ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਾਨਦਾਰ ਉਦਘਾਟਨ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਾਨਦਾਰ ਉਦਘਾਟਨ
ਪੰਜਾਬ ਦੇ 23 ਜ਼ਿਲਿਆਂ ਦੇ 300 ਤੋਂ ਵੱਧ ਖਿਡਾਰੀ ਲੈ ਰਹੇ ਹਨ ਹਿੱਸਾ
ਲੌਂਗੋਵਾਲ/ਸੰਗਰੂਰ, 18 ਸਤੰਬਰ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਊਧਮ ਸਿੰਘ ਵਾਲਾ ਹਲਕੇ ਦੇ ਪਿੰਡ ਸਾਹੋਕੇ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਾਂ ਹੇਠ ਆਰੰਭ ਹੋਈਆਂ ਅੰਤਰ ਜ਼ਿਲਾ ਸਕੂਲੀ ਖੇਡਾਂ (ਵਾਲੀਬਾਲ) ਅੰਡਰ 19 ਉਮਰ ਵਰਗ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਪੌਣੇ ਤਿੰਨ ਸਾਲਾਂ ਤੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਨਾ ਕੇਵਲ ਸਰਕਾਰੀ ਪੱਧਰ ਉੱਤੇ ਬਲਕਿ ਸਮਾਜ ਵਿੱਚ ਵੀ ਖੇਡਾਂ ਪ੍ਰਤੀ ਵੱਡੀ ਦਿਲਚਸਪੀ ਪੈਦਾ ਹੋਈ ਨਜ਼ਰ ਆ ਰਹੀ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਾਲ 2022 ਦੌਰਾਨ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸੂਬੇ ਦੇ ਕਰੀਬ 3.5 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਸੀ ਜਦਕਿ ਉਸ ਤੋਂ ਬਾਅਦ ਸਾਲ 2023 ਵਿੱਚ ਇਹਨਾਂ ਖਿਡਾਰੀਆਂ ਦੀ ਗਿਣਤੀ ਵੱਧ ਕੇ 4.5 ਲੱਖ ਤੇ ਪੁੱਜ ਗਈ ਸੀ ਅਤੇ ਸਾਡੇ ਸਾਰਿਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਅਗਸਤ ਮਹੀਨੇ ਵਿੱਚ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਤੋਂ ਆਰੰਭ ਹੋਏ ਖੇਡਾਂ ਦੇ ਇਸ ਮਹਾਂਕੁੰਭ ਦੇ ਤਹਿਤ ਇਸ ਵਾਰ ਲਗਭਗ 5.5 ਲੱਖ ਖ਼ਿਡਾਰੀਆਂ ਦੇ ਭਾਗ ਲੈਣ ਦੀ ਸੰਭਾਵਨਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲੀ ਖੇਡ ਮੁਕਾਬਲਿਆਂ ਵਿੱਚ ਪੰਜਾਬ ਦੇ 23 ਜ਼ਿਲਿਆਂ ਅਤੇ ਚਾਰ ਵਿੰਗਾਂ ਦੇ ਲਗਭਗ 300 ਖਿਡਾਰੀ ਹਿੱਸਾ ਲੈ ਰਹੇ ਹਨ ਜੋ ਕਿ ਹਲਕਾ ਸੁਨਾਮ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਸੋਹਣਾ ਤੇ ਰੰਗਲਾ ਪੰਜਾਬ
ਬਣਾਉਣ ਦੇ ਮਿੱਥੇ ਟੀਚੇ ਨੂੰ ਸਾਕਾਰ ਕਰਨ ਲਈ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਇੱਕ ਅਜਿਹਾ ਮਿਆਰੀ ਮੰਚ ਸਾਬਤ ਹੋ ਰਿਹਾ ਹੈ ਜਿੱਥੇ ਵੱਖ-ਵੱਖ ਉਮਰ ਵਰਗ ਦੇ ਖੇਡ ਮੁਕਾਬਲਿਆਂ ਵਿੱਚ ਇੱਕੋ ਹੀ ਪਰਿਵਾਰ ਨਾਲ ਸੰਬੰਧਿਤ ਤਿੰਨ ਤਿੰਨ ਪੀੜੀਆਂ ਦੇ ਖਿਡਾਰੀ ਬਲਾਕ, ਜ਼ਿਲਾ ਅਤੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ ਜਿਸ ਵਿੱਚ ਕਈ ਥਾਈ, ਕਈ ਖੇਡਾਂ ਵਿੱਚ ਦਾਦੇ, ਪਿਓ ਅਤੇ ਪੋਤੇ ਵੀ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਦੇਖੇ ਗਏ ਹਨ।
ਅਮਨ ਅਰੋੜਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ ਇਸ ਛੋਟੇ ਜਿਹੇ ਪਿੰਡ ਸਾਹੋਕੇ ਵਿੱਚ ਖੇਡਾਂ ਨੂੰ ਲੈ ਕੇ ਬੱਚਿਆਂ ਤੇ ਨੌਜਵਾਨ ਵਰਗ ਵਿੱਚ ਵੱਡਾ ਉਤਸ਼ਾਹ ਹੈ ਅਤੇ ਖੇਡਾਂ ਦੀ ਪ੍ਰਫੁਲਤਾ ਵਿੱਚ ਇਹ ਪਿੰਡ ਅਹਿਮ ਯੋਗਦਾਨ ਪਾ ਰਿਹਾ ਹੈ ਜਿਸ ਦੇ ਚਲਦਿਆਂ ਹੀ ਇਸ ਖੇਡ ਚੈਂਪੀਅਨਸ਼ਿਪ ਦਾ ਆਯੋਜਨ ਇਸ ਪਿੰਡ ਵਿੱਚ ਕਰਵਾਇਆ ਗਿਆ ਹੈ।
ਉਦਘਾਟਨੀ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਨੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨੂੰ ਸਫਲ ਆਯੋਜਨ ਲਈ ਸਨਮਾਨਿਤ ਕੀਤਾ । ਇਸ ਮੌਕੇ ਜਿਲਾ ਸਿੱਖਿਆ ਅਫਸਰ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੇਡਾਂ ਦੇ ਖੇਤਰ ਵਿੱਚ ਵੱਡਾ ਨਾਮਣਾ ਖੱਟਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੇ ਅਖੀਰ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਲੋਕ ਨਾਚ ਗਿੱਧੇ ਅਤੇ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਕੌਰ, ਚੇਅਰਮੈਨ ਗੀਤੀ ਮਾਨ, ਬਲਾਕ ਪ੍ਰਧਾਨ ਸੁੱਖ ਸਾਹੋਕੇ, ਜਗਰਾਜ ਸਿੰਘ, ਸਤਨਾਮ ਸਿੰਘ ਕਾਲਾ, ਗੁਰਦੀਪ ਸਿੰਘ ਤਕੀਪੁਰ, ਮਨੀ ਸਰਾਉ, ਜੱਸੀ ਬਡਰੁੱਖਾਂ, ਜਗਪਾਲ ਸਿੰਘ ਸਾਹੋਕੇ, ਜੋਧਾ ਸਿੰਘ, ਦਵਿੰਦਰ ਸਿੰਘ ਬੁਗਰਾਂ, ਬਲਵਿੰਦਰ ਸਿੰਘ ਢਿੱਲੋ, ਦਵਿੰਦਰ ਢੱਡਰੀਆਂ ਵੀ ਹਾਜ਼ਰ ਸਨ।
