ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹਰਿਆਵਲ ਲਹਿਰ ਦੇ ਸਹਿਯੋਗ ਨਾਲ ਵਿਸ਼ਵ ਜਲ ਦਿਵਸ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਹਰਿਆਵਲ ਲਹਿਰ ਦੇ ਸਹਿਯੋਗ ਨਾਲ ਵਿਸ਼ਵ ਜਲ ਦਿਵਸ ‘ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ਪਟਿਆਲਾ: 22 ਮਾਰਚ, 2024
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਅੱਜ ਵਿਸ਼ਵ ਜਲ ਦਿਵਸ 2024 ਦੇ ਮੌਕੇ ‘ਤੇ ‘ਪੰਜਾਬ ਹਰਿਆਵਲ ਲਹਿਰ’ ਦੇ ਸਹਿਯੋਗ ਨਾਲ ਪਾਣੀ ਦੀ ਸਾਂਭ-ਸੰਭਾਲ ਤੋਂ ਲੈਕੇ ਇਸ ਦੀ ਰੀਸਾਈਕਲਿੰਗ ਦੀ ਮਹਤੱਤਾ ‘ਤੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ। ਇਸ ਦਿਨ ਨੂੰ ਪਾਣੀ ਵਰਗੀ ਕੁਦਰਤੀ ਸਰੋਤ ਦੀ ਮਹੱਤਤਾ ਦੀ ਯਾਦ ਦਿਵਾਉਣ ਵਜੋਂ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਇਹ ਦਿਵਸ ਕੈਲੰਡਰ ‘ਤੇ ਲਿਖੀ ਸਿਰਫ਼ ਇੱਕ ਤਾਰੀਖ ਨਹੀਂ ਹੈ ਸਗੋਂ ਪਾਣੀ ਵਰਗੀ ਕੁਦਰਤੀ ਦਾਤ ਨੂੰ ਸਾਂਭਣ ਅਤੇ ‘ਸ਼ਾਂਤੀ ਲਈ ਪਾਣੀ’ ਦੇ ਤਹਿਤ ਵਿਸ਼ਵ ਪੱਧਰ ਤੇ ਨਾਗਰਿਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਮਨੁੱਖੀ ਜੀਵਨ ਵਿੱਚ ਪਾਣੀ ਦੀ ਅਹਿਮ ਭੂਮਿਕਾ ਨੂੰ ਪਛਾਣਨ ਅਤੇ ਇਸਦੀ ਘਾਟ ਬਾਰੇ ਚੇਤੰਨ ਹੋਣ।ਇਸ ਪ੍ਰੋਗਰਾਮ ਵਿੱਚ ‘ਹਰਿਆਵਲ ਪੰਜਾਬ’ ਲਹਿਰ ਦੇ ਕੌਆਰਡੀਨੇਟਰ ਸ਼੍ਰੀ ਸ਼ਿਆਮ ਸੁੰਦਰ, ਐਡਵੋਕੇਟ ਬਲਜਿੰਦਰ ਠਾਕੁਰ ਅਤੇ ਰਿਸੋਰਸ ਪਰਸਨ ਵੱਜੋਂ ਗੁਰਕਰਨ ਸਿੰਘ, ਸਹਾਇਕ ਵਾਤਾਵਰਨ ਇੰਜਨੀਅਰ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ,ਪਟਿਆਲਾ ਤੋਂ ਬਿਨਾਂ ਇੰਜਨੀਅਰ ਧਰਮ ਸੋਨੀ ਅਤੇ ਸ਼੍ਰੀ.ਪਰਨੀਤ ਗਰਗ, ਹਰਿਆਵਲ ਲਹਿਰ ਸ਼ਾਮਿਲ ਹੋਏ।
ਇਸ ਮੌਕੇ ਤੇ ਬੋਲਦਿਆ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ ਭਾਵੇਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਪਰ ਇਸ ਦੇ ਪਾਣੀਆਂ ਤੇ ਸੰਕਟ ਦਾ ਪਰਛਾਵਾ ਮੰਦਭਾਗਾ ਹੈ।ਉਹਨਾਂ ਕਿਹਾ ਕਿ ਵਿਸ਼ਵ ਜਲ ਦਿਵਸ ਦਾ ਸਾਰ ਪਾਣੀ ਨੂੰ ਜੀਵਨ ਦੀ ਹੋਂਦ ਨੂੰ ਕਾਇਮ ਰੱਖਣ ਵਾਲੇ ਸਰੋਤ ਵਜੋਂ ਸਮਝਣ ਅਤੇ ਵਿਸ਼ਵ ਭਰ ਵਿੱਚ ਦੋ ਅਰਬ ਤੋਂ ਵੱਧ ਅਜਿਹੇ ਲੋਕਾਂ ਦੀ ਪਛਾਣ ਕਰਨ ਵਿੱਚ ਹੈ, ਜਿਨ੍ਹਾਂ ਲਈ ਸੁਰੱਖਿਅਤ ਪਾਣੀ ਉਪਲਬਧ ਨਹੀਂ। ਪ੍ਰੋਗਰਾਮ ਦੇ ਸੰਚਾਲਕ ਡਾ.ਰਾਜੀਵ ਸ਼ਰਮਾ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਅਨੁਸਾਰ ਵਿਸ਼ਵ ਭਰ ਵਿੱਚ ਲਗਭਗ ਦੋ ਬਿਲੀਅਨ ਲੋਕਾਂ ਕੋਲ ਪਾਣੀ ਦੀ ਸਾਂਭ-ਸੰਭਾਲ ਅਤੇ ਪਾਣੀ ਦੀ ਰੀਸਾਈਕਲਿੰਗ ਲਈ ਸਹੂਲਤਾਂ ਨਹੀਂ ਹਨ ਜੋ ਕਿ ਗੰਭੀਰ ਚਿੰਤਾ ਦਾ ਖੇਤਰ ਹੈ।
ਇਸ ਮੌਕੇ ਤੇ ਡਾ.ਕੁਲਦੀਪ ਕੁਮਾਰ, ਬਾਇਉਟੈਕਲੌਜੀ ਵਿਭਾਗ ਨੇ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ।
ਇਸ ਮੌਕੇ ਤੇ ਬੋਲਦਿਆ ਸ਼੍ਰੀ. ਗੁਰਕਰਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਕੇਂਦਰੀ ਗਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪੰਜਾਬ ਦੇ ਦਰਿਆਵਾਂ ਨੂੰ ਪੁਨਰ-ਜੀਵਤ ਕਰਨ ਲਈ ਲਗਾਤਾਰ ਕਾਰਜਸ਼ੀਲ ਹੈ।ਉਹਨਾਂ ਦੱਸਿਆ ਕਿ ਸਰਕਾਰ ਹਰ ਨਾਗਰਿਕ ਨੂੰ ਸਾਫ ਪਾਣੀ ਮਹੱਈਆ ਕਰਵਾਉਣ ਲਈ ਵਚਨਵੱਧ ਹੈ।
ਇੰਜਨੀਅਰ ਧਰਮ ਸੋਨੀ ਅਤੇ ਸ਼੍ਰੀ.ਪਰਨੀਤ ਗਰਗ, ਹਰਿਆਵਲ ਲਹਿਰ ਪੰਜਾਬ ਅਨੁਸਾਰ ‘ਵਿਸ਼ਵ ਜਲ ਦਿਵਸ’ ਦਾ ਉਦੇਸ਼ ਟਿਕਾਊ ਵਿਕਾਸ ਟੀਚਾ ਛੇ ਨੂੰ ਪੂਰਾ ਕਰਨਾ ਵੀ ਹੈ, ਜੋ ਕਿ 2030 ਤੱਕ ਸਾਰਿਆਂ ਲਈ ਪਾਣੀ ਅਤੇ ਸੈਨੀਟੇਸ਼ਨ ਦੀ ਉਪਲਬਧਤਾ ਅਤੇ ਟਿਕਾਊ ਪ੍ਰਬੰਧਨ ਨੂੰ ਯਕੀਨੀ ਬਣਾਉਦਾ ਹੈ। ਵਿਸ਼ਵ ਜਲ ਸੰਕਟ ਇੱਕ ਪ੍ਰਮੁੱਖ ਮੁੱਦਾ ਹੈ ਜੋ ਕਿ ਅਰਬਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਮੌਕੇ ਤੇ ਸਮੂਹ ਸਟਾਫ ਅਤੇ ਅਧਿਆਪਕ ਹਾਜ਼ਿਰ ਸਨ।ਅੰਤ ਵਿੱਚ ਧੰਨਵਾਦ ਦਾ ਮਤਾ ਡਾ.ਗੁਰਦੀਪ ਸਿੰਘ, ਮੁਖੀ,ਪੰਜਾਬੀ ਵਿਭਾਗ ਨੇ ਪੇਸ਼ ਕੀਤਾ।