ਹੁੰਡਈ ਦਾ 27870 ਕਰੋੜ ਦਾ ਆਈ. ਪੀ. ਓ. ਖੁੱਲ੍ਹੇਗਾ 15 ਨੂੰ
ਹੁੰਡਈ ਦਾ 27870 ਕਰੋੜ ਦਾ ਆਈ. ਪੀ. ਓ. ਖੁੱਲ੍ਹੇਗਾ 15 ਨੂੰ
ਨਵੀਂ ਦਿੱਲੀ : ਦੱਖਣੀ ਕੋਰੀਆ ਦੀ ਪ੍ਰਮੁੱਖ ਵਾਹਨ ਕੰਪਨੀ ਹੁੰਡਈ ਦੀ ਭਾਰਤੀ ਇਕਾਈ ਹੁੰਡਈ ਮੋਟਰ ਇੰਡੀਆ ਲਿਮਿਟਡ ਦਾ 27,870 ਕਰੋੜ ਰੁਪਏ ਦਾ ਆਈ. ਪੀ. ਓ. 15 ਅਕਤੂਬਰ ਨੂੰ ਖੁੱਲ੍ਹੇਗਾ। ਕੰਪਨੀ ਨੇ ਉਪਰੋਕਤ ਤੋਂ ਇਲਾਵਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ. ਪੀ. ਓ. ਲਈ ਮੁੱਲ ਦਾਇਰਾ 1864 ਤੋਂ 1960 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ ਤੇ ਇਹ ਭਾਰਤ ਵਿਚ ਸਭ ਤੋਂ ਵੱਡਾ ਆਈਪੀਓ ਹੋਵੇਗਾ।ਇਸ ਤੋਂ ਪਹਿਲਾਂ ਜਨਤਕ ਖੇਤਰ ਦੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਦੇ ਆਈ. ਪੀ. ਓ. ਦਾ ਆਕਾਰ 21000 ਕਰੋੜ ਰੁਪਏ ਸੀ। ਕੰਪਨੀ ਨੇ ਦੱਸਿਆ ਕਿ ਐੱਚ. ਐੱਸ. ਆਈ. ਐੱਲ. ਦਾ ਆਈ. ਪੀ. ਓ. 17 ਅਕਤੂਬਰ ਨੂੰ ਬੰਦ ਹੋਵੇਗਾ ਤੇ ਐਂਕਰ (ਵੱਡੇ) ਨਿਵੇਸ਼ਕ 14 ਅਕਤੂਬਰ ਨੂੰ ਸ਼ੇਅਰਾਂ ਲਈ ਬੋਲੀ ਲਾ ਸਕਣਗੇ । ਕੰਪਨੀ ਨੇ ਕਿਹਾ ਕਿ ਪ੍ਰਸਤਾਵਿਤ ਆਈ. ਪੀ. ਓ. ਪੂਰੀ ਤਰ੍ਹਾਂ ਪ੍ਰਮੋਟਰ ਹੁੰਡਈ ਮੋਟਰ ਕੰਪਨੀ ਵੱਲੋਂ 14,21,94,700 ਇਕੁਇਟੀ ਸ਼ੇਅਰਾਂ ਦੀ ਵਿਕਰੀ ਲਈ ਪੇਸ਼ਕਸ਼ ’ਤੇ ਅਧਾਰਤ ਹੈ। ਇਹ ਆਈ. ਪੀ. ਓ. ਭਾਰਤੀ ਉਦਯੋਗ ਲਈ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਦੋ ਦਹਾਕਿਆਂ ਬਾਅਦ ਕੋਈ ਵਾਹਨ ਨਿਰਮਾਤਾ ਕੰਪਨੀ ਆਪਣਾ ਆਈਪੀਓ ਲੈ ਕੇ ਆ ਰਹੀ ਹੈ। ਇਸ ਤੋਂ ਪਹਿਲਾਂ ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜੂਕੀ 2003 ਵਿਚ ਆਪਣਾ ਆਈਪੀਓ ਲੈ ਕੇ ਆਈ ਸੀ।ਮੂਲ ਕੰਪਨੀ ਬਿਕਰੀ ਪੇਸ਼ਕਸ਼ ਰਾਹੀਂ ਆਪਣੀ ਕੁੱਝ ਹਿੱਸੇਦਾਰੀ ਬੇਚ ਰਹੀ ਹੈ। ਐੱਚਐੱਮਆਈਐੱਲ ਨੇ 1996 ਵਿਚ ਭਾਰਤ ਵਿਚ ਕੰਮ ਸ਼ੁਰੂ ਕੀਤਾ ਸੀ ਅਤੇ ਕੰਪਨੀ ਵੱਖ ਸੈਗਮੈਂਟਾਂ ਵਿਚ 13 ਮਾਡਲ ਵੇਚ ਰਹੀ ਹੈ।