ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪਟਿਆਲਾ ਤੋਂ ਕਰਵਾਉਣਗੇ ਸੀ.ਐਮ. ਦੀ ਯੋਗਸ਼ਾਲਾ ਦਾ ਰਾਜ ਪੱਧਰੀ ਆਗਾਜ਼-ਡਾ. ਬਲਬੀਰ ਸਿੰਘ
ਕਿਹਾ, ‘ਪੰਜਾਬ ਨੂੰ ਤੰਦਰੁਸਤ, ਖੁਸ਼ਹਾਲ ਤੇ ਰੰਗਲਾ ਬਣਾਉਣ ਦੀ ਸ਼ੁਰੂਆਤ ਪੰਜਾਬੀਆਂ ਲਈ ਵੱਡੀ ਖੁਸ਼ਖ਼ਬਰੀ’
-ਸਾਰੇ ਪੰਜਾਬੀਆਂ ਨੂੰ ਯੋਗਾ ਕਰਨ ਦਾ ਖੁੱਲ੍ਹਾ ਸੱਦਾ, ਲੋਕਾਂ ਨੂੰ ਮੁਹੱਲਿਆਂ ‘ਚ ਮੁਫ਼ਤ ਪ੍ਰਦਾਨ ਹੋਣਗੇ ਯੋਗ ਅਧਿਆਪਕ-ਡਾ. ਬਲਬੀਰ ਸਿੰਘ
ਪਟਿਆਲਾ, 4 ਅਪ੍ਰੈਲ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 5 ਅਪ੍ਰੈਲ ਨੂੰ ਸੀ.ਐਮ. ਯੋਗਸ਼ਾਲਾ ਦਾ ਪੰਜਾਬ ‘ਚ ਰਾਜ ਪੱਧਰੀ ਆਗਾਜ਼ ਪਟਿਆਲਾ ਤੋਂ ਸਾਂਝੇ ਤੌਰ ‘ਤੇ ਕਰਵਾਉਣਗੇ।
ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਲਈ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਦੇ ਜਿਮਨੇਜੀਅਮ ਹਾਲ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀ ਰੂਪ ਰੇਖਾ ਦੱਸਣ ਲਈ ਅੱਜ ਇੱਥੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਿਹਤ ਦਾ ਫ਼ਿਕਰ ਕਰਦਿਆਂ ਪੰਜਾਬ ਸਰਕਾਰ ਨੇ ਸਟੇਟ ਆਫ਼ ਦੀ ਆਰਟ ਮੈਡੀਕਲ ਕਾਲਜ ਤੇ ਜ਼ਿਲ੍ਹਾ ਹਸਪਤਾਲ ਬਣਾਉਣ ਸਮੇਤ ਛੋਟੀਆਂ ਬਿਮਾਰੀਆਂ ਦਾ ਇਲਾਜ ਲੋਕਾਂ ਦੇ ਦੁਆਰ ‘ਤੇ ਕਰਨ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦਿਆਂ ਲੋਕਾਂ ਨੂੰ ਆਹਾਰ, ਵਿਵਹਾਰ, ਮੈਡੀਟੇਸ਼ਨ, ਪ੍ਰਾਣਾਯਾਮ ਅਤੇ ਯੋਗਾ ਅਭਿਆਸ ਨਾਲ ਬਿਮਾਰੀਆਂ ਤੋਂ ਬਚਾਉਣ ਲਈ ਸੀ.ਐਮ. ਯੋਗਸ਼ਾਲਾ ਨੂੰ ਪਟਿਆਲਾ, ਅੰਮ੍ਰਿਤਸਰ, ਫਗਵਾੜਾ ਤੇ ਲੁਧਿਆਣਾ ‘ਚ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕਰਕੇ ਸੀ.ਐਮ. ਯੋਗਸ਼ਾਲਾ ਨੂੰ ਪੂਰੇ ਪੰਜਾਬ ‘ਚ ਲਾਗੂ ਕੀਤਾ ਜਾ ਰਿਹਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਿਹੜੇ ਲੋਕ ਆਪਣੇ ਪਿੰਡਾਂ ਤੇ ਮੁਹੱਲਿਆਂ ਵਿੱਚ ਇਹ ਯੋਗਸ਼ਾਲਾ ਖੁਲ੍ਹਵਾਉਣਾ ਚਾਹੁੰਦੇ ਹਨ, ਉਹ ਹੈਲਪਲਾਈਨ ਨੰਬਰ 76694-00500 ‘ਤੇ ਇੱਕ ਮਿਸ ਕਾਲ ਦੇ ਸਕਦੇ ਹਨ, ਇਸ ਲਈ ਪੰਜਾਬ ਸਰਕਾਰ ਯੋਗਾ ਅਧਿਆਪਕ ਦਾ ਮੁਫ਼ਤ ਪ੍ਰਬੰਧ ਕਰੇਗੀ। ਲੋਕਾਂ ਨੂੰ ਯੋਗਾ ਜਰੂਰ ਤੇ ਰੋਜ਼ ਕਰਨ ਦਾ ਖੁੱਲ੍ਹਾ ਸੱਦਾ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਹੱਸਣ ਦੀ ਅਸਲ ਵਜ੍ਹਾ ਦੇ ਰਹੇ ਹਨ ਤੇ ਸੀ.ਐਮ. ਯੋਗਸ਼ਾਲਾ ਵੀ ਇਸੇ ਕੜੀ ਦਾ ਇਕ ਅਹਿਮ ਹਿੱਸਾ ਹੈ।
ਡਾ. ਬਲਬੀਰ ਸਿੰਘ ਨੇ ਇੱਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਤੋਂ 60 ਨੌਜਵਾਨਾਂ ਨੂੰ ਯੋਗਾ ਦੀ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਕਿ ਉਹ ਜੋੜਾਂ ਦੇ ਦਰਦ, ਸੂਗਰ, ਬੀ.ਪੀ. ਤੇ ਚੰਗੀ ਸਿਹਤ ਲਈ ਯੋਗ ਅਭਿਆਸ ਵਿਧੀਵਤ ਤਰੀਕੇ ਨਾਲ ਕਰਵਾ ਸਕਣ।
ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਅੰਦਰ 16 ਆਯੁਰਵੈਦਿਕ ਕਾਲਜਾਂ, ਸਪੋਰਟਸ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਐਨ.ਆਈ.ਐਸ. ‘ਚ ਯੋਗਾ ਦੇ ਕੋਰਸ ਹਨ, ਇਨ੍ਹਾਂ ਨੂੰ ਨਾਲ ਜੋੜਕੇ ਪੜਾਅਵਾਰ 2500 ਵੈਲਨੈਸ ਸੈਂਟਰ ਤੇ 500 ਆਮ ਆਦਮੀ ਕਲੀਨਿਕ ਵਿਖੇ ਵੀ ਯੋਗਾ ਦੀਆਂ ਕਲਾਸਾਂ ਲੱਗਣਗੀਆਂ। ਇਸ ਤੋਂ ਬਿਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਯੋਗਾ ਕਰਵਾਇਆ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਮੁਢਲੀਆਂ ਬਿਮਾਰੀਆਂ ਤੋਂ ਯੋਗਾ ਨਾਲ ਠੀਕ ਕਰ ਦਿੱਤਾ ਜਾਵੇ ਤਾਂ ਉਹ ਗੰਭੀਰ ਬਿਮਾਰੀਆਂ ਤੋਂ ਵੀ ਬਚ ਸਕਣਗੇ ਜੋਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਮੁੱਖ ਟੀਚਾ ਹੈ ਤਾਂ ਕਿ ਲੋਕਾਂ ਨੂੰ ਬਿਨ੍ਹਾਂ ਦਵਾਈ ਚੰਗੀ ਸਿਹਤ ਪ੍ਰਦਾਨ ਕੀਤੀ ਜਾ ਸਕੇ ਤੇ ਲੋਕਾਂ ਨੂੰ ਹਸਪਤਾਲ ‘ਚ ਜਾਣ ਦੀ ਬਹੁਤ ਘੱਟ ਲੋੜ ਪਵੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਨਸ਼ਿਆਂ ਦੀ ਲਤ ਲਗਾ ਚੁੱਕੇ ਲੋਕਾਂ ਨੂੰ ਵੀ ਠੀਕ ਕਰਨ ਲਈ ਯੋਗਾ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਯੋਗਾ ਨਾਲ ਜਿੱਥੇ ਨੌਜਵਾਨਾਂ ਲਈ ਯੋਗਾ ਦੇ ਖੇਤਰ ‘ਚ ਨੌਕਰੀਆਂ ਦੇ ਅਹਿਮ ਮੌਕੇ ਪ੍ਰਦਾਨ ਹੋਣਗੇ ਉਥੇ ਹੀ ਪੰਜਾਬੀਆਂ ਦੀ ਸਿਹਤ ਵੀ ਦਵਾਈਆਂ ਤੋਂ ਬਗੈਰ ਸਿਹਤਯਾਬ ਹੋਣ ਦੇ ਰਾਹ ਪਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ, ਮਜ਼ਦੂਰ ਪੱਖੀ ਫੈਸਲੇ ਲਏ ਅਤੇ ਪੰਜਾਬ ਨੂੰ ਮੁੜ ਤੋਂ ਤੰਦਰੁਸਤ, ਹੱਸਦਾ, ਖੇਡਦਾ ਤੇ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸੀ.ਐਮ. ਯੋਗਸ਼ਾਲਾ, ਸੂਬੇ ਦੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇੱਕ ਬਹੁਤ ਵੱਡਾ ਤੋਹਫ਼ਾ ਹੈ।
ਇਸ ਤੋਂ ਬਾਅਦ ਡਾ. ਬਲਬੀਰ ਸਿੰਘ ਨੇ ਜਿਮਨੇਜੀਅਮ ਹਾਲ ਵਿਖੇ ਰਾਜ ਪੱਧਰੀ ਸਮਾਗਮ ਲਈ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਬੈਠਕ ਵੀ ਕੀਤੀ। ਇਸ ਮੌਕੇ ਆਪ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸੂਬਾ ਸਕੱਤਰ ਜਰਨੈਲ ਸਿੰਘ ਮੰਨੂ, ਕਰਨਲ ਜੇ.ਵੀ ਸਿੰਘ, ਪਰਦੀਪ ਜੋਸ਼ਨ, ਬਲਵਿੰਦਰ ਸੈਣੀ ਤੇ ਮਨਪ੍ਰੀਤ ਸਿੰਘ ਵੀ ਮੌਜੂਦ ਸਨ।