ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਬੀਬਾ ਜੈਇੰਦਰ ਕੌਰ
ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਬੀਬਾ ਜੈਇੰਦਰ ਕੌਰ
-50 ਸਾਲ ਪੁਰਾਣੇ ਡੰਪਿੰਗ ਗਰਾਊਂਡ ਦੇ ਪੱਕੇ ਹੱਲ ਲਈ ਲਗਾਏ ਰੇਮਿਡਿਏਸ਼ਨ ਪਲਾਂਟ ਨੂੰ ਵੀ ਨਹੀਂ ਸੰਭਾਲ ਸਕੀ ਆਪ ਪਾਰਟੀ, ਹੁਣ ਧੂੰਏਂ ਨੇ ਲੋਕਾਂ ਦਾ ਸਾਹ ਲੈਣਾ ਵੀ ਕੀਤਾ ਔਖਾ
ਪਟਿਆਲਾ 17 ਮਈ 2024
ਸਨੌਰ ਰੋਡ ’ ਦੇ ਨਾਲ ਲਗਦੀ ਤੇਜਬਾਗ ਕਲੋਨੀ ’ਚ ਕਰਵਾਏ ਗਈ ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਸਨੌਰ ਰੋਡ ਦੇ ਨਾਲ ਲਗਦੇ 50 ਸਾਲ ਪੁਰਾਣੇ ਡੰਪ ਦੇ ਪੱਕੇ ਸੁਧਾਰ ਲਈ ਉਹਨਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਡੰਪ ਦੇ ਸਥਾਈ ਹੱਲ ਲਈ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਰੇਮੀਡੀਏਸ਼ਨ ਪਲਾਂਟ ਲਗਾਇਆ ਗਿਆ ਸੀ। ਪਰ ਪਿਛਲੇ ਢਾਈ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਪਲਾਂਟ ਦਾ ਵਿਸਤਾਰ ਕਰਨਾਂ ਤਾਂ ਦੂਰ ਇਸ ਪਲਾਂਟ ਨੂੰ ਚਾਲੂ ਵੀ ਨਹੀਂ ਰੱਖ ਸਕੀ। ਰੇਮੀਡੀਏਸ਼ਨ ਪਲਾਂਟ ਦੇ ਲਗਾਤਾਰ 26 ਮਹੀਨੇ ਬੰਦ ਰਹਿਣ ਨਾਲ ਡੰਪ ਵਾਲੀ ਥਾਂ ’ਤੇ ਇੱਕ ਲੱਖ ਟਨ ਤੋਂ ਵੱਧ ਨਵਾਂ ਕੂੜਾ ਇਕੱਠਾ ਹੋ ਗਿਆ। ਇਸ ਕੂੜੇ ਨੂੰ ਪਿਛਲੇ ਦਸ ਦਿਨਾਂ ਤੋਂ ਲੱਗੀ ਅੱਗ ਨੇ ਸ਼ਹਿਰ ਦੇ ਕਰੀਬ ਇੱਕ ਲੱਖ ਲੋਕਾਂ ਦਾ ਸਾਹ ਲੈਣਾ ਹੀ ਔਖਾ ਕਰ ਦਿੱਤਾ ਹੈ।
ਬੀਬਾ ਜੈਇੰਦਰਾ ਕੌਰ ਨੇ ਤੇਜਬਾਗ ਕਲੋਨੀ, ਮਥੁਰਾ ਕਲੋਨੀ ਅਤੇ ਜਗਦੀਸ਼ ਕਲੋਨੀ ਦੇ ਲੋਕਾਂ ਵੱਲੋਂ ਕਰਵਾਈ ਜਨਤਕ ਮੀਟਿੰਗ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਵੇਗੀ। ਪਾਰਟੀ ਆਗੂਆਂ ਵੱਲੋਂ ਕੀਤੇ ਇਸ ਵਾਅਦੇ ‘ਤੇ ਭਰੋਸਾ ਕਰਦਿਆਂ ਸਾਰਿਆਂ ਨੇ ਕੇਜਰੀਵਾਲ ਨੂੰ ਇੱਕ ਮੌਕਾ ਦਿੱਤਾ, ਪਰ 26 ਮਹੀਨਿਆਂ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਇੱਕ ਵੀ ਔਰਤ ਨੂੰ 1000 ਰੁਪਏ ਮਹੀਨਾ ਪੈਨਸ਼ਨ ਨਹੀਂ ਦੇ ਸਕੀ। ਅੱਜ ਜਦੋਂ ਆਮ ਆਦਮੀ ਪਾਰਟੀ ਦੇ ਲੋਕ ਸ਼ਹਿਰ ਵਾਸੀਆਂ ਦੇ ਘਰ-ਘਰ ਜਾ ਕੇ ਵੋਟਾਂ ਮੰਗਣ ਲਈ ਆਉਣ ਤਾਂ ਉਨ੍ਹਾਂ ਤੋਂ ਲੰਗੇ 26 ਮਹੀਨਿਆਂ ਦੇ ਹਜ਼ਾਰ ਰੁਪਏ ਦਾ ਹਿਸਾਬ ਜ਼ਰੂਰ ਮੰਗਿਆ ਜਾਵੇ। ਬੀਬਾ ਜੈਇੰਦਰਾ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਪਟਿਆਲਾ ਨੂੰ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ, ਉਸ ਤੋਂ ਬਾਅਦ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਅਤੇ ਫਿਰ ਸ਼੍ਰੀ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦਿੱਤੀ। ਇਸ ਦੇ ਨਾਲ ਹੀ 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਨਹਿਰੀ ਪਾਣੀ ਦਾ ਪ੍ਰੋਜੈਕਟ ਦਿੱਤਾ ਗਿਆ। 205 ਕਰੋੜ ਰੁਪਏ ਦੀ ਲਾਗਤ ਨਾਲ ਛੋਟੀ ਅਤੇ ਵੱਡੀ ਨਦੀਆਂ ਦੇ ਸੁੰਦਰੀਕਰਨ ਦੇ ਪ੍ਰਾਜੈਕਟ ਤਹਿਤ ਸ਼ਹਿਰ ਵਿੱਚ ਸੀਵਰੇਜ ਸਿਸਟਮ ਨੂੰ ਬਿਹਤਰ ਬਣਾਉਣ ਲਈ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਦਿੱਤੇ ਗਏ। 19 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸ੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ, ਹੈਰੀਟੇਜ ਰਜਿੰਦਰਾ ਝੀਲ ਦਾ ਨਵੀਨੀਕਰਨ, ਸ਼ਹਿਰ ਦੇ 113 ਪਾਰਕਾਂ ਦਾ ਨਵੀਨੀਕਰਨ, 115 ਧਰਮਸ਼ਾਲਾਵਾਂ ਦਾ ਨਵੀਨੀਕਰਨ, ਪਾਰਕਾਂ ਵਿੱਚ ਨਵੇਂ ਜਿੰਮ, ਨਵੀਆਂ ਐਲ.ਈ.ਡੀ. ਸਟਰੀਟ ਲਾਈਟਾਂ, ਬਾਰਾਂਦਰੀ ਦਾ ਨਵੀਨੀਕਰਨ, ਰੇਲਵੇ ਸਟੇਸ਼ਨ ਅਤੇ ਰਾਜਪੁਰਾ ਰੋਡ ‘ਤੇ ਦੋ ਅੰਡਰਪਾਥ, ਸ੍ਰੀ ਮੋਤੀ ਬਾਗ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਸੁੰਦਰੀਕਰਨ, ਨਵਾਂ ਬੱਸ ਸਟੈਂਡ ਅਤੇ ਸ਼ਹਿਰ ਦੇ ਹਰ ਕੋਨੇ ‘ਤੇ ਸੈਮੀ ਅੰਡਰਗਰਾਊਂਡ ਡੱਬਿਆਂ ਦੇ ਨਾਲ-ਨਾਲ ਸਫ਼ਾਈ ਲਈ ਛੇ ਆਧੁਨਿਕ ਕੰਪੈਕਟਰ ਸਿਸਟਮ ਸਥਾਪਤ ਕਰਵਾਏ।
ਭਾਜਪਾ ਆਗੂ ਬੀਬਾ ਜੈਇੰਦਰਾ ਕੌਰ ਨੇ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਤਾ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਕੇਂਦਰ ਸਰਕਾਰ ਵੱਲੋਂ ਪਟਿਆਲਾ ਲਈ ਅਹਿਮ ਸਕੀਮਾਂ ਪਾਸ ਕਰਵਾ ਕੇ ਦਿੱਤੀਆਂ ਹਨ। ਜਿਸ ਵਿੱਚ 752 ਕਰੋੜ ਰੁਪਏ ਦੀ ਲਾਗਤ ਨਾਲ ਨਾਰਦਰਨ ਬਾਈਪਾਸ, 597 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬੱਸ ਸਟੈਂਡ ਨੇੜੇ ਬਣਨ ਵਾਲੇ ਫਲਾਈਓਵਰ ਅਤੇ ਇਸ ਨੂੰ ਚੰਡੀਗੜ੍ਹ-ਸੰਗਰੂਰ ਬਾਈਪਾਸ ਨਾਲ ਜੋੜਨ ਦੇ ਨਾਲ-ਨਾਲ ਘੱਗਰ ਦੇ ਸਥਾਈ ਹੱਲ ਲਈ ਮਨਜ਼ੂਰੀ ਹਾਸਲ ਕਰਵਾ ਕੇ ਦਿੱਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਕਸਿਤ ਭਾਰਤ ਯੋਜਨਾ ਤਹਿਤ ਪਾਤੜਾਂ ਨੇੜਿਓਂ ਲੰਘਦੇ ਦਿੱਲੀ-ਕਟੜਾ ਐਕਸਪ੍ਰੈਸ ਹਾਈਵੇ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਪਟਿਆਲਾ ਵਿੱਚ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਬੀਬਾ ਜੈਇੰਦਰਾ ਕੌਰ ਨੇ ਪਟਿਆਲਾ ਦੇ ਸਰਬਪੱਖੀ ਵਿਕਾਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਪਟਿਆਲਾ ਦੇ ਲੋਕ ਚਾਹੁੰਦੇ ਹਨ ਕਿ ਪਟਿਆਲਾ ਦਾ ਵਿਕਾਸ ਸਿਖਰਾਂ ‘ਤੇ ਪਹੁੰਚੇ ਤਾਂ ਜ਼ਰੂਰੀ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਲੋਕ ਸਭਾ ‘ਚ ਭੇਜਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਕੋਈ ਪਟਿਆਲਾ ਦਾ ਭਵਿੱਖ ਸੁਰੱਖਿਅਤ ਕਰ ਸਕਦਾ ਹੈ ਤਾਂ ਉਹ ਕੇਵਲ ਨਰਿੰਦਰ ਮੋਦੀ ਹੀ ਹਨ ਅਤੇ ਇਸ ਲਈ ਸਾਰਿਆਂ ਨੂੰ 1 ਜੂਨ ਨੂੰ ਚੋਣਾਂ ਵਾਲੇ ਦਿਨ ਭਾਜਪਾ ਦੇ ਚੋਣ ਨਿਸ਼ਾਨ ਕਮਲ ਲਈ ਆਪਣੀ ਕੀਮਤੀ ਵੋਟ ਪਾਉਣੀ ਪਵੇਗੀ।
ਇਸ ਮੌਕੇ ਸਾਬਕਾ ਕੌਂਸਲਰ ਹਰੀਸ਼ ਨਾਗਪਾਲ ਗਿੰਨੀ, ਹਰੀਸ਼ ਕਪੂਰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ। ਇਸ ਮੌਕੇ ਮੁਸਲਿਮ ਬਸਤੀ ਦੇ ਕਈ ਪਰਿਵਾਰ ਹੋਰ ਸਿਆਸੀ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ। ਭਾਜਪਾ ਪਰਿਵਾਰ ਦਾ ਹਿੱਸਾ ਬਣੇ ਪਰਿਵਾਰਾਂ ਨੂੰ ਬੀਬਾ ਜੈਇੰਦਰਾ ਕੌਰ ਨੇ ਸਿਰੋਪਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ।