ਨਸ਼ਿਆਂ ਦੇ ਪਸਾਰੇ ਲਈ ਪਿਛਲੀਆਂ ਸਰਕਾਰਾਂ ਦੋਸ਼ੀ, ਮੌਜੂਦਾ ਸਰਕਾਰ ਨੇ ਨਸ਼ਾ ਵਿਰੁੱਧ ਇਮਾਨਦਾਰੀ ਨਾਲ ਕੰਮ ਕੀਤਾ-ਜੌੜਾਮਾਜਰਾ
ਨਸ਼ਿਆਂ ਦੇ ਪਸਾਰੇ ਲਈ ਪਿਛਲੀਆਂ ਸਰਕਾਰਾਂ ਦੋਸ਼ੀ, ਮੌਜੂਦਾ ਸਰਕਾਰ ਨੇ ਨਸ਼ਾ ਵਿਰੁੱਧ ਇਮਾਨਦਾਰੀ ਨਾਲ ਕੰਮ ਕੀਤਾ-ਜੌੜਾਮਾਜਰਾ
-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਨਸ਼ਿਆਂ ਤਸਕਰਾਂ ‘ਤੇ ਸਿਕੰਜ਼ਾ ਕਸਿਆ
-ਸਬ ਜੂਨੀਅਰ-ਜੂਨੀਅਰ ਮੈਨ ਤੇ ਵੂਮੈਨ ਪਾਵਰ ਲਿਫ਼ਟਿੰਗ ਨੈਸ਼ਨਲ ਚੈਂਪੀਅਨਸ਼ਿਪ ਦਾ ਉਦਘਾਟਨ
-ਦੇਸ਼ ਦੇ 28 ਰਾਜਾਂ ਤੋਂ ਪੁੱਜੇ 450 ਪਾਵਰ ਲਿਫਟਰ, ਭਾਰ ਚੁੱਕਣ ਦੇ ਮੁਕਾਬਲਿਆਂ ‘ਚ ਉਤਸ਼ਾਹ ਨਾਲ ਲਿਆ ਹਿੱਸਾ
ਪਟਿਆਲਾ, 17 ਜੂਨ:
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਸਬ ਜੂਨੀਅਰ ਤੇ ਜੂਨੀਅਰ ਮੈਨ ਤੇ ਵੂਮੈਨ ਪਾਵਰ ਲਿਫ਼ਟਿੰਗ ਨੈਸ਼ਨਲ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਇੱਥੇ ਰਿੰਕ ਹਾਲ ਵਿਖੇ 28 ਰਾਜਾਂ ਤੋਂ ਪੁੱਜੇ ਕਰੀਬ 450 ਖਿਡਾਰੀਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਖੇਡ ਭਾਵਨਾ ਨਾਲ ਹਿੱਸਾ ਲੈਣ ਲਈ ਪ੍ਰੇਰਤ ਕਰਦਿਆਂ ਕੈਬਨਿਟ ਮੰਤਰੀ ਨੇ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮੱਲੀ ਤੇ ਹੋਰ ਅਹੁਦੇਦਾਰਾਂ ਨੂੰ ਇਹ ਚੈਂਪੀਅਨਸ਼ਿਪ ਕਰਵਾਉਣ ਲਈ ਵਧਾਈ ਦਿੱਤੀ।
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ, ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਇਸ ਮੌਕੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਵਿਸ਼ੇਸ਼ ਉਪਰਾਲੇ ਕੀਤੇ ਹਨ।
ਚੇਤਨ ਸਿੰਘ ਜੌੜਾਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਸ਼ਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਨਸ਼ਿਆਂ ਦੇ ਪਸਾਰੇ ਲਈ ਪਿਛਲੀਆਂ ਸਰਕਾਰਾਂ ਦੋਸ਼ੀ ਹਨ, ਕਿਉਂਕਿ ਪਿਛਲੇ ਸਮੇਂ ਵਿੱਚ ਨਸ਼ਿਆਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੌਜੂਦਾ ਪੰਜਾਬ ਸਰਕਾਰ ਨੇ ਇਮਾਨਦਾਰੀ ਨਾਲ ਨਸ਼ਾ ਤਸਕਰਾਂ ‘ਤੇ ਸਿਕੰਜ਼ਾ ਕਸਦੇ ਹੋਏ ਕਾਰਵਾਈ ਕੀਤੀ ਹੈ, ਜਿਸ ਦੇ ਸਿੱਟੇ ਬਹੁਤ ਜਲਦ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲਤ ਦੇ ਸ਼ਿਕਾਰ ਨੌਜਵਾਨਾਂ ਦਾ ਨਸ਼ਾ ਛੁਡਾਉਣ ਲਈ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਹੈ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁਲਤ ਕਰਨ ਲਈ ਲਈ ਵਿਸ਼ੇਸ਼ ਬਜਟ ਰੱਖਿਆ ਹੈ ਅਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਨਗ਼ਦ ਇਨਾਮ ਦੇਣ ਦੇ ਨਾਲ-ਨਾਲ ਸਰਕਾਰੀ ਨੌਕਰੀਆਂ ਵੀ ਪ੍ਰਦਾਨ ਕੀਤੀਆਂ ਹਨ। ਇਸ ਤੋਂ ਇਲਾਵਾ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਸਮੇਤ ਖੇਡ ਨਰਸਰੀਆਂ ਖੋਲ੍ਹੀਆਂ ਜਾ ਰਹੀਆਂ ਹਨ।
ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ 21 ਜੂਨ ਤੱਕ ਕਰਵਾਈ ਜਾਣ ਵਾਲੀ ਚੈਂਪੀਨਸ਼ਿਪ ਦੌਰਾਨ ਇਕੁਇਪਡ ਮੁਕਾਬਲਿਆਂ ‘ਚ ਸੁਕੈਡ, ਬੈਂਚ ਪ੍ਰੈਸ ਤੇ ਡੈਡ ਲਿਫ਼ਟ ਮੁਕਾਬਲੇ ਸ਼ਾਮਲ ਹਨ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।
ਇਸ ਮੌਕੇ ਆਲ ਇੰਡੀਆ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ, ਜਨਰਲ ਸਕੱਤਰ ਅਰਜਨਾ ਅਵਾਰਡੀ ਪੀ.ਜੇ. ਜੌਸਫ਼, ਪੀ.ਏ. ਸੁਰਜੀਤ ਸਿੰਘ ਫ਼ੌਜੀ, ਗੁਰਿੰਦਰਪਾਲ ਸਿੰਘ, ਨਿਰਮਲ ਸਿੰਘ ਬਾਊ, ਰਸ਼ਪਾਲ ਸਿੰਘ, ਪ੍ਰੇਮ ਕੁਮਾਰ ਪ੍ਰੇਮੀ, ਕਰਮਜੀਤ ਸਿੰਘ ਸਾਹੀ, ਹਰਕੀਰਤ ਸਿੰਘ ਲਵਲੀ, ਮਹਿੰਦਰਪਾਲ ਸਿੰਘ, ਰਸ਼ਪਾਲ ਸਿੰਘ ਸਮੇਤ ਜਿਊਰੀ ਮੈਂਬਰ, ਰੈਫ਼ਰੀ, ਕੋਚ, ਸਕੱਤਰ ਤੇ 28 ਰਾਜਾਂ ਤੋਂ 450 ਦੇ ਕਰੀਬ ਪਾਵਰ ਲਿਫਟਰ ਖਿਡਾਰੀ ਮੌਜੂਦ ਸਨ।