ਮੇਘਵਾਲ ਨੇ ਦਿੱਤਾ ਅਦਾਲਤਾਂ ਬਾਰੇ ‘ਤਾਰੀਖ਼ ਪੇ ਤਾਰੀਖ਼’ ਧਾਰਨਾ ਤੋੜਨ ਦਾ ਸੱਦਾ
ਮੇਘਵਾਲ ਨੇ ਦਿੱਤਾ ਅਦਾਲਤਾਂ ਬਾਰੇ ‘ਤਾਰੀਖ਼ ਪੇ ਤਾਰੀਖ਼’ ਧਾਰਨਾ ਤੋੜਨ ਦਾ ਸੱਦਾ
ਨਵੀਂ ਦਿੱਲੀ : ਕਾਨੂੰਨ ਮੰਤਰੀ ਅਰਜੁਨ ਕੁਮਾਰ ਮੇਘਵਾਲ ਨੇ ਮੁਲਕ ’ਚ ਨਿਆਂ ਪ੍ਰਣਾਲੀ ਬਾਰੇ ‘ਤਾਰੀਖ਼ ਪੇ ਤਾਰੀਖ਼’ ਦੀ ਪ੍ਰਚੱਲਤ ਧਾਰਨਾ ਤੋੜਨ ਲਈ ਰਲ ਕੇ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨਾਲ ਆਮ ਲੋਕਾਂ ’ਚ ਅਦਾਲਤਾਂ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਬਕਾਇਆ ਪਏ ਕੇਸਾਂ ਦੇ ਅਧਿਐਨ ਦੀ ਵੀ ਤਜਵੀਜ਼ ਪੇਸ਼ ਕੀਤੀ। ਮੰਤਰੀ ਨੇ ਕਿਹਾ ਕਿ ਪੁਰਾਣੇ ਮੁਕੱਦਮਿਆਂ ਦੇ ਅਧਿਐਨ ਅਤੇ ਇਕੋ ਨਾਲ ਦੇ ਕੇਸਾਂ ਨੂੰ ਜੋੜਨ ਨਾਲ ਅਦਾਲਤਾਂ ’ਚ ਬਕਾਇਆ ਪਏ ਕੇਸਾਂ ਦਾ ਨਿਬੇੜਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕੁਝ ਹਾਈ ਕੋਰਟਾਂ ਵੱਲੋਂ ਅਜਿਹੀ ਪ੍ਰਣਾਲੀ ਅਪਣਾਉਣ ਲਈ ਸ਼ਲਾਘਾ ਕੀਤੀ। ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਹਾਜ਼ਰੀ ’ਚ ਜ਼ਿਲ੍ਹਾ ਨਿਆਂਪਾਲਿਕਾ ਦੀ ਕੌਮੀ ਕਾਨਫਰੰਸ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੇਘਵਾਲ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ‘ਸਾਰਿਆਂ ਲਈ ਨਿਆਂ’ ਦਾ ਟੀਚਾ ਪੂਰਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸ ਪ੍ਰੋਗਰਾਮ ਤਹਿਤ ਕਿਫਾਇਤੀ, ਫੌਰੀ ਅਤੇ ਤਕਨਾਲੋਜੀ ਆਧਾਰਿਤ ਨਿਆਂ ਲੋਕਾਂ ਨੂੰ ਘਰਾਂ ਨੇੜੇ ਹੀ ਮਿਲੇਗਾ।