ਜਰਮਨ ਵਿੱਚ ਕਾਰਜਸ਼ੀਲ ਤਾਮਿਲ ਮੂਲ ਦੀ ਡਾ. ਰਮਾ ਸ੍ਰੀਨਿਵਾਸਨ ਨੇ ਦਿੱਤਾ ਪੰਜਾਬੀ ਯੂਨੀਵਰਸਿਟੀ ਵਿੱਚ ਭਾਸ਼ਣ
ਜਰਮਨ ਵਿੱਚ ਕਾਰਜਸ਼ੀਲ ਤਾਮਿਲ ਮੂਲ ਦੀ ਡਾ. ਰਮਾ ਸ੍ਰੀਨਿਵਾਸਨ ਨੇ ਦਿੱਤਾ ਪੰਜਾਬੀ ਯੂਨੀਵਰਸਿਟੀ ਵਿੱਚ ਭਾਸ਼ਣ
-ਘਰੋਂ ਭੱਜ ਕੇ ਮਰਜ਼ੀ ਨਾਲ਼ ਜ਼ਿੰਦਗੀ ਜਿਉਣ ਵਾਲ਼ੇ ਪੰਜਾਬੀ ਅਤੇ ਹਰਿਆਵਣੀ ਜੋੜਿਆਂ ਬਾਰੇ ਹੈ ਡਾ. ਸ੍ਰੀਨਿਵਾਸਨ ਦਾ ਖੋਜ ਕਾਰਜ
ਪਟਿਆਲਾ, 8 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਵਿਖੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਵੱਲੋਂ ਸਮਾਜ ਵਿਗਿਆਨ ਅਤੇ ਸਮਾਜ ਮਾਨਵ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ਼ ਪਿਛਲੇ ਦਿਨੀਂ ਡਾ. ਰਮਾ ਸ੍ਰੀਨਿਵਾਸਨ ਦਾ ਵਿਸ਼ੇਸ਼ ਭਾਸ਼ਣ ਕਰਵਾਇਆ। ਜ਼ਿਕਰਯੋਗ ਹੈ ਕਿ ਕਿ ਜਰਮਨ ਵਿੱਚ ਕਾਰਜਸ਼ੀਲ ਤਾਮਿਲ ਮੂਲ ਦੀ ਡਾ. ਰਮਾ ਸ੍ਰੀਨਿਵਾਸਨ ਨੇ ਅਮਰੀਕਾ ਦੀ ਬਰਾਊਨ ਯੂਨੀਵਰਸਿਟੀ ਤੋਂ ਪੀ-ਐੱਚ.ਡੀ. ਕੀਤੀ ਹੈ। ਉਨ੍ਹਾਂ ਦੀ ਖੋਜ ਦਾ ਵਿਸ਼ਾ ਪੰਜਾਬ ਅਤੇ ਹਰਿਆਣਾ ਵਿੱਚ ਮਰਜ਼ੀ ਨਾਲ਼ ਜ਼ਿੰਦਗੀ ਜਿਉਣ ਦੀ ਚਾਹਤ ਵਿੱਚ ਘਰੋਂ ਭੱਜ ਜਾਣ ਵਾਲ਼ੇ ਮੁੰਡੇ ਕੁੜੀਆਂ ਵੱਲੋਂ ਹਿਫਾਜ਼ਤ ਲਈ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਪਟੀਸ਼ਨ ਲੈਣ ਨਾਲ਼ ਜੁੜੇ ਰੁਝਾਨਾਂ ਬਾਰੇ ਹੈ। ਉਨ੍ਹਾਂ ਨੂੰ ਯੂਰਪ ਦੀ ਸਭ ਤੋਂ ਵੱਡੀ ਅਤੇ ਵੱਕਾਰੀ ਪੋਸਟ-ਡਾਕਟਰੇਟ ਫੈਲੋਸ਼ਿਪ ‘ਮੈਰੀ ਕਿਊਰੀ ਫੈਲੋਸ਼ਿਪ’ ਹਾਸਿਲ ਹੋਈ ਹੈ।
ਡਾ. ਰਮਾ ਸ੍ਰੀਨਿਵਾਸਨ ਨੇ ਆਪਣੇ ਅਨੁਭਵ ਦੇ ਅਧਾਰ ਉੱਤੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਜੋੜੇ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਣ ਦਾ ਫ਼ੈਸਲਾ ਕਰਨ ਉਪਰੰਤ ਸਮਾਜ ਵਿੱਚ ਆਉਣ ਵਾਲ਼ੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਅਦਾਲਤ ਤੋਂ ਹਿਫਾਜ਼ਤ ਲੈਂਦੇ ਹਨ ਜਾਂ ਇਕੱਠਿਆਂ ਰਹਿਣ ਦੀ ਚਾਹਤ ਵਿੱਚ ਵਿਦੇਸ਼ ਦਾ ਵੀਜ਼ਾ ਲੈਂਦੇ ਹਨ। ਅਜਿਹੇ ਸਮੁੱਚੇ ਦ੍ਰਿਸ਼ ਵਿੱਚ ਸਮਾਜ ਅਤੇ ਆਵਾਸ ਨੇਮਾਂ ਦੀ ਕਿਹੋ ਜਿਹੀ ਭੂਮਿਕਾ ਹੈ, ਅਤੇ ਸਮਾਜ ਇਸ ਤੋਂ ਕਿਸ ਤਰ੍ਹਾਂ ਅਸਰਅੰਦਾਜ਼ ਹੁੰਦਾ ਹੈ, ਆਦਿ ਬਾਰੇ ਚਾਨਣਾ ਪਾਇਆ। ਕੁੱਝ ਅਹਿਮ ਟਿੱਪਣੀਆਂ ਦੌਰਾਨ ਉਨ੍ਹਾਂ ਕਿਹਾ ਕਿ ਪਰਵਾਸ ਦੇ ਰੁਝਾਨ ਨੂੰ ਸਮਝੀਏ ਤਾਂ ਭਾਵੇਂ ਇਸ ਦੇ ਕੇਂਦਰ ਵਿੱਚ ਅਰਥਚਾਰਾ ਹੀ ਹੈ ਪਰ ਵਿਤਕਰਾ ਅਤੇ ਹੋਰ ਕਾਰਕ ਵੀ ਪਰਵਾਸ ਨੂੰ ਅਸਰਅੰਦਾਜ਼ ਕਰਦੇ ਹਨ। ਉਨ੍ਹਾਂ ਪਰਵਾਸ ਵਿੱਚ ਜਾਣ ਵਾਲ਼ੇ ਲੋਕਾਂ ਲਈ ਉੱਥੋਂ ਦੇ ਸਮਾਜ ਵਿੱਚ ਰਚ-ਮਿਚ ਜਾਣ ਸੰਬੰਧੀ ਅਗਾਊਂ ਤਿਆਰੀਆਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਜਿਸ ਸਮਾਜ ਵਿੱਚ ਸੰਬੰਧਤ ਵਿਅਕਤੀ ਨੇ ਜਾਣਾ ਹੁੰਦਾ ਹੈ ਉਸ ਸਮਾਜ ਦੀ ਆਮ ਤੌਰ ਉੱਤੇ ਇਸ ਕਿਸਮ ਦੀ ਕੋਈ ਤਿਆਰੀ ਨਹੀਂ ਹੁੰਦੀ ਕਿ ਉਸ ਨੇ ਉਸ ਬੰਦੇ ਨੂੰ ਕਿਸ ਤਰ੍ਹਾਂ ਆਪਣੇ ਵਿੱਚ ਰਚਾਉਣਾ ਹੈ। ਉਨ੍ਹਾਂ ਕਿਹਾ ਇਸ ਕਿਸਮ ਦੀ ਸਥਿਤੀ ਨਾਲ਼ ਜੋ ਪੇਚੀਦਗੀ ਬਣਦੀ ਹੈ ਉਸ ਦੇ ਮੱਦੇਨਜ਼ਰ ਸਮਾਜ ਵਿਗਿਆਨੀਆਂ ਨੂੰ ਇਸ ਦੀਆਂ ਹੋਰ ਗਹਿਰੀਆਂ ਪਰਤਾਂ ਫਰੋਲਣ ਦੀ ਲੋੜ ਹੈ।
ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਦੇ ਡਾਇਰੈਕਟਰ ਦਲਜੀਤ ਅਮੀ ਨੇ ਕਿਹਾ ਕਿ ਅਸੀਂ ਈ. ਐੱਮ.ਆਰ.ਸੀ. ਨੂੰ ਇੱਕ ਅਜਿਹੀ ਥਾਂ ਬਣਾਉਣੀ ਚਾਹੁੰਦੇ ਹਾਂ ਜਿੱਥੇ ਵੱਖ-ਵੱਖ ਵਿਦਵਾਨ, ਕਲਾਕਾਰ, ਫ਼ਨਕਾਰ ਆਦਿ ਅਜਿਹੇ ਰੁਝਾਨਾਂ ਬਾਰੇ ਆਪੋ ਆਪਣੇ ਤਰੀਕਾਕਾਰ ਨਾਲ਼ ਆਪਣੀ ਵੱਖ-ਵੱਖ ਕਿਸਮ ਦੀ ਗੱਲ ਰੱਖ ਸਕਣ। ਉਨ੍ਹਾਂ ਕਿਹਾ ਕਿ ਉਹ ਨਿਰੰਤਰ ਅਜਿਹੇ ਪ੍ਰੋਗਰਾਮਾਂ ਰਾਹੀਂ ਵੰਨ-ਸੁਵੰਨਤਾ ਅਤੇ ਬਹੁ-ਅਨੁਸ਼ਾਸਨੀ ਪਹੁੰਚ ਨੂੰ ਇਸ ਥਾਂ ਦਾ ਖਾਸਾ ਬਣਾ ਕੇ ਉਭਾਰਨ ਦੇ ਯਤਨ ਕਰ ਰਹੇ ਹਨ।
ਸਮਾਜ ਵਿਗਿਆਨ ਅਤੇ ਸਮਾਜ ਮਾਨਵ ਵਿਗਿਆਨ ਵਿਭਾਗ ਦੇ ਮੁਖੀ ਡਾ. ਦੀਪਕ ਕੁਮਾਰ ਵੱਲੋਂ ਸਵਾਗਤੀ ਭਾਸ਼ਣ ਦਿੱਤਾ ਗਿਆ। ਈ. ਐੱਮ. ਆਰ. ਸੀ. ਦੇ ਬਾਕੀ ਪ੍ਰੋਗਰਾਮਾਂ ਵਾਂਗ ਇਸ ਪ੍ਰੋਗਰਾਮ ਨੂੰ ਵੀ ਨਾਲ਼ੋ-ਨਾਲ਼ ਸੰਕੇਤ ਭਾਸ਼ਾ ਵਿੱਚ ਅਨੁਵਾਦ ਕਰਨ ਦਾ ਬਕਾਇਦਾ ਇੰਤਜਾਮ ਕੀਤਾ ਗਿਆ ਸੀ। ਇਸ ਸੰਬੰਧੀ ਰਵਿੰਦਰ ਕੌਰ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ