ਲੋਕਾਂ ਦੇ ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਨੇ ਲੋਕਾਂ ਨੂੰ ਸਮਰਪਿਤ ਕੀਤੇ ਤਿੰਨ ਆਮ ਆਦਮੀ ਕਲੀਨਿਕ
ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਬਣੇਗਾ ਸਿਹਤਮੰਦ ਸੂਬਾ-ਅਜੀਤਪਾਲ ਸਿੰਘ ਕੋਹਲੀ
-ਵੱਡਾ ਅਰਾਈ ਮਾਜਰਾ, ਆਰੀਆ ਸਮਾਜ ਤੇ ਸੱਤਿਆ ਇਨਕਲੇਵ ‘ਚ ਆਮ ਆਦਮੀ ਕਲੀਨਿਕ ਲੋਕਾਂ ਲਈ ਬਣਨਗੇ ਵਰਦਾਨ-ਕੋਹਲੀ
-ਕਿਹਾ, ‘ਬਾਬਾ ਜੀਵਨ ਸਿੰਘ ਬਸਤੀ, ਅਬਲੋਵਾਲ ਤੇ ਟੋਬਾ ਬਾਬਾ ਧਿਆਨਾ ਵਿਖੇ ਵੀ ਬਣ ਰਹੇ ਹਨ ਨਵੇਂ ਆਮ ਆਦਮੀ ਕਲੀਨਿਕ’
ਪਟਿਆਲਾ, 5 ਮਈ:
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਆਪਣੇ ਹਲਕੇ ‘ਚ ਅੱਜ ਵੱਡਾ ਅਰਾਈ ਮਾਜਰਾ, ਸੱਤਿਆ ਇਨਕਲੇਵ ਤੇ ਆਰੀਆ ਸਮਾਜ ਵਿਖੇ 3 ਨਵੇਂ ਬਣੇ ਆਮ ਆਦਮੀ ਕਲੀਨਿਕ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੇ। ਵੱਡਾ ਅਰਾਈ ਮਾਜਰਾ ਵਿਖੇ ਆਜ਼ਾਦੀ ਘੁਲਾਟੀਏ ਸ. ਮੋਹਕਮ ਸਿੰਘ ਅਤੇ ਵੱਡੀ ਗਿਣਤੀ ਇਕੱਤਰ ਹੋਏ ਆਮ ਲੋਕਾਂ ਦੀ ਮੌਜੂਦਗੀ ‘ਚ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਇਕ ਸਿਹਤਮੰਦ ਸੂਬਾ ਬਣੇਗਾ, ਕਿਉਂਕਿ ਰਾਜ ‘ਚ ਹੁਣ ਤੱਕ ਬਣੇ 580 ਆਮ ਆਦਮੀ ਕਲੀਨਿਕ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋਣ ਜਾ ਰਹੇ ਹਨ।
ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਨੂੰ ਲੋਕਾਂ ਦੇ ਘਰਾਂ ਨੇੜੇ ਹੀ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦਾ ਇਤਿਹਾਸਕ ਫੈਸਲਾ ਕਰਾਰ ਦਿੰਦਿਆਂ ਅਜੀਤਪਾਲ ਸਿੰਘ ਕੋਹਲੀ, ਜੋਕਿ ਪਟਿਆਲਾ ਸ਼ਹਿਰੀ ਹਲਕੇ ਦੇ ਵਸਨੀਕਾਂ ਦੇ ਆਪਣੇ ਵਿਧਾਇਕ ਵਜੋਂ ਉਭਰਕੇ ਸਾਹਮਣੇ ਆਏ ਹਨ, ਨੇ ਸ਼ਹਿਰ ਵਾਸੀਆਂ ਨੂੰ ਨਵੇਂ ਆਮ ਆਦਮੀ ਕਲੀਨਿਕ ਖੁੱਲ੍ਹਣ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿਹਤਮੰਦ ਪੰਜਾਬ ਸਿਰਜਣ ਲਈ ਲੁਧਿਆਣਾ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਲਈ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪਟਿਆਲਾ ਸ਼ਹਿਰ ਵਿਖੇ ਵੀ ਇਹ ਆਮ ਆਦਮੀ ਕਲੀਨਿਕ ਆਮ ਨਾਗਰਿਕਾਂ ਨੂੰ ਸਮਰਪਿਤ ਕੀਤੇ ਗਏ ਹਨ।
ਇਸ ਮੌਕੇ ਵਿਧਾਇਕ ਕੋਹਲੀ ਨੇ ਲੋਕਾਂ ਦੀ ਸੇਵਾ ਨੂੰ 24 ਘੰਟੇ ਨਿਸ਼ਟਾ ਤੇ ਲਗਨ ਨਾਲ ਸਮਰਪਿਤ ਰਹਿਣ ਦਾ ਵਿਸ਼ਵਾਸ਼ ਦੁਆਉਂਦਿਆਂ ਕਿਹਾ ਕਿ ਬਹੁਤ ਜਲਦ ਅਬਲੋਵਾਲ, ਬਾਬਾ ਜੀਵਨ ਸਿੰਘ ਬਸਤੀ ਤੇ ਟੋਬਾ ਬਾਬਾ ਧਿਆਨਾ ਏ.ਸੀ. ਮਾਰਕੀਟ ਦੀ ਪਾਰਕਿੰਗ ਵਿਖੇ ਤਿੰਨ ਹੋਰ ਆਮ ਆਦਮੀ ਕਲੀਨਿਕ ਸਥਾਪਤ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਅਸਲ ‘ਚ ਲੋਕਾਂ ਨੂੰ ਸਿਹਤ ਸੇਵਾਵਾਂ ਦੀ ਲੋੜ ਹੈ, ਉਥੇ ਹੀ ਇਹ ਕਲੀਨਿਕ ਖੋਲ੍ਹਣਾ ਉਨ੍ਹਾਂ ਦੀ ਇਹ ਤਰਜੀਹ ਰਹੀ ਹੈ।
ਅਜੀਤ ਪਾਲ ਸਿੰਘ ਕੋਹਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਰੱਥ ਲੋਕ ਤਾਂ ਵੱਡੇ ਹਸਪਤਾਲਾਂ ‘ਚ ਆਪਣਾ ਇਲਾਜ ਕਰਵਾ ਸਕਦੇ ਹਨ, ਪਰੰਤੂ ਬਿਹਤਰ ਸਿਹਤ ਸਹੂਲਤਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਵਾਂਝੇ ਰਹਿ ਜਾਣ ਵਾਲੇ ਗਰੀਬ ਤੇ ਆਮ ਲੋਕਾਂ ਲਈ ਇਹ ਆਮ ਆਦਮੀ ਕਲੀਨਿਕ ਇੱਕ ਵਰਦਾਨ ਸਾਬਤ ਹੋ ਰਹੇ ਹਨ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਹਲਕੇ ‘ਚ ਪਹਿਲਾਂ ਭਾਸ਼ਾ ਵਿਭਾਗ, ਦਾਰੂ ਕੁਟੀਆ ਮੁਹੱਲਾ, ਮਥੁਰਾ ਕਲੋਨੀ, ਸਿਟੀ ਬ੍ਰਾਂਚ, ਗੁੜ ਮੰਡੀ ਨੇੜੇ ਹੈਡਲੀ ਫੀਮੇਲ, ਬਡੂੰਗਰ ਵਿਖੇ ਸਫ਼ਲਤਾ ਪੂਰਵਕ ਚੱਲ ਰਹੇ 6 ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਤੇ ਇੱਥੇ 2200 ਤੋਂ 2500 ਦੇ ਆਸ-ਪਾਸ ਲੋਕ ਪ੍ਰਤੀ ਕਲੀਨਿਕ ਵਿਖੇ ਹਰ ਮਹੀਨੇ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ, ਸਿਵਲ ਸਰਜਨ ਡਾ. ਰਮਿੰਦਰ ਕੌਰ, ਡਾ. ਨਿੱਧੀ ਸ਼ਰਮਾ ਆਹਲੂਵਾਲੀਆ, ਹਰਪ੍ਰੀਤ ਸਿੰਘ, ਦਲੇਰ ਸਿੰਘ, ਹਰਸ਼ਪਾਲ ਰਾਹੁਲ, ਅਜੀਤ ਸਿੰਘ, ਨਿੰਦਰ ਕਾਹਲੋਂ, ਸਤਨਾਮ ਸਿੰਘ, ਵਿਜੇ ਸੈਣੀ, ਪ੍ਰੀਤ ਕਮਲ ਅਤੇ ਸੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਵੀ ਮੌਜੂਦ ਸਨ।