੱਜ ਵੀ ਦੋ ਦਰਜਨ ਤੋਂ ਵੱਧ ਕਿਸਾਨਾਂ ਦੇ ਜਖਮੀ ਹੋਣ ਦੀ ਸੂਚਨਾ ਹੈ।
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ਵਿਚ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਦੀ ਗੱਲਬਾਤ ਟੁੱਟਣ ਤੋਂ ਬਾਅਦ ਇਹ ਸੰਘਰਸ਼ ਲੰਘੇ ਕੱਲ੍ਹ ਤੋਂ ਸ਼ੁਰੂ ਹੋਇਆ ਸੀ। ਇਸ ਵਕਤ ਪੰਜਾਬ-ਹਰਿਆਣਾ ਬਾਡਰ ਸ਼ੰਭੂ ਤੇ ਖਨੋਰੀ ਵਿਖੇ ਅੱਜ ਵੀ ਲਗਭਗ 50 ਹਜ਼ਾਰ ਕਿਸਾਨ ਮੌਜੂਦ ਹਨ ਤੇ ਕਈ ਟ੍ਰੈਕਟਰ ਟਰਾਲੀਆਂ ਖੜ੍ਹੇ ਹਨ।
ਜੰਗ ਵਾਂਗ ਕਿਸਾਨ ਜਿੱਥੇ ਪੁਲਸ ਨਾਲ ਟੱਕਰ ਲੈ ਰਹੇ ਸਨ ਉਥੇ ਨੇੜਲੇ ਰਸਤਿਆਂ ਰਾਹੀਂ ਵੀ ਦਿੱਲੀ ਪੁੱਜਣ ਦੀਆਂ ਪੂਰੀਆਂ ਕੋਸ਼ਿਸ਼ਾਂ ਹਨ। ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਐਮ.ਐਸ.ਪੀ ਸਮੇਤ ਲਗਭਗ 12 ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸੰਘਰਸ਼ ਸਿਰੇ ਲਗ ਕੇ ਰਹੇਗਾ। ਹੁਣ ਉਹ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਕਿਸਾਨ ਆਗੂਆਂ ਦੇ ਸੰਘਰਸ਼ ਲਈ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ।
ਦੇਰ ਸ਼ਾਮ ਰਾਜਪੁਰਾ ਵਿਖੇ ਕਿਸਾਨ ਆਗੂਆਂ ਦੀ ਏ.ਡੀ.ਜੀ.ਪੀ ਪੰਜਾਬ, ਡੀ.ਸੀ. ਪਟਿਆਲਾ, ਐਸ.ਐਸ.ਪੀ. ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਦਿੱਲੀ ‘ਤੋਂ ਕੇਂਦਰੀ ਮੰਤਰੀ ਅਤੇ ਕਈ ਅਧਿਕਾਰੀ ਵੀ ਕਾਨਫਰੰਸਿੰਗ ਰਾਹੀਂ ਜੁੜੇ ਹੋਏ ਹਨ। ਕਿਸਾਨ ਆਗੂ ਆਪਣੀਆਂ ਮੰਗਾਂ ਮਨਾਉਣ ਲਈ ਜਿੱਦ ‘ਤੇ ਅੜੇ ਹੋਏ ਹਨ। ਪੰਜਾਬ ਸਰਕਾਰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਵਿਚੋਲੇ ਦੀ ਭੂੁਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ।

– ਪੁਲਸ ਫੋਰਸ ਨੇ ਕਈ ਟ੍ਰੈਕਟਰ ਤੋੜੇ
ਅੱਜ ਜਦੋਂ ਕਿਸਾਨ ਵੱਡੇ ਟ੍ਰੈਕਟਰਾਂ ਰਾਹੀਂ ਬੈਰੀਗੇਟਾਂ ਵੱਲ ਵਧਣ ਲੱਗੇ ਤਾਂ ਹਰਿਆਣਾ ਪੁਲਸ ਨੇ ਸਭ ਤੋਂ ਪਹਿਲਾਂ ਟ੍ਰੈਕਟਰਾਂ ਨੂੰ ਨਿਸ਼ਾਨਾ ਬਣਾਇਆ। ਟ੍ਰੈਕਟਰਾਂ ਦੇ ਟਾਇਰਾਂ ਵਿਚ ਪਲਾਸਟਿਕ ਦੀਆਂ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਭੰਨ੍ਹਿਆ ਗਿਆ ਅਤੇ ਬਾਕੀ ਟ੍ਰੈਕਟਰਾਂ ‘ਤੇ ਵੀ ਬੰਬਨੁਮਾ ਗੋਲੇ ਸੁੱਟੇ ਗਏ ਜਿਸ ਨਾਲ ਟ੍ਰੈਕਟਰਾਂ ਦਾ ਬੇਹੱਦ ਨੁਕਸਾਨ ਹੋਇਆ। ਕਿਸਾਨਾਂ ਵੱਲੋਂ ਇਸ ਮੌਕੇ ਬਾਕੀ ਟ੍ਰੈਕਟਰਾਂ ਨੂੰ ਪਿੱਛੇ ਮੋੜ ਲਿਆ ਗਿਆ ਹੈ।



Scroll to Top