ਅੱਖਾਂ ਦੇ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੜ ਆਪਣੀ ਡਾਕਟਰੀ ਭੂਮਿਕਾ ਵਿੱਚ ਆਏ
ਅੱਖਾਂ ਦੇ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੜ ਆਪਣੀ ਡਾਕਟਰੀ ਭੂਮਿਕਾ ਵਿੱਚ ਆਏ
ਮਰੀਜ਼ਾਂ ਦੀਆਂ ਅੱਖਾਂ ਦਾ ਖੁਦ ਕੀਤਾ ਚੈੱਕ ਅਪ
ਕਿਹਾ, ਹਮੇਸ਼ਾ ਆਪਣੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ
ਅੱਖਾਂ ਦੇ ਮੁਫ਼ਤ ਜਾਂਚ ਕੈਪ ਵਿਚ 400 ਦੇ ਕਰੀਬ ਮਰੀਜ਼ਾਂ ਦੀ ਜਾਂਚ
ਚੰਡੀਗੜ੍ਹ/ਫਰੀਦਕੋਟ, 28 ਅਕਤੂਬਰ : ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਅੱਜ “ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ਦੁਆਰਾ ਫਰੀਦਕੋਟ ਵਿਖੇ ਡਾਕਟਰ ਬਲਜੀਤ ਆਈ ਕੇਅਰ ਸੈਂਟਰ ਵਿਖੇ ਅੱਖਾਂ ਦੇ ਮੁਫਤ ਜਾਂਚ ਕੈਂਪ ਵਿੱਚ ਪਹੁੰਚੇ ਅਤੇ ਕੈਂਪ ਦੇ ਉਦਘਾਟਨ ਕਰਨ ਤੋਂ ਬਾਅਦ ਉਹ ਵੀ ਡਾਕਟਰਾਂ ਦੀ ਟੀਮ ਦੇ ਨਾਲ ਹਾਜ਼ਰ ਲੋਕਾਂ ਦੀਆਂ ਅੱਖਾਂ ਦੇ ਖੁਦ ਚੈੱਕ ਅਪ ਕਰਦੇ ਦਿਖਾਈ ਦਿੱਤੇ। ਜਿਕਰਯੋਗ ਹੈ ਕਿ ਡਾ. ਬਲਜੀਤ ਕੌਰ ਖੁਦ ਅੱਖਾਂ ਦੇ ਮਾਹਿਰ ਡਾਕਟਰ ਹਨ ਅਤੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਦਾ ਇਲਾਜ ਉਹਨਾਂ ਨੇ ਕੀਤਾ ਹੈ। ਅੱਜ ਵੀ ਜਦੋਂ ਇਸ ਕੈਂਪ ਦੇ ਉਦਘਾਟਨ ਲਈ ਪਹੁੰਚੇ ਤਾਂ ਉਦਘਾਟਨ ਤੋਂ ਬਾਅਦ ਡਾਕਟਰੀ ਟੀਮ ਦੇ ਨਾਲ ਬੈਠ ਕੇ ਉਹਨਾਂ ਨੇ ਇੱਥੇ ਮਰੀਜ਼ਾਂ ਦੀਆਂ ਅੱਖਾਂ ਦੀ ਖੁਦ ਜਾਂਚ ਕੀਤੀ ।
ਇਸ ਤੋਂ ਪਹਿਲਾਂ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਲਈ ਫਰੀਦਕੋਟ ਜ਼ਿਲ੍ਹਾ ਉਨ੍ਹਾਂ ਦਾ ਪਰਿਵਾਰ ਹੈ ਅਤੇ ਉਹ ਹਮੇਸ਼ਾ ਆਪਣੇ ਲੋਕਾਂ ਨੂੰ ਸਮਰਪਿਤ ਹਨ । ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਿਹਤ ਸਹੂਲਤਾਂ ਦੇ ਵਿਸਥਾਰ ਲਈ ਜਿੱਥੇ ਯਤਨ ਕਰ ਰਹੀ ਹੈ, ਉਥੇ ਸਮਾਜਿਕ ਤੌਰ ਤੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲੱਗਣ ਨਾਲ ਅਸੀਂ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਟੀਚੇ ਦੀ ਪ੍ਰਾਪਤੀ ਵੱਲ ਵਧ ਰਹੇ ਹਾਂ । ਅੱਜ ਦੇ ਇਸ ਕੈਂਪ ਦਾ ਆਯੋਜਨ ਕਰਨ ਵਾਲੀ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਜੀ ਆਇਆਂ ਨੂੰ ਆਖਿਆ । ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ 400 ਦੇ ਕਰੀਬ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦਾਂ ਨੂੰ ਇਸ ਦੌਰਾਨ ਐਨਕਾਂ ਅਤੇ ਦਵਾਈਆਂ ਵੰਡੀਆਂ ਗਈਆਂ ।