ਉਦਯੋਗਪਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਢੁਕਵੇਂ ਤੇ ਫੌਰੀ ਹੱਲ ਲਈ ਨਿਵੇਕਲੇ ਪਾਇਲਟ ਪ੍ਰੋਜੈਕਟ ਤਹਿਤ ‘ਇੰਡਸਟਰੀ ਫੈਸੀਲੀਟੇਸ਼ਨ ਵਿੰਡੋ’ ਸਥਾਪਤ: ਜਤਿੰਦਰ ਜੋਰਵਾਲ
ਉਦਯੋਗਪਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਢੁਕਵੇਂ ਤੇ ਫੌਰੀ ਹੱਲ ਲਈ ਨਿਵੇਕਲੇ ਪਾਇਲਟ ਪ੍ਰੋਜੈਕਟ ਤਹਿਤ ‘ਇੰਡਸਟਰੀ ਫੈਸੀਲੀਟੇਸ਼ਨ ਵਿੰਡੋ’ ਸਥਾਪਤ: ਜਤਿੰਦਰ ਜੋਰਵਾਲ
ਜ਼ਿਲ੍ਹਾ ਸੰਗਰੂਰ ਦੇ ਉਦਯੋਗਪਤੀਆਂ ਨੂੰ ਮਿਲੀ ਵੱਡੀ ਰਾਹਤ, ਧਨ ਤੇ ਕੀਮਤੀ ਸਮੇਂ ਦੀ ਹੋਵੇਗੀ ਬੱਚਤ
ਸਬੰਧਤ ਵਿਭਾਗਾਂ ਦੇ ਅਧਿਕਾਰੀ ਇੱਕੋ ਛੱਤ ਹੇਠਾਂ ਪ੍ਰਦਾਨ ਕਰਦੇ ਹਨ ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ
ਐਸ.ਡੀ.ਆਈ.ਸੀ ਦੇ ਚੇਅਰਮੈਨ ਡਾ. ਏ.ਆਰ ਸ਼ਰਮਾ ਸਮੇਤ ਹੋਰ ਉਦਯੋਗਪਤੀਆਂ ਨੇ ਕੀਤਾ ਧੰਨਵਾਦ
ਸੰਗਰੂਰ, 11 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਵਿਖੇ ਉਦਯੋਗਿਕ ਵਿਕਾਸ ਨੂੰ ਹੋਰ ਉਤਸ਼ਾਹਿਤ ਕਰਨ ਲਈ, ਉਦਯੋਗਪਤੀਆਂ ਨੂੰ ਬਿਹਤਰੀਨ ਸੁਵਿਧਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਿਵੇਕਲਾ ਪਾਇਲਟ ਪ੍ਰੋਜੈਕਟ ਲਾਗੂ ਕੀਤਾ ਗਿਆ ਹੈ ਜਿਸ ਤਹਿਤ ਉਦਯੋਗਪਤੀ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਵਿਖੇ ਇੰਡਸਟਰੀ ਫੈਸੀਲੀਟੇਸ਼ਨ ਵਿੰਡੋ (ਉਦਯੋਗ ਸੁਵਿਧਾ ਵਿੰਡੋ) ਸਥਾਪਤ ਕੀਤੀ ਗਈ ਹੈ ਅਤੇ ਇਸ ਵਿੰਡੋ ਨੂੰ ਸਥਾਪਤ ਕਰਨ ਦਾ ਮਕਸਦ ਉਦਯੋਗਾਂ ਨਾਲ ਸਬੰਧਤ ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ, ਉਦਯੋਗਪਤੀਆਂ ਨੂੰ ਇਕੋ ਛੱਤ ਹੇਠਾਂ ਪਾਰਦਰਸ਼ੀ ਤੇ ਸਮਾਂਬੱਧ ਪ੍ਰਣਾਲੀ ਨਾਲ ਮੁਹੱਈਆ ਕਰਵਾਉਣਾ ਮਿਥਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਬੁੱਧਵਾਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਫੋਕਲ ਪੁਆਇੰਟ ਸੰਗਰੂਰ ਵਿਖੇ ਸਥਿਤ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ (ਐਸ.ਡੀ.ਆਈ.ਸੀ) ਦੀ ਇਮਾਰਤ ਵਿੱਚ ਇਹ ਸੁਵਿਧਾ ਪਿਛਲੇ 3 ਹਫ਼ਤਿਆਂ ਤੋਂ ਸਫ਼ਲਤਾ ਨਾਲ ਲਾਗੂ ਕੀਤੀ ਗਈ ਹੈ ਜਿਸ ਤਹਿਤ ਹੁਣ ਤੱਕ ਸੰਗਰੂਰ ਤੇ ਮਲੇਰਕੋਟਲਾ ਦੇ ਵੱਡੀ ਗਿਣਤੀ ਉਦਯੋਗਪਤੀਆਂ ਨੇ ਲਾਭ ਉਠਾਇਆ ਹੈ। ਉਨ੍ਹਾਂ ਦੱਸਿਆ ਕਿ ਹਰ ਬੁੱਧਵਾਰ ਡਿਸਟ੍ਰਿਕਟ ਟਾਊਨ ਪਲਾਨਿੰਗ, ਡਿਪਟੀ ਡਾਇਰੈਕਟਰ ਫੈਕਟਰੀਜ਼, ਪਾਵਰਕੌਮ, ਫਾਇਰ ਬ੍ਰਿਗੇਡ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਸਬੰਧਤ ਅਧਿਕਾਰੀ ‘ਉਦਯੋਗ ਸੁਵਿਧਾ ਵਿੰਡੋ’ ਰਾਹੀਂ ਇਨ੍ਹਾਂ ਉਦਯੋਗਪਤੀਆਂ ਵੱਲੋਂ ਧਿਆਨ ਵਿੱਚ ਲਿਆਂਦੇ ਜਾਣ ਵਾਲੇ ਮਾਮਲਿਆਂ ਦੇ ਢੁਕਵੇਂ ਹੱਲ ਲਈ ਕਾਰਜਸ਼ੀਲ ਰਹਿੰਦੇ ਹਨ ਅਤੇ ਇੰਡਸਟਰੀਅਲ ਜ਼ੋਨ, ਸੀ.ਐਲ.ਯੂ, ਫੈਕਟਰੀਆਂ ਦੇ ਲਾਇਸੰਸ ਨਵੇਂ ਬਣਾਉਣ ਜਾਂ ਨਵਿਆਉਣ, ਐਮ.ਐਸ.ਐਮ.ਈ ਰਜਿਸਟਰੇਸ਼ਨ ਆਦਿ ਜ਼ਰੂਰਤਾਂ ਨੂੰ ਤਰਜੀਹੀ ਆਧਾਰ ’ਤੇ ਪੂਰਾ ਕਰਵਾਉਣ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਨ ਜਿਸ ਨਾਲ ਉਦਯੋਗਪਤੀਆਂ ਦੇ ਧਨ ਤੇ ਕੀਮਤੀ ਸਮੇਂ ਦੀ ਬੱਚਤ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਪੈਂਦੀ।
ਇਸ ਸਬੰਧੀ ਐਸ.ਡੀ.ਆਈ.ਸੀ ਦੇ ਚੇਅਰਮੈਨ ਏ.ਆਰ ਸ਼ਰਮਾ ਸਮੇਤ ਹੋਰ ਉਦਯੋਗਪਤੀਆਂ ਨੇ ਇਸ ਸਾਰਥਕ ਉਪਰਾਲੇ ਦੀ ਸ਼ੁਰੂਆਤ ਸੰਗਰੂਰ ਵਿਖੇ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੇ ਇਸ ਉੱਦਮ ਨਾਲ ਉਦਯੋਗਪਤੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਸ ਨਾਲ ਸਮੱਸਿਆਵਾਂ ਦੇ ਤੁਰੰਤ ਸੁਖਾਵੇਂ ਨਿਪਟਾਰੇ ਦਾ ਮੁੱਢ ਬੱਝਾ ਹੈ ਅਤੇ ਬਕਾਇਆ ਮਾਮਲੇ ਵੀ ਨਾਲੋ ਨਾਲ ਹੱਲ ਹੋ ਰਹੇ ਹਨ।