ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਪਿੰਡ ਮੰਡੌੜ (ਪਟਿਆਲਾ ਦਿਹਾਤੀ) ਵਿੱਚ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹੈ ਦਲਿਤਾਂ ਨਾਲ ਵਿਤਕਰਾ
– ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਐਸ.ਸੀ ਧਰਮਸਾਲਾ ਵਿੱਚ ਕਰਨ ਤੋਂ ਕੀਤਾ ਸਾਫ਼ ਇਨਕਾਰ
ਪਟਿਆਲਾ, 16 ਜੂਨ :
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਅਤੇ ਹਰਜੀਤ ਸਿੰਘ ਦੀ ਅਗਵਾਈ ਹੇਠ ਅੱਜ ਪ੍ਰਸ਼ਾਸ਼ਨ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪਿੰਡ ਮੰਡੌੜ ਵਿਚ ਪ੍ਰਸ਼ਾਸਨ ਵੱਲੋਂ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਡੰਮੀ ਬੋਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਦੇ ਮਜ਼ਦੂਰ ਸਾਂਝੀ ਖੇਤੀ ਕਰਨ ਲਈ ਇਹ ਜ਼ਮੀਨ ਲੈਣ ਲਈ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਐਸ.ਸੀ ਧਰਮਸਾਲਾ ਵਿੱਚ ਕਰਨ ਦੀ ਮੰਗ ਕਰ ਰਹੇ ਹਨ। ਭਾਵੇਂ ਬੋਲੀਆਂ ਸੰਬੰਧੀ ਨੋਟੀਫਿਕੇਸ਼ਨ ਵਿੱਚ ਸਾਫ਼-ਸਾਫ ਲਿਖਿਆ ਹੈ ਕਿ ਰਿਜਰਵ ਕੋਟੇ ਦੀ ਜ਼ਮੀਨ ਦੀ ਬੋਲੀ ਐਸ ਸੀ ਧਰਮਸ਼ਾਲਾ ਵਿੱਚ ਕੀਤੀ ਜਾਵੇ ਪਰ ਪ੍ਰਸ਼ਾਸਨ ਵੱਲੋਂ ਡੰਮੀ ਬੋਲੀ ਕਰਨ ਦੀ ਤਾਕ ਵਿੱਚ ਅਤੇ ਜਾਤੀ ਵਿਤਕਰੇ ਕਾਰਨ ਐਸ.ਸੀ ਧਰਮਸਾਲਾ ਵਿੱਚ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਮਜ਼ਦੂਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੁਬਾਰਾ ਬੋਲੀ ਰੱਖੀ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਚੁੱਪਚੁਪੀਤੇ ਡੰਮੀ ਬੋਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਦੋਂ ਮਜ਼ਦੂਰ ਭਾਈਚਾਰੇ ਵੱਲੋਂ ਉੱਥੇ ਪਹੁੰਚ ਕੇ ਬੋਲੀ ਧਰਮਸ਼ਾਲਾ ਵਿੱਚ ਕਰਨ ਦੀ ਮੰਗ ਕੀਤੀ ਤਾਂ ਪ੍ਰਸ਼ਾਸਨ ਵੱਲੋਂ ਬੋਲੀ ਰੱਦ ਕਰ ਦਿੱਤੀ ਗਈ। ਪਿੰਡ ਦੇ ਸਮੂਹ ਐਸ ਸੀ ਭਾਈਚਾਰੇ ਵੱਲੋਂ ਐਲਾਨ ਕੀਤਾ ਗਿਆ ਕਿ ਕੋਟੇ ਦੀ ਜ਼ਮੀਨ ਕਿਸੇ ਵੀ ਕੀਮਤ ‘ਤੇ ਡੰਮੀ ਬੋਲੀ ਨਹੀਂ ਹੋਣ ਦਿਆਂਗੇ ਅਤੇ ਜ਼ਮੀਨ ਲੈਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਗੁਰਚਰਨ ਕੌਰ, ਗੁਰਵਿੰਦਰ ਸਿੰਘ, ਜਸਵੀਰ ਕੌਰ, ਸਰਬਜੀਤ ਕੌਰ, ਬਲਵੀਰ ਕੌਰ, ਤਰਸੇਮ ਸਿੰਘ, ਗੁਰਧਿਆਨ ਸਿੰਘ, ਗੁਰਪ੍ਰੀਤ ਸਿੰਘ ਆਦਿ ਸੈਂਕੜੇ ਲੋਕ ਹਾਜ਼ਰ ਸਨ।