ਬੇਮੌਸਮੀ ਬਰਸਾਤ ਨੇ ਫੇਰਿਆ ਕਿਸਾਨਾਂ ਦੀ ਆਸਾਂ 'ਤੇ ਪਾਣੀ : ਜ਼ਿਲੇ ਅੰਦਰ ਵੱਖ-ਵੱਖ ਥਾਈ ਫਸਲਾਂ ਵਿਛੀਆਂ
ਤੇਜ਼ ਬਰਸਾਤ ਤੇ ਹਨ੍ਹੇਰੀ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ
– ਬੀਤੀ ਰਾਤ ਤੋਂ ਅੱਜ ਦੁਪਿਹਰ ਤੱਕ ਕਈ ਘੰਟੇ ਪਿਆ ਮੀਂਹ
– ਅਗਲੇ ਦੋ ਦਿਨ ਵੀ ਥੋੜੀ-ਥੋੜੀ ਬਰਸਾਤ ਹੋਣ ਦੀ ਸੰਭਾਵਨਾ
ਪੰਜਾਬ, 18 ਮਾਰਚ :
ਬੇਮੌਸਮੀ ਬਰਸਾਤ ਨੇ ਪਟਿਆਲਾ ਜ਼ਿਲੇ ਅੰਦਰ ਵੱਖ-ਵੱਖ ਥਾਵਾਂ ‘ਤੇ ਵੱਡੇ ਪੱਧਰ ‘ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਕੀਤਾ ਹੈ। ਦੇਰ ਰਾਤ ਤੋਂ ਹੀ ਭਰਵਾਂ ਮੀਂਹ, ਗਰਜਦੇ ਬਦਲ, ਚਲੀਆਂ ਤੇਜ਼ ਹਨ੍ਹੇਰੀਆਂ ਨੇ ਕਿਸਾਨਾਂ ਦੀ ਬਿਲਕੁੱਲ ਪਕਣ ‘ਤੇ ਪੁੱਜੀ ਫਸਲ ਨੂੰ ਧਰਤੀ ‘ਤੇ ਵਿੱਛਾ ਦਿੱਤਾ ਤੇ ਅੱਜ ਦੁਪਿਹਰ ਤੱਕ ਇਹ ਮੀਂਹ ਜਾਰੀ ਸੀ ਤੇ ਆਉਣ ਵਾਲੇ ਦੋ ਦਿਨ ਹੋਰ ਰੁਕ-ਰੁਕ ਕੇ ਬਰਸਾਤ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅੰਦਰ ਬਰਸਾਤ ਨੇ ਕਣਕ ਦੀ ਫਸਲ ਦੇ ਨਾਲ ਨਾਲ ਸਰੌਂ ਦਾ ਨੁਕਸਾਨ ਕੀਤਾ ਹੈ। ਇਸ ਸਮੇਂ ਕੁੱਝ ਸਮੇਂ ਬਾਅਦ ਫਸਲ ਕਟ ਕੇ ਮੰਡੀਆਂ ਵਿੱਚ ਜਾਣ ਲਈ ਤਿਆਰ ਸੀ ਪਰ ਇਸ ਬੇਮੌਸਮੀ ਬਰਸਾਤ ਨੇ ਕਿਸਾਨਾਂ ਦਾ ਕਚੂੰਬਰ ਕੱਢ ਦਿੱਤਾ ਹੈ।
ਪਹਿਲਾਂ ਵੀ ਅਜਿਹੀਆਂ ਬੇਮੌਸਮੀਆਂ ਬਰਸਾਤਾਂ ਤੇ ਹਨ੍ਹੇਰੀਆਂ ਸਭ ਤੋਂ ਵੱਧ ਸੂਬੇ ਦੇ ਕਿਸਾਨਾਂ ਦਾ ਨੁਕਸਾਨ ਕਰਦੀਆਂ ਹਨ ਤੇ ਇਸ ਵਾਰ ਫਿਰ ਇਸ ਬਰਸਾਤ ਨੇ ਸੂਬੇ ਦੀ ਕਿਸਾਨੀ ਨੂੰ ਝਿੰਜੋੜਿਆ ਹੈ। ਕਿਸਾਨ ਕੋਲ ਕਣਕ ਤੇ ਝੋਨਾ ਦੋ ਵੱਡੀਆਂ ਫਸਲਾਂ ਹੁੰਦੀਆਂ ਹਨ ਤੇ ਇਨ੍ਹਾਂ ਫਸਲਾਂ ‘ਤੇ ਹੀ ਉਸਦੇ ਪੂਰੇ ਸਾਲ ਦੀ ਰੋਜੀ ਰੋਟੀ ਨਿਰਭਰ ਹੁੰਦੀ ਹੈ। ਇਸ ਹੋਏ ਨੁਕਸਾਨ ਤੇ ਧਰਤੀ ‘ਤੇ ਵਿਛੀਆਂ ਫਸਲਾਂ ਨਾਲ ਵੱਡੇ ਪੱਧਰ ‘ਤੇ ਕਿਸਾਨਾਂ ਦਾ ਵਿੱਤੀ ਸੰਕਟ ਤੇ ਨੁਕਸਾਨ ਹੋਵੇਗਾ। ਸਨੌਰ ਨੇੜਲੇ ਪਿੰਡਾਂ ਨੌਗਾਵਾਂ, ਬਲਬੇੜਾ ਆਦਿ ਵਿੱਚ ਵਿਛੀਆਂ ਫਸਲਾਂ ਨਜ਼ਰ ਆ ਰਹੀਆਂ ਹਨ।
ਡੱਬੀ
ਸਰਕਾਰ ਤੁਰੰਤ ਮੁਆਵਜੇ ਦਾ ਪ੍ਰਬੰਧ ਕਰੇ : ਬੂਟਾ ਸਿੰਘ ਸ਼ਾਦੀਪੁਰ
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਯੂਨੀਅਅਨ ਦੇ ਸੂਬਾਈ ਨੇਤਾ ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਨੇ ਾਖਿਆ ਕਿ ਇਹ ਬੇਮੌਸਮੀ ਬਰਸਾਤ ਨੇ ਪਿੰਡਾਂ ਅੰਦਰ ਜੋ ਕਿਸਾਨਾਂ ਦਾ ਨੁਕਸਾਨ ਕੀਤਾ ਹੈ, ਉਸ ਲਈ ਤੁਰੰਤ ਪੰਜਾਬ ਸਰਕਾਰ ਗਿਰਦਾਵਰੀ ਕਰਵਾ ਕੇ ਮੁਆਵਜੇ ਦਾ ਪ੍ਰਬੰਧ ਕਰੇ। ਉਨ੍ਹਾਂ ਆਖਿਆ ਕਿ ਹਮੇਸ਼ਾ ਸਭ ਤੋਂ ਵੱਧ ਨੁਕਸਾਨ ਕਿਸਾਨ ਦਾ ਹੀ ਹੁੰਦਾ ਹੈ ਤੇ ਪਿੰਡਾਂ ਵਿੱਚ ਵਿਛੀਆਂ ਫਸਲਾਂ ਨੂੰ ਲੈ ਕੇ ਕਿਸਾਨ ਪੂਰੀ ਤਰ੍ਹਾਂ ਘਬਰਾਇਆ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੇ ਹਨ, ਇਸ ਲਈ ਤੁਰੰਤ ਕਿਸਾਨਾਂ ਦੀ ਸੁਣਵਾਈ ਕਰਨ।