ਡਾ. ਉੱਭਾ ਰਚਿਤ ਕਾਵਿ ਸੰਗ੍ਰਹਿ 'ਈਕੋ ਆਫ਼ ਦਾ ਸੋਲ' ਕੀਤਾ ਗਿਆ ਲੋਕ ਅਰਪਣ
ਡਾ. ਉੱਭਾ ਰਚਿਤ ਕਾਵਿ ਸੰਗ੍ਰਹਿ ‘ਈਕੋ ਆਫ਼ ਦਾ ਸੋਲ’ ਕੀਤਾ ਗਿਆ ਲੋਕ ਅਰਪਣ
ਪਟਿਆਲਾ : ਸਮਕਾਲੀ ਕਵਿਤਾ ਦੇ ਖੇਤਰ ਵਿੱਚ ਡਾ. ਧਰਮਿੰਦਰ ਸਿੰਘ ਉੱਭਾ ਆਪਣੀ ਵਿਲੱਖਣ ਪਹਿਚਾਣ ਰੱਖਣ ਵਾਲੀ ਸ਼ਾਇਰਾਨਾ ਸ਼ਖਸ਼ੀਅਤ ਹਨ। ਜਿਨ੍ਹਾਂ ਦੀ ਕਵਿਤਾ ਨੇ ਵੀ ਉਨਾਂ ਦੀ ਸ਼ਖਸ਼ੀਅਤ ਵਾਂਗ ਹੀ ਬੂੰਦ ਤੋਂ ਸਾਗਰ ਤੱਕ ਦਾ ਸਫਰ ਤੈਅ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਰੰਗ ਕਰਮੀ ਅਤੇ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਵੱਲੋਂ ਡਾ. ਧਰਮਿੰਦਰ ਸਿੰਘ ਉੱਭਾ ਦੀਆਂ ਚੋਣਵੀਆਂ ਕਵਿਤਾਵਾਂ ਦੇ ਅੰਗਰੇਜ਼ੀ ਵਿੱਚ ਛਪੇ ਕਾਵਿ-ਸੰਗ੍ਰਹਿ ‘ਈਕੋ ਆਫ਼ ਦਾ ਸੋਲ’ (ਰੂਹ ਦੀਆਂ ਗੂੰਜਾਂ) ਦੇ ਲੋਕ ਅਰਪਣ ਕਰਨ ਮੌਕੇ ਕੀਤਾ ਗਿਆ। ਵਰਨਣਯੋਗ ਹੈ ਕਿ ਡਾ. ਧਰਮਿੰਦਰ ਸਿੰਘ ਉੱਭਾ ਦੇ ਹੁਣ ਤੱਕ ਪੰਜਾਬੀ ਵਿੱਚ ਸੱਤ ਕਾਵਿ-ਸੰਗ੍ਰਹਿ ਛਪ ਚੁੱਕੇ ਹਨ, ਜਿਨ੍ਹਾਂ ਵਿੱਚੋਂ 101 ਚੋਣਵੀਆਂ ਰਚਨਾਵਾਂ ਨੂੰ ਪ੍ਰੋ. ਜਸਪ੍ਰੀਤ ਕੌਰ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਢਾਲਿਆ ਗਿਆ ਹੈ। ਜੋ ਕਿ ਇਸ ਕਾਵਿ ਸੰਗ੍ਰਹਿ ਵਿੱਚ ਛਾਪੀਆਂ ਗਈਆਂ ਹਨ। ਇਹ ਕਾਵਿ-ਸੰਗ੍ਰਹਿ ਡਾ. ਉੱਭਾ ਦੇ ਮੌਲਿਕ ਅਨੁਭਵ ਨੂੰ ਹੀ ਆਪਣੇ ਆਪੇ ਵਿੱਚ ਸਮੋਈ ਬੈਠਾ ਹੈ ਕਿਉਂਕਿ ਡਾ. ਉੱਭਾ ਵੱਲੋਂ ਇਨ੍ਹਾਂ ਕਵਿਤਾਵਾਂ ਦੇ ਅੰਗਰੇਜ਼ੀ ਰੂਪ ਨੂੰ ਵੀ ਆਪਣੀ ਮੌਲਿਕ ਛੁਹ ਨਾਲ ਸ਼ਿੰਗਾਰਿਆ ਗਿਆ ਹੈ।
ਅੱਜ ਡਾ. ਧਰਮਿੰਦਰ ਸਿੰਘ ਉੱਭਾ ਦੇ 56ਵੇਂ ਜਨਮ ਦੇ ਵਿਸ਼ੇਸ਼ ਮੌਕੇ ਇਸ ਕਾਵਿ-ਸੰਗ੍ਰਹਿ ਨੂੰ ਲੋਕ ਅਰਪਣ ਕਰਦੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਡਾ. ਉੱਭਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਅਨੁਵਾਦਿਤ ਕਾਵਿ-ਸੰਗ੍ਰਹਿ ਰਾਹੀਂ ਡਾ. ਉੱਭਾ ਦਾ ਕਾਵਿਕ ਅਨੁਭਵ ਪੰਜਾਬੀ ਪਾਠਕਾਂ ਜਾਂ ਸਰੋਤਿਆਂ ਤੋਂ ਪਰਵਾਜ਼ ਕਰਦਾ ਹੋਇਆ ਸਮੁੱਚੇ ਵਿਸ਼ਵ ਨਾਲ ਆਪਣਾ ਰਾਬਤਾ ਕਾਇਮ ਕਰੇਗਾ ਅਤੇ ਵਿਸ਼ਵ ਦਾ ਪਾਠਕ ਵਰਗ ਡਾ. ਉੱਭਾ ਦੀ ਕਾਵਿ ਸੰਵੇਦਨਾ ਦੇ ਰੂ-ਬਾ-ਰੂ ਹੋਵੇਗਾ।
ਸ. ਸਤਵਿੰਦਰ ਸਿੰਘ ਟੌਹੜਾ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੌਕੇ ਡਾ. ਉੱਭਾ ਨੂੰ ਜਿੱਥੇ ਕਾਵਿ ਸੰਗ੍ਰਹਿ ਦੇ ਲੋਕ ਅਰਪਣ ਹੋਣ ਦੀ ਵਧਾਈ ਦਿੱਤੀ ਉੱਥੇ ਨਾਲ ਦੀ ਨਾਲ ਉਨਾਂ ਆਸ ਵੀ ਪ੍ਰਗਟ ਕੀਤੀ ਕਿ ਇਹ ਕਾਵਿ ਸੰਗ੍ਰਹਿ ਵਿਸ਼ਵ ਦੇ ਪਾਠਕ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੇਗਾ।
ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਕਾਵਿਕ ਅਨੁਭਵ ਨਾਲ ਸਬੰਧਿਤ ਕੁੱਝ ਤਜ਼ਰਬੇ ਵੀ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਕਵਿਤਾ ਨਾਲ ਮੇਰਾ ਰਿਸ਼ਤਾ ਸੂਰਜ ਦੀ ਪਹਿਲੀ ਕਿਰਨ ਤੇ ਘਾਹ ਦੀਆਂ ਪੱਤੀਆਂ ਤੇ ਪਈ ਤਰੇਲ ਵਰਗਾ ਹੀ ਹੈ ਜਿਸ ਦੇ ਆਵੇਸ਼ ਨਾਲ ਮੇਰਾ ਕਾਵਿਕ ਆਪਾ ਲਿਸ਼ਕ ਉੱਠਦਾ ਹੈ। ਇਸ ਮੌਕੇ ਉਨਾਂ ਆਪਣੀਆਂ ਕਵਿਤਾਵਾਂ ਦੇ ਅੰਗਰੇਜ਼ੀ ਰੂਪਾਂਤਰਨ ਲਈ ਪ੍ਰੋ. ਜਸਪ੍ਰੀਤ ਕੌਰ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਪ੍ਰੋ. ਜਸਪ੍ਰੀਤ ਵੱਲੋਂ ਬਾਖੂਬੀ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਕਾਲਜ ਦਾ ਸਮੂਹ ਸਟਾਫ ਵੀ ਹਾਜ਼ਰ ਸੀ।