ਟੋਲ ਪਲਾਜ਼ੇ ਬੰਦ ਕਰਵਾਉਣ ਦੇ ਨਾਂ ’ਤੇ ਲੋਕਾਂ ਨੂੰ ਬਲੈਕਮੇਲ ਨਾ ਕਰਨ ਡਾ. ਬਲਬੀਰ ਸਿੰਘ : ਐਨ ਕੇ ਸ਼ਰਮਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 21 April, 2024, 06:49 PM

ਟੋਲ ਪਲਾਜ਼ੇ ਬੰਦ ਕਰਵਾਉਣ ਦੇ ਨਾਂ ’ਤੇ ਲੋਕਾਂ ਨੂੰ ਬਲੈਕਮੇਲ ਨਾ ਕਰਨ ਡਾ. ਬਲਬੀਰ ਸਿੰਘ : ਐਨ ਕੇ ਸ਼ਰਮਾ
ਪਟਿਆਲਾ, 21 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਕਿਹਾ ਹੈ ਕਿ ਉਹ ਟੋਲ ਪਲਾਜ਼ੇ ਬੰਦ ਕਰਵਾਉਣ ਦੇ ਨਾਂ ’ਤੇ ਲੋਕਾਂ ਨੂੰ ਬਲੈਕਮੇਲ ਨਾ ਕਰਨ ਸਗੋਂ ਜੇਕਰ ਉਹਨਾਂ ਕੋਲ ਅਧਿਕਾਰ ਹੈ ਤਾਂ ਉਹ ਤੁਰੰਤ ਟੋਲ ਪਲਾਜ਼ੇ ਬੰਦ ਕਰਵਾਉਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਡਾ. ਬਲਬੀਰ ਸਿੰਘ ਦੇ ਬਿਆਨ ’ਤੇ ਹੈਰਾਨ ਹਨ ਜਿਸ ਵਿਚ ਉਹਨਾਂ ਦਾਅਵਾ ਕੀਤਾ ਹੈ ਕਿ ਜੇਕਰ ਪੰਜਾਬ ਵਿਚ ਸਾਰੀਆਂ 13 ਸੀਟਾਂ ’ਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਜੇਤੂ ਰਹਿੰਦੇ ਹਨ ਤਾਂ ਉਹ ਸਾਰੇ ਕੌਮੀ ਮਾਰਗਾਂ ’ਤੇ ਸਥਿਤ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕੌਮੀ ਸ਼ਾਹ ਮਾਰਗੇ ’ਤੇ ਟੋਲ ਪਲਾਜ਼ੇ ਕੇਂਦਰ ਸਰਕਾਰ ਦੇ ਅਦਾਰੇ ਐਨ ਐਚ ਏ ਆਈ ਯਾਨੀ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਨਾਲ ਹੋਏ ਐਗਰੀਮੈਂਟ ਮੁਤਾਬਕ ਚਲ ਰਹੇ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਟੋਲ ਪਲਾਜ਼ੇ ਉਦੋਂ ਹੀ ਬੰਦ ਹੋਣਗੇ ਜਦੋਂ ਸਮਝੌਤਿਆਂ ਮੁਤਾਬਕ ਇਹਨਾਂ ਦੀ ਮਿਆਦ ਖ਼ਤਮ ਹੋਵੇਗੀ।
ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਜਿਹੜੇ ਰਾਜ ਮਾਰਗਾਂ ਯਾਨੀ ਸਟੇਟ ਹਾਈਵੇਜ਼ ’ਤੇ ਜਿੰਨੇ ਵੀ ਟੋਲ ਪਲਾਜ਼ੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਵਾਉਣ ਦੇ ਦਾਅਵੇ ਕੀਤੇ ਹਨ, ਉਹ ਉਹ ਵਾਲੇ ਟੋਲ ਪਲਾਜ਼ੇ ਹਨ ਜਿਹਨਾਂ ਦੀ ਮਿਆਦ ਖ਼ਤਮ ਹੋ ਗਈ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਹਨਾਂ ਦੇ ਮੰਤਰੀ ਡਾ. ਬਲਬੀਰ ਸਿੰਘ ਵਿਚ ਦਮ ਹੈ ਤਾਂ ਉਹ ਵਾਲੇ ਟੋਲ ਪਲਾਜ਼ੇ ਬੰਦ ਕਰਵਾਉਣ ਜਿਹਨਾਂ ਦੀ ਮਿਆਦ ਹਾਲੇ ਬਾਕੀ ਹੈ।
ਉਹਨਾਂ ਕਿਹਾ ਕਿ ਜਿਥੇ ਡਾ. ਬਲਬੀਰ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਜਿੱਤ ਤੋਂ ਬਾਅਦ ਟੋਲ ਪਲਾਜ਼ੇ ਬੰਦ ਕਰਵਾਉਣਗੇ, ਉਥੇ ਹੀ ਲੋਕਾਂ ਨੂੰ ਬਲੈਕਮੇਲ ਕਰਨ ਦੀ ਥਾਂ ਉਹ ਪਹਿਲਾਂ ਹੀ ਟੋਲ ਪਲਾਜ਼ੇ ਬੰਦ ਕਰਵਾਕੇ ਲੋਕਾਂ ਤੋਂ ਵੋਟਾਂ ਕਿਉਂ ਨਹੀਂ ਮੰਗਦੇ ? ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਡਾ. ਬਲਬੀਰ ਸਿੰਘ ਅਤੇ ਉਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਲ 2022 ਵਾਂਗੂ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਬਲੈਕਮੇਲ ਕਰਨਾ ਚਾਹੁੰਦੇ ਹਨ ਪਰ ਪੰਜਾਬੀ ਹੁਣ ਅਜਿਹਾ ਕਦੇ ਨਹੀਂ ਹੋਣ ਦੇਣਗੇ ਤੇ ਉਹ ਇਹਨਾਂ ਚੋਣਾਂ ਵਿਚ ਆਪ ਨੂੰ ਕਰਾਰੀ ਹਾਰ ਦੇਣਗੇ।



Scroll to Top