ਸ਼ੋ੍ਰਮਣੀ ਕਮੇਟੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ 100ਵਾਂ ਜਨਮ ਦਿਨ ਧੂਮਧਾਮ ਨਾਲ ਮਨਾਏਗੀ : ਜਥੇਦਾਰ ਗੜ੍ਹੀ

ਸ਼ੋ੍ਰਮਣੀ ਕਮੇਟੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ 100ਵਾਂ ਜਨਮ ਦਿਨ ਧੂਮਧਾਮ ਨਾਲ ਮਨਾਏਗੀ : ਜਥੇਦਾਰ ਗੜ੍ਹੀ
ਪ੍ਰਚਾਰਕ ਸਾਹਿਬ ਤੋਂ ਇਲਾਵਾ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਆਰੰਭੀਆਂ ਤਿਆਰੀਆਂ
ਪਟਿਆਲਾ 19 ਸਤੰਬਰ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਵਿਚ ਸ਼ੋ੍ਰਮਣੀ ਕਮੇਟੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ 100ਵਾਂ ਜਨਮ ਦਿਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਖੇ ਧੂਮਧਾਮ ਨਾਲ ਮਨਾਏਗੀ। ਇਹ ਪ੍ਰਗਟਾਵਾ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਅੱਜ ਪ੍ਰਚਾਰਕ ਸਾਹਿਬਾਨ, ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਇਕੱਤਰਤਾ ਦੌਰਾਨ ਕੀਤਾ। ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਜਥੇਦਾਰ ਟੌਹੜਾ ਦੇ ਜਨਮ ਦਿਹਾੜੇ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਸੰਗਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਪ੍ਰਚਾਰਕ, ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਲਗਾਈ ਜਾ ਰਹੀ ਹੈ ਕਿ ਉਹ 24 ਸਤੰਬਰ ਨੂੰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਹੋ ਕੇ ਪੰਥਕ ਸਖਸ਼ੀਅਤਾਂ ਦੇ ਵਿਚਾਰ ਸੁਣਨ ਕਿਉਂਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਬਤੌਰ ਸ਼ੋ੍ਰਮਣੀ ਕਮੇਟੀ ਪ੍ਰਧਾਨ ਹੁੰਦਿਆਂ, ਸਿਆਸੀ, ਸਮਾਜਕ ਅਤੇ ਧਾਰਮਕ ਪੱਧਰ ’ਤੇ ਵੱਡਾ ਯੋਗਦਾਨ ਪਾਇਆ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ਉਨ੍ਹਾਂ ਨੂੰ ਪੰਥ ਰਤਨ ਦੀ ਉਪਾਧੀ ਦਿੱਤੀ ਗਈ ਸੀ ਉਨ੍ਹਾਂ ਦੀਆਂ ਪੰਥਕ ਸਫਾਂ ਵਿਚ ਕਾਰਜਾਂ ਨੂੰ ਕਦੇ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ ।
ਜਥੇਦਾਰ ਗੜ੍ਹੀ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਬੰਧਾਂ ਸਬੰਧੀ ਇਕੱਤਰਤਾ ਕਰਨਗੇ ਤਾਂ ਕਿ ਸਮੁੱਚੇ ਰੂਪ ਵਿਚ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ । ਉਨ੍ਹਾਂ ਦੱਸਿਆ ਕਿ ਜਿਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ’ਤੇ ਜਥੇਦਾਰ ਟੌਹੜਾ ਦਾ ਜਨਮ ਦਿਨ ਮਨਾਉਣ ਜਾ ਰਹੀ, ਉਥੇ ਹੀ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਸਾਹਿਬਾਨ ਤੇ ਸਮੁੱਚੀ ਲੀਡਰਸ਼ਿਪ ਵੀ ਪੁੱਜ ਰਹੀ ਹੈ। ਇਸ ਦੌਰਾਨ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਜਥੇਦਾਰ ਟੌਹੜਾ ਦੇ ਜਨਮ ਦਿਹਾੜੇ ਸਬੰਧੀ ਸੰਗਤਾਂ ਦੀ ਸ਼ਮੂਲੀਅਤ ਲਈ ਸ਼ੋ੍ਰਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਜਾਣ ਵਾਸਤੇ ਬੱਸਾਂ ਤੇ ਵਾਹਨਾਂ ਭੇਜੇਗੀ ਤਾਂ ਕਿ ਸਮਾਗਮ ਵਿਚ ਪੁੱਜਣ ਵਿਚ ਕਿਸੇ ਵੀ ਤਰ੍ਹਾਂ ਸੰਗਤ ਨੂੰ ਦਿੱਕਤ ਦਰਪੇਸ਼ ਨਾ ਹੋਵੇ। ਇਸ ਬੈਠਕ ਦੌਰਾਨ ਪ੍ਰਚਾਰਕ ਸਾਹਿਬਾਨ, ਅਧਿਕਾਰੀਆਂ ਤੇ ਮੁਲਾਜ਼ਮ ਆਦਿ ਨੇ ਵੀ ਆਪੋ ਆਪਣੇ ਸੁਝਾਅ ਪੇਸ਼ ਕੀਤੇ, ਜਿਨ੍ਹਾਂ ਨੂੰ ਅਗਲੇਰੀਆਂ ਇਕੱਤਰਤਾਵਾਂ ਵਿਚ ਵਿਚਾਰਿਆ ਜਾਵੇਗਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲੇ, ਜਥੇਦਾਰ ਹਰਬੰਸ ਸਿੰਘ ਲੰਗ, ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਸੁਰਜੀਤ ਸਿੰਘ ਕੌਲੀ, ਆਤਮ ਪ੍ਰਕਾਸ਼ ਸਿੰਘ ਬੇਦੀ, ਸੁਰਿੰਦਰ ਸਿੰਘ ਘੁਮਾਣਾ ਆਦਿ ਵੀ ਇਸ ਮੀਟਿੰਗ ਦੌਰਾਨ ਹਾਜ਼ਰ ਸਨ।
