ਗੁਰੂ ਸਾਹਿਬਾਨ ਦੀ ਸਿੱਖਿਆ ਉੱਤੇ ਚਲਦੇ ਹੋਏ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਸੂਬਾ ਸਰਕਾਰ ਯਤਨਸ਼ੀਲ: ਲਾਲ ਚੰਦ ਕਟਾਰੂਚੱਕ
ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਵੱਲੋਂ ਵਾਤਾਵਰਣ ਸੰਭਾਲ ਮੁਹਿੰਮ ‘ਚ ਆਮ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਉੱਤੇ ਜੋਰ
ਚੰਡੀਗੜ੍ਹ, 17 ਮਾਰਚ:
ਸਾਡੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਉੱਤੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਅਤੇ ਵਾਤਾਵਰਣ ਸੰਭਾਲ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਮੌਜੂਦਾ ਵਰ੍ਹੇ 2023-2024 ਦੇ ਬਜਟ ਵਿੱਚ ਸੂਬੇ ਭਰ ਵਿੱਚ ਇੱਕ ਕਰੋੜ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ ਸੂਬੇ ਦਾ ਵੱਧ ਤੋਂ ਵੱਧ ਰਕਬਾ ਜੰਗਲਾਤ ਹੇਠ ਲਿਆਂਦਾ ਜਾ ਸਕੇ।
ਸੂਬੇ ਵਿਚਲੀ ਫਗਵਾੜਾ-ਚੰਡੀਗੜ੍ਹ ਸੜਕ, ਬਠਿੰਡਾ-ਅੰਮ੍ਰਿਤਸਰ ਸੜਕ ਅਤੇ ਸਰਹਿੰਦ ਵੱਲ ਜਾਂਦੇ ਰਸਤੇ ਉੱਤੇ ਵੀ ਫਲਦਾਰ ਬੂਟੇ ਲਗਾਉਣਾ, ਬੂਟਿਆਂ ਦੀ ਕਿਸਮ ਸਬੰਧੀ ਸਾਈਨ ਬੋਰਡ ਲਾਉਣਾ ਅਤੇ ਇਨ੍ਹਾਂ ਮਾਰਗਾਂ ਦਾ ਚੰਗੀ ਤਰ੍ਹਾਂ ਸੁੰਦਰੀਕਰਨ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਜਿਸ ਨਾਲ ਇਨ੍ਹਾਂ ਦੀ ਦਿੱਖ ਮਨਮੋਹਕ ਬਣ ਸਕੇਗੀ।
ਮੁਹਾਲੀ ਦੇ ਸੈਕਟਰ 68 ਸਥਿਤ ਵਣ ਕੰਪਲੈਕਸ ਵਿਖੇ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਸਬੰਧੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਇਸ ਗੱਲ ਉੱਤੇ ਜੋਰ ਦਿੱਤਾ ਕਿ ਸੂਬੇ ਭਰ ਵਿੱਚ ਸਥਿਤ ਨਰਸਰੀਆਂ ਵਿਖੇ ਪਖਾਨਿਆਂ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਸੂਬੇ ਵਿੱਚ ਲਗਾਏ ਗਏ 54 ਲੱਖ ਬੂਟਿਆਂ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਅਤੇ ਵਾਤਾਵਰਣ ਦੇ ਬਚਾਅ ਲਈ ਕੀਤੇ ਜਾ ਰਹੇ ਯਤਨਾਂ ਨੂੰ ਇੱਕ ਮੁਹਿੰਮ ਦਾ ਰੂਪ ਦਿੰਦੇ ਹੋਏ ਇਸ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ।
ਇਸ ਮੌਕੇ ਮੰਤਰੀ ਨੇ ਵਿਭਾਗ ਵੱਲੋਂ ਚਲਾਈ ਜਾ ਰਹੀਆਂ ਵੱਖ-ਵੱਖ ਸਕੀਮਾਂ, ਪਨਕੈਂਪਾ, ਗਰੀਨ ਪੰਜਾਬ ਮਿਸ਼ਨ, ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੀ ਸਮੀਖਿਆ ਕਰਦੇ ਹੋਏ ਇਨ੍ਹਾਂ ਨੂੰ ਹੋਰ ਪ੍ਰਭਾਵੀ ਢੰਗ ਨਾਲ ਲਾਗੂਕਰਨ ਉੱਤੇ ਜੋਰ ਦਿੱਤਾ। ਵਿਭਾਗ ਦੇ ਨਾਲ ਸਬੰਧਤ ਤਰੱਕੀ, ਮੁਅੱਤਲੀ ਅਤੇ ਅਦਾਲਤੀ ਮਾਮਲਿਆਂ ਦੀ ਡੂੰਘਾਈ ਨਾਲ ਸਮੀਖਿਆ ਕਰਦੇ ਹੋਏ ਸ੍ਰੀ ਕਟਾਰੂਚੱਕ ਨੇ ਹਰੇਕ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਦਾ ਰਿਕਾਰਡ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਇਹ ਵੀ ਕਿਹਾ ਕਿ ਇਸ ਮੀਟਿੰਗ ਵਿੱਚ ਵਿਚਾਰੇ ਗਏ ਮੁੱਦਿਆਂ ਦਾ ਅਗਲੀ ਮੀਟਿੰਗ ਤੋਂ ਪਹਿਲਾਂ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਦੇ ਮੁਲਾਜਮਾਂ ਨੂੰ ਵਰਦੀਆਂ ਮੁਹੱਈਆ ਕੀਤੇ ਜਾਣ ਅਤੇ ਛੱਤਬੀੜ ਚਿੜੀਆਘਰ ਵਿਖੇ ਬੱਚਿਆਂ ਲਈ ਟੁਆਏ ਟਰੇਨ ਸ਼ੁਰੂ ਕਰਨ ਬਾਰੇ ਵੀ ਜਲਦ ਹੀ ਠੋਸ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਵਿੱਤ ਕਮਿਸ਼ਨਰ ਵਿਕਾਸ ਗਰਗ, ਪ੍ਰਮੁੱਖ ਮੁੱਖ ਵਣਪਾਲ ਆਰ.ਕੇ. ਮਿਸ਼ਰਾ ਅਤੇ ਵਧੀਕ ਪ੍ਰਮੁੱਖ ਮੁੱਖ ਵਣਪਾਲ (ਪ੍ਰਸ਼ਾਸਨ) ਧਰਮਿੰਦਰ ਸ਼ਰਮਾ ਵੀ ਮੌਜੂਦ ਸਨ।