ਭਾਰੀ ਮੀਂਹ ਦੇ ਬਾਵਜੂਦ ਡਟਿਆ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ
ਸੈਂਕੜੇ ਵਿਦਿਆਰਥੀਆਂ ਵੱਲੋਂ ਮੀਂਹ ‘ਚ ਜ਼ੋਰਦਾਰ ਰੋਸ਼ ਮਾਰਚ
– ਯੂਨੀਵਰਸਿਟੀ ਵਿੱਚ ਕਲਾਸਾਂ ਦਾ ਬਾਈਕਾਟ : ਯੂਨੀਵਰਸਿਟੀ ਨੂੰ ਮਿਲੇ 360 ਕਰੋੜ ਗਰਾਂਟ
ਪਟਿਆਲਾ, 20 ਮਾਰਚ :
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੁਆਰਾ ਬਜਟ ਵਿੱਚ ਗਰਾਂਟ ਘਟਾਉਣ ਦੇ ਮੁੱਦੇ ਤੇ ਅੱਜ ਸੈਂਕੜੇ ਵਿਦਿਆਰਥੀਆਂ ਵੱਲੋਂ ਬਾਕੀ ਜਥੇਬੰਦੀਆਂ ਨਾਲ ਮਿਲਕੇ ਵਰ੍ਹਦੇ ਮੀਂਹ ‘ਚ ਯੂਨੀਵਰਸਿਟੀ ਵਿੱਚ ਜੋਰਦਾਰ ਰੋਸ ਮਾਰਚ ਕੱਢਿਆ ਗਿਆ ਤੇ ਕਲਾਸਾਂ ਦਾ ਬਾਈਕਾਟ ਕੀਤਾ ਗਿਆ।
ਇਸ ਮੌਕੇ ਮੋਰਚੇ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਹਫ਼ਤਾ ਭਰ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਮੋਰਚੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਇਹ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਸਿੱਖਿਆ ਦੇ ਮੁੱਦੇ ਤੇ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਗੰਭੀਰ ਨਹੀਂ ਹੈ। ਅੱਜ ਦੇ ਪ੍ਰੋਗਰਾਮ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਬਿਮਲ ਕੌਰ ਵੱਲੋਂ ਸੰਬੋਧਨ ਕੀਤਾ ਗਿਆ। ਆਗੂਆਂ ਵਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਪ੍ਰਤੀ ਸੁਹਿਰਦ ਪੰਹੁਚ ਅਪਣਾਉਣ ਦੀ ਬਜਾਏ ਅੜੀਅਲ ਰਵਈਆ ਅਪਣਾ ਰਹੀ ਹੈ। ਸਰਕਾਰ ਵੱਲੋਂ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੀ ਗੱਲ ਕਰਕੇ ਗਰਾਂਟ ਦੇਣ ਦੀ ਜ਼ੁੰਮੇਵਾਰੀ ਤੋਂ ਭੱਜ ਜਾਣਾ ਮੰਦਭਾਗਾ ਹੈ।
ਆਗੂਆਂ ਵੱਲੋਂ ਕਿਹਾ ਗਿਆ ਕਿ ਜਿੰਨਾਂ ਸਮਾਂ ਸਰਕਾਰ ਵੱਲੋਂ ਨੀਤੀਗਤ ਫੈਸਲੇ ਤਹਿਤ 150 ਕਰੋੜ ਦਾ ਕਰਜ਼ਾ ਮਾਫ਼ ਨਹੀਂ ਕੀਤਾ ਜਾਂਦਾ ਅਤੇ ਪੂਰਾ ਬਜਟ ਜਾਰੀ ਕਰਨ ਦਾ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਹਨਾਂ ਸਮਾਂ ਮੋਰਚਾ ਜਾਰੀ ਰਹੇਗਾ। ਸਰਕਾਰ ਵੱਲੋਂ ਜੇਕਰ ਜਲਦੀ ਇਹ ਫੈਸਲੇ ਨਹੀਂ ਕੀਤੇ ਗਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਅਮਨਦੀਪ ਸਿੰਘ ਖਿਉਵਾਲੀ ਵੱਲੋਂ ਕਿਹਾ ਗਿਆ ਕੇ ਇੰਟਰਨੈਟ ਸੇਵਾਵਾਂ ਬੰਦ ਕਰਕੇ ਸਰਕਾਰ ਲੋਕਾਂ ਨੂੰ ਡਰਾ ਰਹੀ ਹੈ ਅਤੇ ਪੰਜਾਬ ਦੇ ਮਹੌਲ ਨੂੰ ਬੇਲੋੜਾ ਹੀ ਖ਼ਤਰਨਾਕ ਸਿੱਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਗਰਾਂਟ ਅਤੇ ਹੋਰ ਵਿਦਿਆਰਥੀ ਮੰਗਾਂ ਲਈ 22 ਮਾਰਚ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਵਿਚਲੀ ਰਿਹਾਇਸ਼ ਅਦਾ ਘਿਰਾਓ ਕੀਤਾ ਜਾਵੇਗਾ। ਅੱਜ ਦੇ ਪ੍ਰੋਗਰਾਮ ਵਿੱਚ ਗੁਰਦਾਸ, ਸੋਨੀ , ਰਸ਼ਪਿੰਦਰ ਜਿੰਮੀਂ, ਪ੍ਰਿਤਪਾਲ, ਅਮ੍ਰਿਤ, ਗੁਰਪ੍ਰੀਤ , ਡਾ. ਗੁਰਜੰਟ ਸਿੰਘ, ਡਾ. ਗੁਰਨਾਮ ਵਿਰਕ, ਕੁਲਵਿੰਦਰ ਕਕਰਾਲਾ, ਡਾ. ਰਾਜਦੀਪ, ਡਾ. ਸੁਖਜਿੰਦਰ ਬੁੱਟਰ, ਹਰਦੀਪ ਸ਼ਰਮਾ, ਹਰਪ੍ਰੀਤ ਸਿੰਘ, ਹਰਦਾਸ, ਪੁਸ਼ਪਿੰਦਰ ਬਰਾੜ, ਅਤੇ ਸੁਖਵਿੰਦਰ ਸੁੱਖੀ ਵੱਲੋਂ ਸ਼ਮੂਲੀਅਤ ਕੀਤੀ ਗਈ।