ਡਿਪਟੀ ਕਮਿਸ਼ਨਰ ਵੱਲੋਂ ਮੰਡੀਆਂ 'ਚ ਕਣਕ ਨੂੰ ਬੇਮੌਸਮੀ ਬਰਸਾਤ ਤੋਂ ਬਚਾਉਣ ਲਈ ਤਰਪਾਲਾਂ ਤੇ ਹੋਰ ਇੰਤਜ਼ਾਮ ਪੁਖ਼ਤਾ ਕਰਨ ਦੇ ਆਦੇਸ਼

ਦੁਆਰਾ: Punjab Bani ਪ੍ਰਕਾਸ਼ਿਤ :Tuesday, 23 April, 2024, 07:47 PM

ਡਿਪਟੀ ਕਮਿਸ਼ਨਰ ਵੱਲੋਂ ਮੰਡੀਆਂ ‘ਚ ਕਣਕ ਨੂੰ ਬੇਮੌਸਮੀ ਬਰਸਾਤ ਤੋਂ ਬਚਾਉਣ ਲਈ ਤਰਪਾਲਾਂ ਤੇ ਹੋਰ ਇੰਤਜ਼ਾਮ ਪੁਖ਼ਤਾ ਕਰਨ ਦੇ ਆਦੇਸ਼
-ਕਿਹਾ, ਸਬੰਧਤ ਅਧਿਕਾਰੀ ਮੰਡੀਆਂ ਦਾ ਰੈਗੂਲਰ ਨਿਰੀਖਣ ਕਰਨਾ ਯਕੀਨੀ ਬਣਾਉਣ
ਪਟਿਆਲਾ, 23 ਅਪ੍ਰੈਲ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਮੂਹ ਐਸ.ਡੀ.ਐਮਜ ਤੇ ਖਰੀਦ ਪ੍ਰਬੰਧਾਂ ਨਾਲ ਜੁੜੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬੇਮੌਸਮੀ ਬਰਸਾਤ ਦੇ ਚੱਲਦਿਆਂ ਮੰਡੀਆਂ ‘ਚ ਵਿਕਣ ਲਈ ਪੁੱਜੀ ਕਣਕ ਦੀ ਜਿਣਸ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਆਦਿ ਦੇ ਇੰਤਜਾਮ ਪੁਖ਼ਤਾ ਕੀਤੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਵੀ ਆਦੇਸ਼ ਦਿੱਤੇ ਕਿ ਉਹ ਮੰਡੀਆਂ ਦਾ ਰੈਗੂਲਰ ਨਿਰੀਖਣ ਕਰਨਾ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਖਰੀਦ ਕੇਂਦਰ ਵਿੱਚ ਤਰਪਾਲਾਂ ਦੇ ਅਗੇਤੇ ਪ੍ਰਬੰਧ ਪਹਿਲਾਂ ਹੀ ਕੀਤੇ ਗਏ ਹਨ ਪਰੰਤੂ ਫਿਰ ਵੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਤਾਂ ਕਿ ਮੰਡੀਆਂ ਵਿੱਚ ਪੁੱਜੀ ਕਣਕ ਨੂੰ ਅਚਾਨਕ ਪੈਣ ਵਾਲੇ ਮੀਂਹ ਦੇ ਪਾਣੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੌਸਮ ‘ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਮੂਹ ਐਸ.ਡੀ.ਐਮਜ, ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ, ਜ਼ਿਲ੍ਹਾ ਮੰਡੀ ਅਫ਼ਸਰ ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਬੈਠਕ ਕੀਤੀ। ਉਨ੍ਹਾਂ ਦੱਸਿਆ ਕਿ ਸਮੂਹ ਅਧਿਕਾਰੀ ਖਰੀਦ ਪ੍ਰਬੰਧਾਂ ਸਮੇਤ ਬਰਸਾਤ ਦੀ ਸੂਰਤ ‘ਚ ਕਣਕ ਨੂੰ ਪਾਣੀ ਤੋਂ ਬਚਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਨਿਗਰਾਨੀ ਖ਼ੁਦ ਕਰਨ ਅਤੇ ਲੋੜੀਂਦੇ ਪ੍ਰਬੰਧ ਕਰਕੇ ਰਿਪੋਰਟ ਵੀ ਭੇਜੀ ਜਾਵੇ। ਉਨ੍ਹਾਂ ਦੱਸਿਆ ਕਿ ਕਿਸੇ ਮੰਡੀ ਵਿੱਚ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ।
ਸ਼ੌਕਤ ਅਹਿਮਦ ਪਰੇ, ਜਿਨ੍ਹਾਂ ਨੇ ਬੀਤੇ ਦਿਨੀਂ ਖ਼ੁਦ ਮੰਡੀਆਂ ਦਾ ਦੌਰਾ ਕਰਕੇ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ, ਨੇ ਅੱਗੇ ਦੱਸਿਆ ਕਿ ਬਰਸਾਤ ਦੀ ਸੰਭਾਵਨਾ ਕਰਕੇ ਅੱਜ ਏ.ਡੀ.ਸੀ. ਦਿਹਾਤੀ ਵਿਕਾਸ ਡਾ. ਹਰਜਿੰਦਰ ਸਿੰਘ ਬੇਦੀ ਸਮੇਤ ਸਮੂਹ ਐਸ.ਡੀ.ਐਮਜ ਤੇ ਹੋਰ ਅਧਿਕਾਰੀਆਂ ਵੱਲੋਂ ਵੀ ਮੰਡੀਆਂ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਖਰੀਦੀ ਜਿਣਸ ਦੀ ਨਾਲੋ-ਨਾਲ ਕਿਸਾਨਾਂ ਨੂੰ ਅਦਾਇਗੀ ਅਤੇ ਨਾਲੋ-ਨਾਲ ਮੰਡੀਆਂ ਵਿੱਚੋਂ ਲਿਫਟਿੰਗ ਯਕੀਨੀ ਬਣਾਈ ਜਾਵੇ।



Scroll to Top