ਕਾਲਜ ਪੜ੍ਹਦੀਆਂ ਪੰਜਾਬੀ ਲੜਕੀਆਂ ਵਿੱਚ ਕੈਰੀਅਰ ਸੰਬੰਧੀ ਜਾਗਰੂਕਤਾ ਅਤੇ ਸਮਰਥਾ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਖੋਜ
ਕਾਲਜ ਪੜ੍ਹਦੀਆਂ ਪੰਜਾਬੀ ਲੜਕੀਆਂ ਵਿੱਚ ਕੈਰੀਅਰ ਸੰਬੰਧੀ ਜਾਗਰੂਕਤਾ ਅਤੇ ਸਮਰਥਾ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਖੋਜ
-ਵੱਖ-ਵੱਖ ਡਿਗਰੀ ਕਾਲਜਾਂ ਦੀਆਂ 1000 ਲੜਕੀਆਂ ਤੋਂ ਜੁਟਾਏ ਗਏ ਅੰਕੜੇ
-ਕੈਰੀਅਰ ਚੋਣ ਵਿੱਚ ਠੀਕ ਫ਼ੈਸਲਾ ਲੈਣ ਦਾ ਪੱਧਰ ਔਸਤ ਤੋਂ ਹੇਠਾਂ
-ਮਾਂ ਦਾ ਰੁਜ਼ਗਾਰ ਸੰਪੰਨ ਹੋਣਾ ਲੜਕੀ ਦੀ ਕੈਰੀਅਰ ਚੋਣ ਵਿੱਚ ਨਿਭਾਉਂਦਾ ਹੈ ਅਹਿਮ ਭੂਮਿਕਾ
ਪਟਿਆਲਾ, 7 ਅਪ੍ਰੈਲ
ਕਾਲਜਾਂ ਵਿੱਚ ਪੜ੍ਹਦੀਆਂ ਪੰਜਾਬੀ ਲੜਕੀਆਂ ਵਿੱਚ ਆਪਣੇ ਕੈਰੀਅਰ ਸੰਬੰਧੀ ਫ਼ੈਸਲਿਆਂ ਨੂੰ ਲੈ ਕੇ ਕਿਸ ਪੱਧਰ ਦੀ ਜਾਗਰੂਕਤਾ ਅਤੇ ਸਮਰਥਾ ਹੈ ਅਤੇ ਇਸ ਪੱਖੋਂ ਕਿਹੜੇ ਕਾਰਕ ਪ੍ਰਭਾਵਿਤ ਕਰਦੇ ਹਨ; ਇਸ ਵਿਸ਼ੇ ਉੱਤੇ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਦੀ ਖੋਜਾਰਥੀ ਹਰਜਿੰਦਰ ਕੌਰ ਵੱਲੋਂ ਐੱਸ. ਡੀ. ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਦੀ ਨਿਗਰਾਨੀ ਵਿੱਚ ਖੋਜ ਕਾਰਜ ਕੀਤਾ ਗਿਆ। ਜਿ਼ਕਰਯੋਗ ਹੈ ਕਿ ਇਹ ਖੋਜ ਆਈ. ਸੀ. ਐੱਸ. ਐੱਸ. ਆਰ., ਚੰਡੀਗੜ੍ਹ ਵੱਲੋਂ ਸਪਾਂਸਰ ਕੀਤੀ ਗਈ ਹੈ।
ਡਾ. ਤਪਨ ਕੁਮਾਰ ਸਾਹੂ ਨੇ ਦੱਸਿਆ ਕਿ ਇਸ ਅਧਿਐਨ ਰਾਹੀਂ ਪ੍ਰਾਪਤ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਕੈਰੀਅਰ/ਰੁਜ਼ਗਾਰ ਚੋਣ ਪ੍ਰਤੀ ਫੈਸਲਾ ਲੈਣ ਪੱਖੋਂ ਪੰਜਾਬ ਦੀਆਂ ਕਾਲਜ ਪੜ੍ਹਦੀਆਂ ਲੜਕੀਆਂ ਦਾ ਪੱਧਰ ਔਸਤ ਤੋਂ ਵਧੇਰੇ ਹੈ ਪਰ ਕੈਰੀਅਰ ਚੋਣ ਵਿੱਚ ਠੀਕ/ਢੁਕਵਾਂ ਫ਼ੈਸਲਾ ਲੈਣ ਦੀ ਸਮਰਥਾ (ਮਚਿਉਰਿਟੀ) ਪੱਖੋਂ ਇਹ ਇਹ ਪੱਧਰ ਔਸਤ ਤੋਂ ਹੇਠਾਂ ਵੇਖਿਆ ਗਿਆ। ਉਨ੍ਹਾਂ ਦੱਸਿਆ ਕਿ ਅਧਿਐਨ ਰਾਹੀਂ ਸਾਹਮਣੇ ਆਇਆ ਕਿ ਪਰਿਵਾਰਕ ਮੈਂਬਰਾਂ ਦੀ ਸਿੱਖਿਆ ਦਾ ਪੱਧਰ, ਪਰਿਵਾਰ ਦਾ ਅਕਾਰ, ਮਾਪਿਆਂ ਦਾ ਰੁਜ਼ਗਾਰ ਆਦਿ ਅਜਿਹੇ ਕਾਰਕ ਹਨ ਜੋ ਇਸ ਪੱਖੋਂ ਆਪਣੀ ਵੱਡੀ ਭੂਮਿਕਾ ਨਿਭਾਉਂਦੇ ਹਨ। ਅੰਕੜਿਆਂ ਰਾਹੀਂ ਇਹ ਸਪਸ਼ਟ ਰੂਪ ਵਿੱਚ ਸਾਹਮਣੇ ਆਇਆ ਕਿ ਮਾਪਿਆਂ ਦਾ ਪੜ੍ਹੇ ਲਿਖੇ ਹੋਣਾ ਇਸ ਪੱਖੋਂ ਵਿਸ਼ੇਸ਼ ਸਾਕਾਰਤਮਕ ਭੂਮਿਕਾ ਨਿਭਾਉਂਦਾ ਹੈ।
ਖੋਜਾਰਥੀ ਹਰਜਿੰਦਰ ਕੌਰ ਨੇ ਖੋਜ ਵਿਧੀ ਦੇ ਹਵਾਲੇ ਨਾਲ਼ ਗੱਲ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨਾਲ਼ ਸੰਬੰਧਤ ਵੱਖ-ਵੱਖ ਡਿਗਰੀ ਕਾਲਜਾਂ ਵਿੱਚੋਂ 1000 ਲੜਕੀਆਂ ਨੂੰ ਇਸ ਖੋਜ ਲਈ ਅੰਕੜੇ ਜੁਟਾਉਣ ਹਿਤ ਚੁਣਿਆ ਗਿਆ ਸੀ। ਵੱਖ-ਪ੍ਰਸ਼ਨਾਵਲੀਆਂ ਅਤੇ ਹੋਰ ਵਿਧੀਆਂ ਰਾਹੀਂ ਇਨ੍ਹਾਂ ਚੁਣਿੰਦਾ ਲੜਕੀਆਂ ਤੋਂ ਜਾਣਿਆ ਗਿਆ ਕਿ ਉਹ ਆਪਣੇ ਕੈਰੀਅਰ ਦੀ ਚੋਣ ਅਤੇ ਇਸ ਦਿਸ਼ਾ ਵਿੱਚ ਕੀਤੇ ਜਾਣ ਵਾਲ਼ੀਆਂ ਲੋੜੀਂਦੀਆਂ ਕੋਸਿ਼ਸ਼ਾਂ ਆਦਿ ਨੂੰ ਲੈ ਕੇ ਕਿੰਨੀਆਂ ਕੁ ਜਾਗਰੂਕ ਹਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਉੱਤਰਾਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਵੀ ਅੰਦਾਜ਼ਾ ਲਿਆ ਗਿਆ ਕਿ ਉਹ ਆਪਣੀ ਸਿੱਖਿਆ, ਯੋਗਤਾ ਅਤੇ ਪ੍ਰਤਿਭਾ ਦੇ ਅਨੁਕੂਲ ਕੈਰੀਅਰ ਦੀ ਚੋਣ ਦੇ ਮਸਲੇ ਨੂੰ ਲੈ ਕੇ ਕਿੰਨੀ ਕੁ ਸਮਰਥਾ ਰਖਦੀਆਂ ਹਨ। ਉਨ੍ਹਾਂ ਦੱਸਿਾਅ ਕਿ ਅਧਿਐਨ ਰਾਹੀਂ ਇੱਕ ਦਿਲਚਸਪ ਤੱਥ ਇਹ ਉੱਭਰ ਕੇ ਸਾਹਮਣੇ ਆਇਆ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਵਿਸ਼ੇਸ਼ ਤੌਰ ਉੱਤੇ ਮਾਂ ਨੌਕਰੀਪੇਸ਼ਾ/ਰੁਜ਼ਗਾਰ ਸੰਪੰਨ ਹੋਵੇ ਉੱਥੇ ਲੜਕੀਆਂ ਵਿੱਚ ਕੈਰੀਅਰ ਚੋਣ ਸੰਬੰਧੀ ਜਾਗਰੂਕਤਾ ਅਤੇ ਸਮਰਥਾ ਪੱਖੋਂ ਬਿਹਤਰ ਅਤੇ ਸਾਕਾਰਾਮਕ ਨਤੀਜੇ ਸਾਹਮਣੇ ਆਉਂਦੇ ਹਨ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਖੋਜ ਲਈ ਖੋਜਾਰਥੀ ਅਤੇ ਨਿਗਰਾਨ ਨੂੰ ਵਿਸ਼ੇਸ਼ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਜਿੱਥੇ ਪੰਜਾਬ ਦੀਆਂ ਲੜਕੀਆਂ ਦੀ ਆਪਣੇ ਕੈਰੀਅਰ ਪ੍ਰਤੀ ਜਾਗਰੂਕਤਾ ਅਤੇ ਸਮਰਥਾ ਦਾ ਅਸਲ ਅੰਦਾਜ਼ਾ ਲਗਾਉਣ ਵਿੱਚ ਸਹਾਈ ਹੋਵੇਗੀ ਉੱਥੇ ਹੀ ਦੂਜੇ ਪਾਸੇ ਇਸ ਖੋਜ ਦੇ ਅੰਕੜੇ ਲੜਕੀਆਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਅਤੇ ਸਮਰੱਥ ਬਣਾਉਣ ਦੇ ਲਿਹਾਜ਼ ਨਾਲ਼ ਨਵੇਂ ਕਦਮ ਉਠਾਉਣ ਅਤੇ ਨਵੀਂਆਂ ਨੀਤੀਆਂ ਦੇ ਨਿਰਮਾਣ ਵਿੱਚ ਵੀ ਕੰਮ ਆ ਸਕਣਗੇ।