ਏ. ਡੀ. ਸੀ. ਵੱਲੋਂ ਡੇਂਗੂ ਕੇਸਾਂ ਦੇ ਮਾਮਲਿਆਂ ਦੀ ਸਮੀਖਿਆ
ਏ. ਡੀ. ਸੀ. ਵੱਲੋਂ ਡੇਂਗੂ ਕੇਸਾਂ ਦੇ ਮਾਮਲਿਆਂ ਦੀ ਸਮੀਖਿਆ
-ਦਸੰਬਰ ਮਹੀਨੇ ਤੱਕ ਡੇਂਗੂ ਕੇਸਾਂ ਤੋਂ ਬਚਾਅ ਲਈ ਵਰਤੀ ਜਾਵੇ ਇਹਤਿਆਤ : ਨਵਰੀਤ ਕੌਰ ਸੇਖੋਂ
-ਨਗਰ ਨਿਗਮ, ਬੀ. ਡੀ. ਪੀ. ਓਜ ਤੇ ਈ. ਓਜ ਨੂੰ ਫੌਗਿੰਗ ਤੇ ਡੇਂਗੂ ਵਿਰੋਧੀ ਗਤੀਵਿਧੀਆਂ ਤੇਜ਼ ਕਰਨ ਦੀਆਂ ਹਦਾਇਤਾਂ
-ਹਰੇਕ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ‘ਚ ਸਾਰੇ ਸ਼ਮੂਲੀਅਤ ਕਰਨ : ਸਿਵਲ ਸਰਜਨ
ਪਟਿਆਲਾ, 25 ਅਕਤੂਬਰ : ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਜ਼ਿਲ੍ਹੇ ਅੰਦਰ ਡੇਂਗੂ ਦੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਐਸ. ਡੀ. ਐਮਜ਼., ਸਿਹਤ ਵਿਭਾਗ, ਨਗਰ ਨਿਗਮ, ਬੀ. ਡੀ. ਪੀ. ਓ. ਤੇ ਈ. ਓਜ਼. ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਅਹਿਮ ਬੈਠਕ ਕੀਤੀ । ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਸੰਬਰ ਤੱਕ ਡੇਂਗੂ ਕੇਸਾਂ ਤੋਂ ਬਚਾਅ ਲਈ ਇਹਤਿਆਤ ਵਰਤਣ ਦੀ ਜ਼ਰੂਰਤ ਹੈ ਇਸ ਲਈ ਲਗਾਤਾਰ ਫੌਗਿੰਗ ਯਕੀਨੀ ਬਣਾਈ ਜਾਵੇ ਅਤੇ ਅਜਿਹੇ ਖੇਤਰਾਂ, ਜਿੱਥੇ ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ ਉਥੇ ਡੇਂਗੂ ਮੱਛਰ ਏਡੀਜ ਦੀ ਪੈਦਾਵਾਰ ਰੋਕਣ ਲਈ ਖੜ੍ਹੇ ਪਾਣੀ ‘ਚ ਤੇਲ ਤੇ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਫੌਗਿੰਗ ਵੀ ਕੀਤੀ ਜਾਵੇ । ਇਸ ਤੋਂ ਬਿਨ੍ਹਾਂ ਇਸ ਸ਼ੁੱਕਰਵਾਰ ਡੇਂਗੂ ‘ਤੇ ਵਾਰ ‘ਡਰਾਈ ਡੇ’ ਮੁਹਿੰਮ ਸਮੇਤ ਰੋਜ਼ਾਨਾ ਸਵੇਰੇ ਤੇ ਸ਼ਾਮ ਫੌਗਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ । ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲਾਂ ‘ਚ ਜਾਗਰੂਕਤਾ ਮੁਹਿੰਮ ਚਲਾਉਣ ਦੀ ਹਦਾਇਤ ਕੀਤੀ । ਏ. ਡੀ. ਸੀ. ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਡੇਂਗੂ ਦਾ ਕੇਸ ਰਿਪੋਰਟ ਹੁੰਦਾ ਹੈ ਤਾਂ ਤੁਰੰਤ ਡੇਂਗੂ ਹੋਣ ਦਾ ਕਾਰਨ ਲੱਭਿਆ ਜਾਵੇ ਤਾਂ ਜੋ ਉਸੇ ਸਮੇਂ ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ । ਉਨ੍ਹਾਂ ਪਟਿਆਲਾ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੱਛਰ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਡੇਂਗੂ, ਮਲੇਰੀਆਂ ਤੇ ਚਿਕਨਗੁਨੀਆਂ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਖੜੇ ਪਾਣੀ ਦੇ ਸਰੋਤਾਂ ਦੀ ਨਿਰੰਤਰ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਮੇਂ ਸਮੇਂ ‘ਤੇ ਸੁੱਕਾ ਰੱਖਿਆ ਜਾਵੇ, ਇਸ ਲਈ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਤੇ ਇਸ ਦੀ ਰੋਕਥਾਮ ਲਈ ਸਭ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ । ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਦੱਸਿਆ ਕਿ ਇਸ ਸਾਲ ਜ਼ਿਲ੍ਹੇ ‘ਚ ਡੇਂਗੂ ਦੇ ਕੁਲ 181 ਕੇਸ ਰਿਪੋਰਟ ਹੋਏ ਹਨ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਖੜੇ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਰਵਾ ਮਿਲਣ ‘ਤੇ ਨਸ਼ਟ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰੇਕ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ‘ਚ ਸਾਰੇ ਜ਼ਿਲ੍ਹਾ ਵਾਸੀ ਸ਼ਮੂਲੀਅਤ ਕਰਨ ਤਾਂ ਜੋ ਡੇਂਗੂ ਤੋਂ ਰੋਕਥਾਮ ਕੀਤੀ ਜਾ ਸਕੇ । ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਸਕੂਲੀ ਵਿਦਿਆਰਥੀਆਂ ਨੂੰ ਪੂਰੀ ਬਾਹਾਂ ਦੇ ਕੱਪੜੇ ਪਾਏ ਜਾਣ । ਇਸ ਤੋਂ ਇਲਾਵਾ ਕੂਲਰਾਂ ਨੂੰ ਹਫ਼ਤੇ ‘ਚ ਇਕ ਵਾਰ ਜ਼ਰੂਰ ਸੁੱਕਾ ਰੱਖਿਆ ਜਾਵੇ । ਮੀਟਿੰਗ ‘ਚ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸੁਮਿਤ ਸਿੰਘ ਸਮੇਤ ਜ਼ਿਲ੍ਹੇ ਦੇ ਸਮੂਹ ਬੀ. ਡੀ. ਪੀ. ਓਜ਼ ਤੇ ਈ.ਓਜ਼ ਹਾਜ਼ਰ ਸਨ ।