'ਸਰੀਰਿਕ ਸਿੱਖਿਆ ਅਤੇ ਕਸਰਤੀ ਵਿਗਿਆਨ' ਵਿਸ਼ੇ ਉੱਤੇ ਕੌਮਾਂਤਰੀ ਕਾਨਫ਼ਰੰਸ ਸ਼ੁਰੂ
ਕਾਨਫਰੰਸ ਵਿੱਚ ਸੱਤ ਦੇਸ਼ਾਂ ਦੇ 600 ਦੇ ਕਰੀਬ ਡੈਲੀਗੇਟ ਹਿੱਸਾ ਲੈ ਰਹੇ ਹਨ
ਪੰਜਾਬੀ ਯੂਨੀਵਰਸਿਟੀ, ਪਟਿਆਲਾ 19-
‘ਜਿ਼ੰਦਗੀ ਵਿੱਚ ਸਿਹਤ ਸਭ ਤੋਂ ਜ਼ਰੂਰੀ ਸ਼ੈਅ ਹੈ। ਸਰੀਰ ਦੀ ਤੰਦਰੁਸਤੀ ਅੱਗੇ ਹੋਰ ਸਭ ਕੁੱਝ ਦਾ ਕੋਈ ਐਨਾ ਵੱਡਾ ਸਥਾਨ ਨਹੀਂ ਹੈ। ਪੈਸੇ, ਜਾਇਦਾਦਾਂ ਜਾਂ ਕੁੱਝ ਵੀ ਹੋਰ ਇਕੱਠਾ ਕਰਨ ਦੀ ਬਜਾਇ ਸਾਨੂੰ ਸਿਹਤਮੰਦ ਰਹਿਣ ਲਈ ਕੋਸਿ਼ਸ਼ ਕਰਦੇ ਰਹਿਣਾ ਚਾਹੀਦਾ ਹੈ। ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਗਿਆਨ ਵੱਲੋਂ ਕਰਵਾਈ ਜਾ ਰਹੀ ਕੌਮਾਂਤਰੀ ਕਾਨਫ਼ਰੰਸ ਦੌਰਾਨ ਉੱਘੇ ਕੌਮਾਂਤਰੀ ਦੌੜਾਕ ਫੌਜਾ ਸਿੰਘ ਨੇ ਪ੍ਰਗਟਾਏ।
‘ਸਰੀਰਿਕ ਸਿੱਖਿਆ ਅਤੇ ਕਸਰਤੀ ਵਿਗਿਆਨ’ ਵਿਸ਼ੇ ਉੱਤੇ ਹੋਰ ਰਹੀ ਇਸ ਕਾਨਫ਼ਰੰਸ ਦਾ ਉਦਘਾਟਨ ਕਲਾ ਭਵਨ ਵਿਖੇ ਹੋਇਆ। ਵਿਭਾਗ ਮੁਖੀ ਡਾ. ਨਿਸ਼ਾਨ ਸਿੰਘ ਦਿਉਲ ਨੇ ਡਾ.ਦਿਉਲ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਸੱਤ ਦੇਸ਼ਾਂ ਦੇ 600 ਦੇ ਕਰੀਬ ਡੈਲੀਗੇਟ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਦਿਨਾਂ ਵਿੱਚ ਦੋ ਪੈਨਲ ਵਿਚਾਰ-ਵਟਾਂਦਰੇ ਹੋਣਗੇ ਅਤੇ ਬਾਰਾਂ ਅਕਾਦਮਿਕ ਸੈਸ਼ਨ ਹੋਣਗੇ।
ਉਦਘਾਟਨੀ ਸਮਾਰੋਹ ਵਿੱਚ ਕਈ ਅੰਤਰਰਾਸ਼ਟਰੀ ਸਿੱਖਿਆ ਸ਼ਾਸਤਰੀਆਂ ਅਤੇ ਮਾਹਿਰਾਂ ਨੇ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨਾਗਰਿਕਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਲਈ ਜਾਗਰੂਕਤਾ ਪੈਦਾ ਕਰਨ ਹਿਤ ਆਪਣੇ ਵਿਚਾਰ ਰੱਖੇ।
ਆਪਣੇ ਮੁੱਖ ਭਾਸ਼ਣ ਵਿੱਚ ਬਲਰਾਜ ਗਿੱਲ, ਫਿਟਨੈਸ ਮੈਨੇਜਰ, ਆਕਲੈਂਡ ਕੌਂਸਲ ਨਿਊਜ਼ੀਲੈਂਡ ਨੇ ‘ਖੇਡਾਂ ਵਿੱਚ ਉੱਚ ਪ੍ਰਦਰਸ਼ਨ ਲਈ ਤਾਕਤ ਅਤੇ ਕੰਡੀਸ਼ਨਿੰਗ’ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। ਉਭਰਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਨਿਊਜ਼ੀਲੈਂਡ ਵਿੱਚ ਖੇਡ ਸੱਭਿਆਚਾਰ ਬਾਰੇ ਆਪਣੇ ਤਜਰਬਿਆਂ ਬਾਰੇ ਵੀ ਚਰਚਾ ਕੀਤੀ।
ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸ. ਹਰਮਨਪ੍ਰੀਤ ਸਿੰਘ (ਕਪਤਾਨ ਭਾਰਤੀ ਹਾਕੀ ਟੀਮ) ਨੇ ਜੀਵਨ ਵਿੱਚ ਕਿਸੇ ਵੀ ਟੀਚੇ ਨੂੰ ਹਾਸਲ ਕਰਨ ਲਈ ਮਜ਼ਬੂਤ ਆਤਮ ਵਿਸ਼ਵਾਸ ਉੱਤੇ ਜ਼ੋਰ ਦਿੱਤਾ। ਉਨ੍ਹਾਂ ਟੋਕੀਓ ਓਲੰਪਿਕ ਵਿੱਚ ਓਲੰਪਿਕ ਮੈਡਲ ਜਿੱਤਣ ਲਈ ਆਪਣੀ ਲੰਬੀ ਅਤੇ ਕਠਿਨ ਯਾਤਰਾ ਦੇ ਅਨੁਭਵ ਸਾਂਝੇ ਕੀਤੇ।
ਆਪਣੇ ਸੰਬੋਧਨ ਵਿੱਚ ਸ: ਰਾਜਪਾਲ ਸਿੰਘ (ਸਾਬਕਾ ਕਪਤਾਨ ਭਾਰਤੀ ਹਾਕੀ ਟੀਮ) ਨੇ ਕਿਹਾ ਕਿ ਸਾਨੂੰ ਭਾਰਤੀ ਔਰਤਾਂ ਦੇ ਪੌਸ਼ਟਿਕ ਆਹਾਰ ਵੱਲ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਉਨ੍ਹਾਂ ਦੀ ਚੰਗੀ ਸਿਹਤ ਨੂੰ ਪ੍ਰਾਪਤ ਕਰਕੇ ਅਸੀਂ ਇੱਕ ਸਿਹਤਮੰਦ ਰਾਸ਼ਟਰ ਦੇ ਟੀਚੇ ਨੂੰ ਪ੍ਰਾਪਤ ਕਰ ਸਕੀਏ।
ਪ੍ਰਧਾਨਗੀ ਭਾਸ਼ਣ ਵਿੱਚ ਮਾਨਯੋਗ ਵਾਈਸ ਚਾਂਸਲਰ ਡਾ: ਅਰਵਿੰਦ ਨੇ ਕਿਹਾ ਕਿ ਜੇਕਰ ਅਸੀਂ ਇੱਕ ਫਿੱਟ ਨੇਸ਼ਨ ਚਾਹੁੰਦੇ ਹਾਂ ਤਾਂ ਸਾਨੂੰ ਸਵਦੇਸ਼ੀ ਖੇਡਾਂ ‘ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰੀਰਕ ਸਿੱਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਉਕਤ ਦਿਸ਼ਾ ਵਿੱਚ ਕੰਮ ਕਰੇਗਾ।
ਇਸ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹਰਮਨਪ੍ਰੀਤ ਸਿੰਘ, ਕਪਤਾਨ ਭਾਰਤੀ ਹਾਕੀ ਟੀਮ ਨੇ ਸਿ਼ਰਕਤ ਕੀਤੀ। ਉਦਘਾਟਨੀ ਸਮਾਰੋਹ ਵਿੱਚ ਸ.ਰਾਜਪਾਲ ਸਿੰਘ (ਸਾਬਕਾ ਕਪਤਾਨ ਭਾਰਤੀ ਹਾਕੀ ਟੀਮ), ਟਰਬਨ ਟੋਰਨੇਡੋ ਵਜੋਂ ਜਾਣੇ ਜਾਂਦੇ ਸ.ਫੌਜਾ ਸਿੰਘ (ਵੈਟਰਨ ਅਥਲੀਟ), ਅਖਿਲ ਕੁਮਾਰ (ਭਾਰਤੀ ਮੁੱਕੇਬਾਜ਼), ਤੇਜਿੰਦਰ ਪਾਲ ਸਿੰਘ ਤੂਰ (ਭਾਰਤੀ ਅਥਲੀਟ) ਬਤੌਰ ਮਹਿਮਾਨ ਸ਼ਾਮਿਲ ਹੋਏ।
ਉਦਘਾਟਨ ਦੌਰਾਨ, ‘ਫਿਟ ਇੰਡੀਆ’ ਨਾਲ਼ ਸੰਬੰਧਤ ਵਿਸ਼ੇ ਉੱਤੇ ਇੱਕ ਪੈਨਲ ਚਰਚਾ ਕਰਵਾਈ ਗਈ। ਪੈਨਲ ਬੋਰਡ ਵਿੱਚ ਪਦਮ ਸ਼੍ਰੀ ਬਹਾਦੁਰ ਸਿੰਘ, ਅਰਜੁਨ ਐਵਾਰਡੀ ਅਖਿਲ ਕੁਮਾਰ, ਅਰਜੁਨ ਐਵਾਰਡੀ ਰਾਜਪਾਲ ਸਿੰਘ, ਸਰਵਣ ਸਿੰਘ, ਅਰਜੁਨ ਐਵਾਰਡੀ ਹਰਮਨ ਪ੍ਰੋ. ਅਰਵਿੰਦ, ਪੂਨਮ ਬੈਨੀਵਾਲ ਆਦਿ ਸ਼ਾਮਲ ਰਹੇ। ਇਸ ਵਿਚਾਰ ਚਰਚਾ ਦੇ ਸੰਚਾਲਕ ਡਾ. ਸੰਦੀਪ ਵਾਰਲੀਕਰ ਡਾ. ਬਲਜਿੰਦਰ ਸਿੰਘ ਸ੍ਰੀਮਤੀ ਗੁੰਜਨ ਭਾਰਦਵਾਜ ਸਨ। ਅੰਤ ਵਿੱਚ ਸਰੀਰਕ ਸਿੱਖਿਆ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ.ਅਮਰਪ੍ਰੀਤ ਸਿੰਘ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।