ਪੀ.ਆਰ.ਟੀ.ਸੀ. ਦੇ ਚੇਅਰਮੈਨ ਹਡਾਣਾ ਵੱਲੋਂ ਪਟਿਆਲਾ ਦੇ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ
ਬੱਸ ਅੱਡੇ ‘ਚ ਮਾੜੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਦਾ ਲਿਆ ਨੋਟਿਸ, ਕਾਰਵਾਈ ਦੇ ਦਿੱਤੇ ਆਦੇਸ਼
ਪਟਿਆਲਾ, 29 ਮਾਰਚ:
ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਟਿਆਲਾ ਦੇ ਬੱਸ ਅੱਡੇ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਮੈਨੇਜਿੰਗ ਡਾਇਰੈਕਟਰ ਚਰਨਜੋਤ ਸਿੰਘ ਵਾਲੀਆ ਵੀ ਮੌਜੂਦ ਸਨ।
ਚੇਅਰਮੈਨ ਹਡਾਣਾ ਨੇ ਚੈਕਿੰਗ ਦੌਰਾਨ ਬੱਸ ਅੱਡੇ ਦੀ ਗੰਦਗੀ ਨੂੰ ਦੇਖਦੇ ਹੋਏ, ਖਾਸ ਤੌਰ ‘ਤੇ ਪਖਾਨਿਆਂ ਦੇ ਬਲਾਕ ਸਹੀ ਤਰੀਕੇ ਨਾਲ ਸਾਫ਼ ਨਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਹੋਇਆ ਫੌਰੀ ਤੌਰ ‘ਤੇ ਨਿਯਮਾਂ ਤਹਿਤ ਜੁਰਮਾਨਾ/ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਉਨ੍ਹਾਂ ਆਮ ਲੋਕਾਂ ਤੋਂ ਸਾਇਕਲ ਸਟੈਂਡ ਦੇ ਠੇਕੇਦਾਰ ਵੱਲੋਂ ਵਹੀਕਲ ਪਾਰਕਿੰਗ ਲਈ ਵਾਧੂ ਚਾਰਜ ਵਸੂਲਣ ਦੀਆਂ ਮਿਲ ਰਹੀਆਂ ਸ਼ਿਕਾਇਤ ਸਬੰਧੀ ਮੌਕੇ ‘ਤੇ ਜਾਕੇ ਸਾਈਕਲ ਸਟੈਂਡ ਦੀ ਚੈਕਿੰਗ ਕੀਤੀ ਤਾਂ ਪਾਰਕਿੰਗ ਸਟੈਂਡ ਦੇ ਠੇਕੇਦਾਰ ਨੂੰ ਦੋਸ਼ੀ ਪਾਇਆ ਗਿਆ। ਜਿਸ ਸਬੰਧੀ ਕਾਰਵਾਈ ਕਰਦੇ ਹੋਏ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।
ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਇਸ ਮੌਕੇ ਕਈ ਮਿੰਨੀ ਬੱਸਾਂ ਦੀ ਚੈਕਿੰਗ ਵੀ ਕੀਤੀ ਅਤੇ ਚੈਕਿੰਗ ਮੌਕੇ ਜਿਨ੍ਹਾਂ ਬੱਸ ਚਾਲਕਾਂ ਕੋਲ ਪੂਰੇ ਕਾਗਜ਼ਾਤ ਅਤੇ ਟਾਈਮ ਟੇਬਲ ਨਹੀਂ ਸਨ ਉਹਨਾਂ ਵਿਰੁੱਧ ਵੀ ਆਰ.ਟੀ.ਏ ਪਟਿਆਲਾ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਬੱਸ ਅੱਡੇ ਦੀ ਚੈਕਿੰਗ ਦੌਰਾਨ ਇਹ ਵੀ ਪਾਇਆ ਗਿਆ ਕਿ ਕੁੱਝ ਪ੍ਰਾਈਵੇਟ ਓਪਰੇਟਰਾਂ ਦੀਆਂ ਬੱਸਾਂ ਕਾਫੀ ਲੰਮੇ ਸਮੇਂ ਤੋਂ ਬਿਨ੍ਹਾਂ ਪਾਰਕਿੰਗ ਫੀਸ ਦਿੱਤੇ ਪਾਰਕ ਕੀਤੀਆਂ ਹੋਈਆਂ ਸਨ, ਜਿਸ ਸਬੰਧੀ ਬੱਸਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਬਣਦੀ ਅੱਡਾ ਫੀਸ ਜਮ੍ਹਾਂ ਕਰਵਾਉਣ ਦੇ ਹੁਕਮ ਕੀਤੇ ਗਏ।