ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਗਈ ਟਿੱਪਣੀ ‘ਪੂਰੀ ਤਰ੍ਹਾਂ ਬੇਸੁਆਦੀ ਅਤੇ ਅਪਮਾਨਜਨਕ’ : ਸ਼ਾਹ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਗਈ ਟਿੱਪਣੀ ‘ਪੂਰੀ ਤਰ੍ਹਾਂ ਬੇਸੁਆਦੀ ਅਤੇ ਅਪਮਾਨਜਨਕ’ : ਸ਼ਾਹ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਬੀਤੇ ਦਿਨ ਜੰਮੂ ਅਤੇ ਕਸ਼ਮੀਰ ਵਿਚ ਇਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਗਈ ਟਿੱਪਣੀ ‘ਪੂਰੀ ਤਰ੍ਹਾਂ ਬੇਸੁਆਦੀ ਅਤੇ ਅਪਮਾਨਜਨਕ’ ਹੈ ।
ਸ਼ਾਹ ਨੇ ਦੋਸ਼ ਲਾਇਆ ਕਿ ‘ਵੈਰ-ਵਿਰੋਧ ਦੇ ਤਲਖ਼ ਮੁ਼ਜ਼ਾਹਰੇ’ ਦੌਰਾਨ ਖੜਗੇ ਨੇ ਆਪਣੀ ਸਿਹਤ ਨਾਲ ਸਬੰਧਤ ਜ਼ਾਤੀ ਮਾਮਲੇ ਵਿਚ ਬੇਲੋੜੇ ਢੰਗ ਨਾਲ ਪ੍ਰਧਾਨ ਮੰਤਰੀ ਨੂੰ ਘੜੀਸਦਿਆਂ ਕਿਹਾ ਕਿ ਉਹ ਮੋਦੀ ਨੂੰ ‘ਸੱਤਾ ਤੋਂ ਲਾਹੁਣ ਤੋਂ ਬਾਅਦ ਹੀ ਮਰਨਗੇ’। ਦੱਸਣਯੋਗ ਹੈ ਕਿ ਐਤਵਾਰ ਨੂੰ ਜੰਮੂ ਦੇ ਜਸਰੋਟਾ ਵਿਚ ਇਕ ਜਨਤਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਖੜਗੇ ਨੂੰ ਚੱਕਰ ਆ ਗਿਆ ਸੀ ਅਤੇ ਬੇਆਰਾਮੀ ਮਹਿਸੂਸ ਹੋਈ ਸੀ, ਜਿਸ ਕਾਰਨ ਉਨ੍ਹਾਂ ਨੂੰ ਥੋੜ੍ਹੀ ਦੇਰ ਲਈ ਆਪਣੀ ਤਕਰੀਰ ਰੋਕਣੀ ਪਈ ਸੀ। ਛੋਟੇ ਜਿਹੇ ਵਕਫ਼ੇ ਮਗਰੋਂ ਮੁੜ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਖੜਗੇ ਨੇ ਕਿਹਾ ਸੀ ਕਿ ਉਹ ‘ਮੋਦੀ ਦੇ ਸੱਤਾ ਤੋਂ ਲਾਹੁਣ ਤੋਂ ਪਹਿਲਾਂ ਨਹੀਂ ਮਰਨਗੇ’। ਸ਼ਾਹ ਨੇ ਇਸ ਟਿੱਪਣੀ ਲਈ ਖੜਗੇ ਦੀ ਨਿਖੇਧੀ ਕੀਤੀ ਹੈ। ਸ਼ਾਹ ਨੇ ਇਸ ਸਬੰਧੀ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ, ‘‘ਕੱਲ੍ਹ, ਕਾਂਗਰਸ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ ਜੀ ਨੇ ਆਪਣੇ ਭਾਸ਼ਣ ਵਿਚ ਪੂਰੀ ਤਰ੍ਹਾਂ ਬੇਸੁਆਦੀ ਅਤੇ ਅਪਮਾਨਜਨਕ ਟਿੱਪਣੀ ਕਰਦਿਆਂ ਆਪਣੇ ਆਪ, ਆਪਣੇ ਆਗੂਆਂ ਅਤੇ ਆਪਣੀ ਪਾਰਟੀ ਨੂੰ ਮਾਤ ਦੇ ਦਿੱਤੀ ਹੈ।ਉਨ੍ਹਾਂ ਲਿਖਿਆ ਕਿ ‘‘ਵੈਰ-ਵਿਰੋਧ ਦੇ ਤਲਖ਼ ਪ੍ਰਗਟਾਵੇ ਦੌਰਾਨ ਉਨ੍ਹਾਂ ਬੇਲੋੜੇ ਢੰਗ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਨਿਜੀ ਸਿਹਤ ਮਾਮਲਿਆਂ ਵਿਚ ਇਹ ਕਹਿੰਦਿਆਂ ਘੜੀਸਿਆ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਸੱਤਾ ਤੋਂ ਲਾਹ ਕੇ ਹੀ ਮਰਨਗੇ।ਉਨ੍ਹਾਂ ਕਿਹਾ ਕਿ ਖੜਗੇ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਵਾਲੇ ਮੋਦੀ ਨੂੰ ਕਿੰਨੀ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਤੋਂ ਕਿੰਨਾ ਡਰਦੇ ਵੀ ਹਨ ਅਤੇ ਇਸ ਕਾਰਨ ਉਹ ਲਗਾਤਾਰ ਉਨ੍ਹਾਂ ਬਾਰੇ ਹੀ ਸੋਚਦੇ ਰਹਿੰਦੇ ਹਨ ।