ਯੂਨੀਵਰਸਿਟੀ ਦੇ ਵਿਦਿਆਰਥੀਆਂ, ਮੁਲਾਜ਼ਮਾਂ ਨੇ ਤਿੱਖੀ ਨਾਅਰੇਬਾਜ਼ੀ ਦੌਰਾਨ ਕੀਤਾ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਤੇ ਪ੍ਰਦਰਸ਼ਨ
ਕਈ ਘੰਟੇ ਜਾਮ ਰਿਹਾ ਟਰੈਫਿਕ : ਸਰਕਾਰ ਤੁਰੰਤ 360 ਕਰੋੜ ਰੁਪਏ ਦੀ ਕਰਾਂਟ ਕਰੇ ਰਿਲੀਜ
– ਸ਼ਹੀਦਾਂ ਦੇ ਜਿੰਦਾਬਾਦ ਦੇ ਨਾਅਰੇ ਗੂੰਜੇ ਤੇ ਸਰਕਾਰ ਦੇ ਮੁਰਦਾਬਾਦ ਦੇ ਨਾਅਰੇ
ਪਟਿਆਲਾ, 23 ਮਾਰਚ :
ਪੰਜਾਬ ਸਰਕਾਰ ਤੋਂ 360 ਕਰੋੜ ਰੁਪਏ ਦੀ ਗਰਾਂਟ ਲੈਣ ਲਈ ਅਤੇ ਯੂਨੀਵਰਸਿਟੀ ਨੂੰ ਬਚਾਉਣ ਲਈ ਅੱਜ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ ਦੀ ਅਗਵਾਈ ਹੇਠ ਹਜਾਰਾਂ ਵਿਦਿਆਰਥੀਆਂ, ਅਧਿਆਪਕਾਂ, ਮੁਲਾਜ਼ਮਾਂ ਨੇ ਸਿਹਤ ਮੰਤਰੀ ਪੰਜਾਬ ਦੀ ਪਟਿਆਲਾ ਸਥਿਤ ਕੋਠੀ ਤੱਕ ਰੋਸ਼ ਮਾਰਚ ਕਰਕੇ ਕੋਠੀ ਦਾ ਘਿਰਾਓ ਕੀਤਾ ਅਤੇ ਰੋਸ਼ ਪ੍ਰਦਰਸ਼ਨ ਕਰਦਿਆਂ ਜਮਕੇ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ। ਹਜਾਰਾਂ ਲੋਕ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ, ਉੱਥੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਵੀ ਆਸਮਾਨ ਗੂੰਜ ਰਿਹਾ ਸੀ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਮੋਰਚੇ ਵਿਚੋਂ ਵਿਦਿਆਰਥੀ ਅਤੇ ਅਧਿਆਪਕ ਮੁਲਾਜ਼ਮ ਬੱਸਾਂ ਅਤੇ ਕਾਰਾਂ ਵਿੱਚ ਸਵਾਰ ਹੋ ਕੇ ਪਟਿਆਲਾ ਦੇ ਪੁੱਡਾ ਮੈਦਾਨ, ਤ੍ਰਿਪੜੀ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉੱਥੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਸੀ। ਪੁਲਿਸ ਨੇ ਡਾ. ਬਲਬੀਰ ਸਿੰਘ ਦੇ ਘਰ ਨਾ ਹੋਣ ਦਾ ਬਹਾਨਾ ਦੇ ਕੇ ਮੋਰਚੇ ਨੂੰ ਉੱਥੇ ਹੀ ਰੋਕਣ ਦੀ ਵੀ ਕੋਸ਼ਿਸ ਕੀਤੀ ਪਰ ਮੋਰਚੇ ਨੇ ਸਿਹਤ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਤੇ ਘਿਰਾਓ ਕੀਤਾ। ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਤੋਂ ਗੁਰਦੀਪ ਅਤੇ ਕਲਮਦੀਪ ਜਲੂਰ, ਪੰਜਾਬ ਸਟੁਡੇਂਟ ਯੂਨੀਅਨ (ਲਲਕਾਰ) ਤੋਂ ਗੁਰਪ੍ਰੀਤ ਅਤੇ ਰਤਨ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੋਂ ਵਰਿੰਦਰ ਅਤੇ ਪਿਰਤਪਾਲ, ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਤੋਂ ਰਸ਼ਪਿੰਦਰ ਜ਼ਿੰਮੀਂ, ਪੀਐਸਐਫ ਤੋਂ ਗਗਨ, ਪੰਜਾਬ ਸਟੂਡੈਂਟ ਫੈਡਰੇਸ਼ਨ (ਰੰਧਾਵਾ) ਤੋਂ ਬਲਵਿੰਦਰ ਅਤੇ ਡਾ ਅੰਬੇਡਕਰ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਤੋਂ ਕ੍ਰਾਂਤੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚੋਂ ਡਾ ਗੁਰਨਾਮ ਵਿਰਕ, ਡਾ ਮੋਹਨ ਤਿਆਗੀ ਅਤੇ ਡਾ ਗੁਰਜੰਟ ਸਿੰਘ ਅਤੇ ਡਾ ਚਰਨਜੀਤ ਨੌਹਰਾ ਨੇ ਭਾਗ ਲਿਆ।
ਇਸ ਰੋਸ ਮਾਰਚ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਸਟੂਡੇੰਟ ਫੈਡਰੇਸ਼ਨ ਤੋਂ ਵਰਿੰਦਰ, ਡਾ ਬਲਵਿੰਦਰ ਸਿੰਘ ਟਿਵਾਣਾ ਨੇ ਬੋਲਦਿਆਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਨੇ 285 ਕਰੋੜ ਦੇ ਘਾਟੇ ਦਾ ਬਜਟ ਪੇਸ਼ ਕੀਤਾ ਹੈ ਜੋ ਪੰਜਾਬ ਸਰਕਾਰ ਦੀ ਤੁਰੰਤ ਧਿਆਨ ਮੰਗਦੀ ਹੈ। ਇਸਤੋਂ ਬਿਨਾ 150 ਕਰੋੜ ਤੋਂ ਵੱਧ ਕਰਜ਼ਾ ਹੈ। ਉਹਨਾਂ ਆਖਿਆ ਪੰਜਾਬ ਸਰਕਾਰ ਦੇ ਨੇਤਾ ਗ੍ਰਾਂਟ ਘਟਾ ਕੇ ਅਤੇ ਕਰਜਮੁਕਤੀ ਉੱਤੇ ਚੁੱਪੀ ਧਾਰ ਕੇ ਪੰਜਾਬੀ ਅਤੇ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬੀਅਤ ਨਾਲ ਗੱਦਾਰੀ ਕਰ ਰਹੇ ਹਨ। ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੇ ਰਸ਼ਪਿੰਦਰ ਜਿੰਮੀ ਨੇ ਪੰਜਾਬ ਸਰਕਾਰ ਉੱਤੇ ਭੜਾਸ ਕਢਦਿਆਂ ਆਖਿਆਂ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਯੂਨੀਵਰਸਿਟੀ ਦੇ ਗੇਟ ਤੋਂ ਬਾਹਰ ਨਿਕਲ ਮੁਜ਼ਾਹਰੇ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਤਾਂਹਿਓ ਅੱਜ ਇਹ ਰੋਸ ਮਾਰਚ ਪੁੱਡਾ ਮੈਦਾਨ ਤੋਂ ਚੱਲ ਕੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਤੋਂ ਹੁੰਦਾ ਹੋਇਆ ਪਾਸੀ ਰੋਡ ਉੱਤੇ ਡਾ. ਬਲਵੀਰ ਸਿੰਘ ਦੀ ਕੋਠੀ ਵੱਲ ਪੁੱਜਿਆ ਤੇ ਉਸਦੇ ਸਾਹਮਣੇ ਜਾ ਕੇ ਸੜਕ ਰੋਕ ਕੇ ਤਕਰੀਬਨ ਦੋ ਘੰਟੇ ਦਾ ਧਰਨਾ ਦਿੱਤਾ ਗਿਆ।
ਪੂਟਾ ਦੇ ਲੀਡਰ ਡਾ. ਰਾਜਦੀਪ ਸਿੰਘ ਨੇ ਆਖਿਆ ਕਿ ਜਿਹੜੇ ਆਮ ਲੋਕਾਂ ਨੇ ਬੜੇ ਚਾਅ ਨਾਲ ਸਰਕਾਰ ਨੂੰ ਇਨ੍ਹਾਂ ਸਹਿਯੋਗ ਦਿੱਤਾ ਸੀ ਉਹੀ ਸਰਕਾਰ ਆਮ ਲੋਕਾਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਤੋਂ ਵਾਂਝੇ ਕਰਨ ਵੱਲ ਜਾ ਰਹੀ ਹੈ ਜੋ ਕਿ ਅੱਤ ਮੰਦਭਾਗਾ ਹੈ। ਅੰਤ ਵਿੱਚ ਮੋਰਚੇ ਵੱਲੋਂ ਮੰਗ ਪੱਤਰ ਸਿਹਤ ਮੰਤਰੀ ਦੇ ਸਪੁੱਤਰ ਅਤੇ ਉਨ੍ਹਾਂ ਦੇ ਓਐਸਡੀ ਨੂੰ ਦਿੱਤਾ ਗਿਆ। ਇਸਤੋ ਬਾਅਦ ਆਗੂਆਂ ਨੇ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੇ ਹੀ ਵਾਰ ਵਾਰ ਕੀਤੇ ਵਾਅਦੇ ਅਨੁਸਾਰ ਜੇਕਰ 30 ਕਰੋੜ ਮਹੀਨਾ ਵਾਰ ਗ੍ਰਾਂਟ ਦਾ ਲਿਖਤੀ ਦਸਤਾਵੇਜ਼ ਨਾ ਦਿੱਤਾ ਗਿਆ ਅਤੇ 150 ਕਰੋੜ ਰੁਪਏ ਦੇ ਕਰਜ਼ੇ ਉੱਤੇ ਲੀਕ ਨਾ ਮਾਰੀ ਗਈ ਤਾਂ ਇਹ ਸਰਦਾਰ ਭਗਤ ਸਿੰਘ ਦੇ ਵਿਚਾਰਾਂ ਦੀ ਤੌਹੀਨ ਹੋਵੇਗੀ।