‘37ਵੇਂ ਅੰਤਰ ਯੂਨੀਵਰਸਿਟੀ ਨੈਸ਼ਨਲ ਯੁਵਕ ਮੇਲੇ’ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ
‘37ਵੇਂ ਅੰਤਰ ਯੂਨੀਵਰਸਿਟੀ ਨੈਸ਼ਨਲ ਯੁਵਕ ਮੇਲੇ’ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ
ਪ੍ਰੋ. ਅਰਵਿੰਦ ਵੱਲੋਂ ਯੁਵਾ ਕਲਾਕਾਰਾਂ ਨੂੰ ਆਪਣੇ ਹੁਨਰ ’ਚ ਹੋਰ ਵਾਧਾ ਕਰਨ ਦੀ ਸਲਾਹ
ਪਟਿਆਲਾ, 5 ਅਪ੍ਰੈਲ
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਖਿਡਾਰੀਆਂ ਨੂੰ ਯੁਵਾ ਕਲਾਕਾਰਾਂ ਨੂੰ ਆਪਣਾ ਹੁਨਰ ਨੂੰ ਵਧਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਹੋਰ ਵੀ ਵਧੀਆ ਨਤੀਜੇ ਕੱਢੇ ਜਾ ਸਕਣ।
ਯੂਨੀਵਰਸਿਟੀ ਨੈਸ਼ਨਲ ਯੁਵਕ ਮੇਲੇ’ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਏਥੇ ਪਹੁੰਚੇ ਯੂਨੀਵਰਸਿਟੀ ਦੇ ਦਲ ਦੇ ਮੈਂਬਰਾਂ ਦਾ ਭਰਵਾਂ ਸਵਾਗਤ ਕਰਦੇ ਹੋਏ ਵਾਈਸ ਚਾਂਸਲਰ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਦੀ ਸਮੁੱਚੀ ਸਖਸ਼ੀਅਤ ਨੂੰ ਉਭਾਰਨ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਸਭਿਆਚਾਰਕ ਸਗਰਮੀਆਂ ਬਹੁਤ ਜ਼ਿਆਦਾ ਅਹਿਮੀਅਤ ਰੱਖਦੀਆਂ ਹਨ। ਇਹ ਸਰਗਰਮੀਆਂ ਕਿਸੇ ਯੂਨੀਵਰਸਿਟੀ ਦੇ ਸਮੁੱਚੇ ਪੱਧਰ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੇ ਯੁਵਾ ਕਲਾਕਾਰਾਂ ਨੂੰ ਆਪਣੀ ਪ੍ਰਤੀਭਾ ਨੂੰ ਹੋਰ ਨਿਖਾਰਣ ਅਤੇ ਅੱਗੇ ਵਧਣ ਦੀ ਅਪੀਲ ਕੀਤੀ ਹੈ ਤਾਂ ਯੂਨੀਵਰਸਿਟੀ ਲਈ ਹੋਰ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਣ।
ਗੌਰਤਲਬ ਹੈ ਕਿ ਏ. ਆਈ. ਯੂ., ਨਵੀਂ ਦਿੱਲੀ ਵੱਲੋਂ ਕਰਵਾਏ ਗਏ ‘37ਵੇਂ ਅੰਤਰ ਯੂਨੀਵਰਸਿਟੀ ਨੈਸ਼ਨਲ ਯੁਵਕ ਮੇਲੇ’ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 11 ਵੱਖ-ਵੱਖ ਕਲਾ ਵੰਨਗੀਆਂ ਵਿੱਚ ਇਨਾਮ ਪ੍ਰਾਪਤ ਕਰ ਲਏ ਹਨ। ਸਮੁੱਚੇ ਦੇਸ਼ ਦੀਆਂ 109 ਯੂਨੀਵਰਸਿਟੀਆਂ ਵਿੱਚੋਂ ਆਏ ਤਕਰੀਬਨ 2200 ਚੁਣਿੰਦਾ ਪ੍ਰਤੀਭਾਗੀਆਂ ਨਾਲ ਮੁਕਾਬਲੇ ਵਿੱਚ ਇਹ ਪ੍ਰਾਪਤੀ ਕਰਨ ਉਪਰੰਤ ਪੰਜਾਬੀ ਯੂਨਵਿਰਸਿਟੀ ਪਹੁੰਚੇ ਇਨ੍ਹਾਂ 24 ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਏ ਇਸ ਮੇਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਵਿੱਚ ਕੁੱਲ ਗਿਆਰਾਂ ਵੰਨਗੀਆਂ ਵਿੱਚ ਭਾਗ ਲਿਆ ਅਤੇ ਸਾਰੀਆਂ ਵਿੱਚ ਹੀ ਪ੍ਰਾਪਤੀਆਂ ਹਾਸਿਲ ਕਰ ਲਈਆਂ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨ ਥਾਪਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਰਾਸ਼ਟਰੀ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੇ ਇਨਾਮ ਪ੍ਰਾਪਤ ਕਰ ਲਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਲਗਭਗ ਵੀਹ ਸਾਲ ਬਾਅਦ ਏਨੀ ਗਿਣਤੀ ਵਿੱਚ ਇਨਾਮ ਪ੍ਰਾਪਤ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਤਿੰਨ ਕਲਾ-ਵੰਨਗੀਆਂ ਵਿੱਚ ਪਹਿਲਾ ਸਥਾਨ, ਚਾਰ ਕਲਾ-ਵੰਨਗੀਆਂ ਵਿੱਚ ਦੂਜਾ ਸਥਾਨ ਅਤੇ ਤਿੰਨ ਕਲਾ ਵੰਨਗੀਆਂ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਤੋਂ ਇਲਾਵਾ ਯੁਵਕ ਮੇਲੇ ਦੇ ਆਰੰਭ ਵਿੱਚ ਹੋਣ ਵਾਲੇ ‘ਕਲਚਰਲ ਪ੍ਰੋਸੈਸ਼ਨ’ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ। ਪਹਿਲੇ ਸਥਾਨ ਉੱਤੇ ਰਹਿਣ ਵਾਲੀਆਂ ਵੰਨਗੀਆਂ ਵਿੱਚ ਫ਼ੋਕ ਆਰਕੈਸਟਰਾ, ਕਲੇਅ ਮਾਡਲਿੰਗ ਅਤੇ ਕਲਾਸੀਕਲ ਇੰਸਟਰੂਮੈਂਟਲ ਪ੍ਰਕਸ਼ਨ ਸ਼ਾਮਿਲ ਹਨ। ਫ਼ੋਕ ਐਂਡ ਟਰਾਈਬਲ ਡਾਂਸ (ਭੰਗੜਾ), ਮਹਿੰਦੀ, ਕਲਾਸੀਕਲ ਵੋਕਲ ਅਤੇ ਕੋਲਾਜ ਮੇਕਿੰਗ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇੰਸਟਾਲੇਸ਼ਨ, ਪੋਸਟਰ ਮੇਕਿੰਗ, ਮੌਕੇ ਉੱਤੇ ਚਿੱਤਰਕਾਰੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਸੈਨੇਟ ਹਾਲ ਵਿਖੇ ਟੀਮ ਦੇ ਸਵਾਗਤੀ ਪ੍ਰੋਗਰਾਮ ਸਮੇਂ ਰਜਿਸਟਰਾਰ ਡਾ. ਨਵਜੋਤ ਕੌਰ, ਵਾਈਸ ਚਾਂਸਲਰ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ ਮਾਨ, ਡਾ. ਗੁਰਮੁਖ ਸਿੰਘ, ਡਾ. ਕਵਿਤਾ ਸਿੰਘ, ਡਾ. ਜਿਓਤੀ, ਡਾ. ਹਰਿੰਦਰ ਹੁੰਦਲ, ਸ਼ਮਸ਼ੇਰ ਕੌਰ ਚਹਿਲ, ਜੈਦੇਵ, ਅਲੀ ਅਕਬਰ ਅਤੇ ਮਨਦੀਪ ਸਿੰਘ ਵੀ ਹਾਜ਼ਰ ਰਹੇ।