ਸੀ.ਐਮ. ਦੀ ਯੋਗਸ਼ਾਲਾ’ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਲਈ ਸਾਬਤ ਹੋ ਰਹੀ ਹੈ ਵਰਦਾਨ: ਡਿਪਟੀ ਕਮਿਸ਼ਨਰ
ਸੀ.ਐਮ. ਦੀ ਯੋਗਸ਼ਾਲਾ’ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਲਈ ਸਾਬਤ ਹੋ ਰਹੀ ਹੈ ਵਰਦਾਨ: ਡਿਪਟੀ ਕਮਿਸ਼ਨਰ
ਟੋਲ ਫਰੀ ਨੰਬਰ 76694-00500 ਉਤੇ ਕਾਲ ਕਰਕੇ ਆਪਣੇ ਨੇੜੇ ਚੱਲ ਰਹੀ ਮੁਫਤ ਯੋਗਸ਼ਾਲਾ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ ਜ਼ਿਲ੍ਹਾ ਵਾਸੀ: ਜਤਿੰਦਰ ਜੋਰਵਾਲ
ਸੰਗਰੂਰ, 20 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬੀਆਂ ਦੀ ਸਿਹਤ ਨਿਰੋਈ ਰੱਖਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਸੀ.ਐਮ. ਦੀ ਯੋਗਸ਼ਾਲਾ’ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ‘ਸੀ.ਐਮ. ਦੀ ਯੋਗਸ਼ਾਲਾ’ ਤਹਿਤ ਯੋਗ ਦੀਆਂ ਮੁਫਤ ਕਲਾਸਾਂ ਲਾਈਆਂ ਜਾ ਰਹੀਆਂ ਹਨ ਜਿਸ ਵਿੱਚ ਸੂਖਸ਼ਮ ਵਿਯਾਮ, ਸਥੂਲ ਵਿਯਾਮ, ਆਸਣ, ਧਿਆਨ, ਪ੍ਰਾਣਾਯਾਮ ਆਦਿ ਸਿਖਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਮਾਂ ਸਾਰਣੀਆਂ ਤਹਿਤ ਲਗਾਈਆਂ ਜਾ ਰਹੀਆਂ ਇਨ੍ਹਾਂ ਕਲਾਸਾਂ ਵਿੱਚ ਪੂਰੇ ਜ਼ਿਲ੍ਹੇ ਦੇ ਹਰ ਉਮਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਰੋਜ਼ਾਨਾ ਯੋਗ ਕਰਨ ਨਾਲ ਲੋਕਾਂ ਨੂੰ ਸਰਵਾਈਕਲ, ਪਿੱਠ ਦਰਦ, ਤਣਾਅ, ਚਿੰਤਾ, ਜੋੜਾਂ ਦੇ ਦਰਦ, ਮੋਟਾਪਾ ਹਾਈ-ਲੋਅ ਬਲੱਡ ਪ੍ਰੈਸਰ ਆਦਿ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਅਤੇ ਜ਼ਿਲ੍ਹਾ ਸੰਗਰੂਰ ਵਿੱਚ ਵੀ ਇਸ ਤਰ੍ਹਾਂ ਦੇ ਸਾਰਥਕ ਮਾਮਲੇ ਸਾਹਮਣੇ ਆ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ‘ਸੀ.ਐਮ. ਦੀ ਯੋਗਸ਼ਾਲਾ’ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਜਿਸ ਤਹਿਤ ਲੋਕਾਂ ਨੂੰ ਆਪਣੀ ਸਿਹਤ ਦੀ ਸੰਭਾਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਯੋਗ ਦੇ ਨਿਯਮਿਤ ਅਭਿਆਸ ਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਿਰੋਗੀ ਜੀਵਨ ਜਿਉਣ ਦੀ ਪ੍ਰੇਰਨਾ ਮਿਲ ਰਹੀ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਸੰਗਰੂਰ ਦੇ ਨਾਲ-ਨਾਲ ਸੁਨਾਮ, ਲਹਿਰਾ, ਦਿੜ੍ਹਬਾ, ਮੂਣਕ, ਖਨੌਰੀ , ਭਵਾਨੀਗੜ੍ਹ ਅਤੇ ਧੂਰੀ ਵਿੱਚ ਵੀ ਚੱਲ ਰਹੀ ਹੈ। ਲੋਕਾਂ ਨੂੰ ਰੋਜ਼ਾਨਾ ਯੋਗਾ ਕਰਨ ਦਾ ਸੱਦਾ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗ ਦਾ ਭਰਪੂਰ ਲਾਭ ਲੈਣ ਲਈ ਟੋਲ ਫਰੀ ਨੰਬਰ 76694-00500 ਜਾਂ https://cmdiyogshala .punjab.gov.in ‘ਤੇ ਲਾਗ ਇਨ ਕਰਕੇ ਆਪਣੇ ਨੇੜੇ ਚੱਲ ਰਹੀ ਮੁਫਤ ਯੋਗਸ਼ਾਲਾ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।