ਪਸ਼ੂ ਪਾਲਣ ਵਿਭਾਗ ਵੱਲੋਂ ਗਰਮੀਆਂ ਦੌਰਾਨ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਐਡਵਾਈਜ਼ਰੀ ਜਾਰੀ
ਪਸ਼ੂ ਪਾਲਣ ਵਿਭਾਗ ਵੱਲੋਂ ਗਰਮੀਆਂ ਦੌਰਾਨ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਐਡਵਾਈਜ਼ਰੀ ਜਾਰੀ
ਪਟਿਆਲਾ, 21 ਮਈ:
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਪਮਾਨ ਦੇ ਵਾਧੇ ਅਤੇ ਇਸ ਕਾਰਨ ਖੁਰਾਕ ਦੀ ਕਮੀ ਕਰਕੇ ਪਸ਼ੂਆਂ ਦਾ ਸਰੀਰ ਦਬਾਅ ਹੇਠ ਆ ਸਕਦਾ ਹੈ। ਇਸ ਦੇ ਨਤੀਜੇ ਵਜੋਂ ਪਸ਼ੂਆਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਤੇ ਖਾਸ ਧਿਆਨ ਦੇਣ ਦੀ ਲੋੜ ਹੈ।
ਉਨ੍ਹਾ ਦੱਸਿਆ ਕਿ ਪਸ਼ੂਆਂ ਨੂੰ ਹਰ ਵੇਲੇ ਛਾਂ ਵਿਚ ਰਖਣ ਦਾ ਯਤਨ ਕੀਤਾ ਜਾਵੇ। ਪਸ਼ੂਆਂ ਨੂੰ ਹਰ ਵੇਲੇ ਪੀਣ ਵਾਲਾ ਠੰਡਾ ਪਾਣੀ ਉਪਲਬੱਧ ਹੋਣਾ ਚਾਹੀਦਾ ਹੈ। ਹਰ ਦੋ ਘੰਟਿਆਂ ਬਾਅਦ ਮੋਟਰ ਚਲਾ ਕੇ ਪਾਣੀ ਦੀ ਖੇਲ ਵਿੱਚ ਤਾਜਾ ਪਾਣੀ ਭਰਦੇ ਰਹੋ। ਜਿਹੜੇ ਪਸ਼ੂ ਕਿੱਲੇ ਨਾਲ ਬੰਨ੍ਹੇ ਰਹਿੰਦੇ ਹਨ, ਉਨ੍ਹਾਂ ਨੂੰ ਪਾਣੀ ਪਿਲਾਉਣ ਲਈ ਕਈ ਵਾਰ ਖੇਲ ਤੱਕ ਲੈ ਕੇ ਜਾਇਆ ਜਾਵੇ। ਪਸ਼ੂਆਂ ਨੂੰ ਚਾਰਾ/ਖ਼ੁਰਾਕ ਖਾਣ ਤੋਂ ਬਾਅਦ ਅਤੇ ਧਾਰ ਕੱਢਣ ਤੋਂ ਬਾਅਦ ਪਾਣੀ ਦੀ ਵਧੇਰੇ ਲੋੜ ਮਹਿਸੂਸ ਹੁੰਦੀ ਹੈ। ਇਸ ਲਈ ਇਨ੍ਹਾਂ ਦੋਨਾਂ ਮੌਕਿਆਂ ਵੇਲੇ ਪਸ਼ੂਆਂ ਨੂੰ ਪਾਣੀ ਦੀ ਖੇਲ ਕੋਲ ਕੁਝ ਸਮੇਂ ਲਈ ਖੁੱਲ੍ਹਾ ਜ਼ਰੂਰ ਛੱਡੋ ਤਾਂ ਕਿ ਇਹ ਰੱਜ ਕੇ ਪਾਣੀ ਪੀ ਸਕਣ ।
ਪਸ਼ੂ ਨੂੰ ਸਵੇਰੇ ਜਲਦੀ ਅਤੇ ਸ਼ਾਮ ਨੂੰ ਲੇਟ ਠੰਡੇ ਵੇਲੇ ਖ਼ੁਰਾਕ ਦਿਓ। ਦਿਨ ਵੇਲੇ ਗਰਮੀ ਦੇ ਪ੍ਰਭਾਵ ਕਾਰਨ ਪਸ਼ੂਆਂ ਦੀ ਖ਼ੁਰਾਕ ਘੱਟ ਜਾਂਦੀ ਹੈ। ਇਸ ਦੇ ਵਿਕਲਪ ਵਜੋਂ ਰਾਤ ਨੂੰ ਸੈਂਡ ਵਿੱਚ ਮੱਧਮ ਰੋਸ਼ਨੀ ਰੱਖ ਕੇ ਖੁਰਲੀਆਂ ਨੂੰ ਚਾਰੇ ਅਤੇ ਖ਼ੁਰਾਕ ਨਾਲ ਭਰ ਕੇ ਰੱਖਿਆ ਜਾ ਸਕਦਾ ਹੈ ਤਾਂ ਕਿ ਪਸ਼ੂ ਰਾਤ ਨੂੰ ਵੱਧ ਖ਼ੁਰਾਕ ਖਾ ਸਕਣ। ਖ਼ੁਰਾਕ ਵਿੱਚ ਪ੍ਰੋਟੀਨ ਅਤੇ ਊਰਜਾ ਦੀ ਮਾਤਰਾ ਵਧਾਉਣ ਲਈ ਸਰ੍ਹੋਂ ਦੀ ਖਲ, ਵੜੇਵੇਂ, ਫੁੱਲ ਫੈਟ ਸੋਇਆ ਅਤੇ ਬਾਈਪਾਸ ਫੈਟ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਗਰਮੀ ਦਾ ਪ੍ਰਭਾਵ ਘਟਾਉਣ ਲਈ ਫੀਡ ਵਿੱਚ 10 ਗ੍ਰਾਮ ਆਮਲਾ ਪਾਊਡਰ ਪ੍ਰਤੀ ਪਸ਼ੂ ਪ੍ਰਤੀ ਦਿਨ ਅਤੇ ਵਿਟਾਮਿਨ ਏ ਅਤੇ ਵਿਟਾਮਿਨ ਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਦੁੱਧ ਦੀ ਪੈਦਾਵਾਰ , ਫੈਟ ਅਤੇ ਗ੍ਰੇਵਿਟੀ ਵਿੱਚ ਕਮੀ ਨੂੰ ਰੋਕਣ ਲਈ 100 ਗ੍ਰਾਮ ਯੀਸਟ ਪ੍ਰਤੀ ਕੁਇੰਟਲ ਪਸ਼ੂ ਖ਼ੁਰਾਕ ਵਿੱਚ ਸ਼ਾਮਲ ਕੀਤੀ ਜਾ ਸਕਦੀ ਹੈ। ਸ਼ੈੱਡ ਵਿੱਚ ਫੁਹਾਰੇ/ਫੌਗਰ ਚਲਾਉਣ ਦਾ ਸਮਾਂ ਦੁਪਹਿਰੇ 12.00 ਤੋਂ 04.00 ਵਜੇ ਤੱਕ ਰੱਖਣਾ ਚਾਹੀਦਾ ਹੈ । ਜਿਸ ਵੇਲੇ ਗਰਮੀ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ। ਸ਼ੈੱਡ ਦੇ ਅੰਦਰ ਅਤੇ ਆਸਪਾਸ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ । ਇਸ ਲਈ ਫਾਰਮ ਵਿੱਚ ਸਫ਼ਾਈ ਰੱਖੋ ਅਤੇ ਮਾਹਿਰਾਂ ਦੀ ਸਲਾਹ ਨਾਲ ਚਿਚੜਾਂ ਦੀ ਦਵਾਈ 3 ਐਮ.ਐਲ ਪ੍ਰਤੀ ਲੀਟਰ ਦੀ ਵਰਤੋਂ ਹਰ ਹਫ਼ਤੇ ਕੀਤੀ ਜਾਣੀ ਚਾਹੀਦੀ ਹੈ ।
ਵੈਕਸੀਨੇਸ਼ਨ :- ਗਲ ਘੋਟੂ ਬਿਮਾਰੀ ਗਾਵਾਂ ਅਤੇ ਮੱਝਾਂ ਵਿੱਚ ਛੂਤ ਦਾ ਇੱਕ ਬਹੁਤ ਖਤਰਨਾਕ ਰੋਗ ਹੈ। ਗਲ ਤੇ ਸੋਜ਼ ਆਉਣ ਕਰਕੇ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ, ਮੂੰਹ ਖੋਲ੍ਹ ਕੇ ਸਾਹ ਲੈਣਾ, ਸਾਹ ਲੈਣ ਸਮੇਂ ਘਰੜ-ਘਰੜ ਦੀ ਆਵਾਜ਼ ਆਉਂਦੀ ਹੈ। ਪਸ਼ੂ ਵਿਚ ਤੇਜ਼ ਬੁਖ਼ਾਰ ਦੇ ਨਾਲ ਮੌਤ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਲਗਭਗ 3,50,000 ਪਸ਼ੂਆਂ ਨੂੰ ਗਲ-ਘੋਟੂ ਬਿਮਾਰੀ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਗਲ ਘੋਟੂ ਦੇ ਬਚਾਅ ਦਾ ਟੀਕਾਕਰਨ ਕਰਵਾਉਣ ਲਈ ਆਪਣੀ ਨਜ਼ਦੀਕੀ ਪਸ਼ੂ ਸੰਸਥਾ ਨਾਲ ਸੰਪਰਕ ਕਰੋ।
ਮੂੰਹ-ਖੁਰ ਬਹੁਤ ਹੀ ਨਾਮੁਰਾਦ ਬਿਮਾਰੀ ਹੈ, ਜੋ ਇੱਕ ਪਸ਼ੂ ਤੋਂ ਦੂਜੇ ਪਸੂ ਤੱਕ ਫੈਲਦੀ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਸਾਰੇ ਪੰਜਾਬ ਵਿੱਚ ਮੂੰਹ-ਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਮੁਫ਼ਤ ਟੀਕਾਕਰਨ ਮੁਹਿੰਮ ਦੇ ਤੌਰ ਤੇ ਮੁਕੰਮਲ ਕੀਤਾ ਜਾ ਰਿਹਾ ਹੈ । ਇਹ ਟੀਕੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਹਰੇਕ ਪਸ਼ੂ ਨੂੰ ਲਗਾਏ ਜਾ ਰਹੇ ਹਨ। ਟੀਕਾ ਲਗਵਾਉਣ ਲਈ ਆਪਣੇ ਨਜ਼ਦੀਕੀ ਪਸ਼ੂ ਸੰਸਥਾ ਦੇ ਸਟਾਫ਼ ਨਾਲ ਤੁਰੰਤ ਸੰਪਰਕ ਕਰੋ।