ਪਟਿਆਲਾ ਜ਼ਿਲ੍ਹੇ 'ਚ ਭੰਗ ਦੀ ਬੂਟੀ ਪਨਪਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਕਮੇਟੀਆਂ ਗਠਿਤ
ਪਟਿਆਲਾ ਜ਼ਿਲ੍ਹੇ ‘ਚ ਭੰਗ ਦੀ ਬੂਟੀ ਪਨਪਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਕਮੇਟੀਆਂ ਗਠਿਤ
-ਕਿਹਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡਾਂ ਤੇ ਸ਼ਹਿਰਾਂ ‘ਚ ਭੰਗ ਦੀ ਬੂਟੀ ਦਾ ਹੋਵੇਗਾ ਸਫ਼ਾਇਆ
ਪਟਿਆਲਾ, 27 ਮਈ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਭੰਗ ਦੀ ਬੂਟੀ ਪਨਪਣ ਤੋਂ ਰੋਕਣ ਲਈ ਸਬ ਡਵੀਜਨ ਪੱਧਰ ‘ਤੇ ਕਮੇਟੀਆਂ ਦਾ ਗਠਨ ਕੀਤਾ ਹੈ। ਇਹ ਕਮੇਟੀਆਂ ਬਲਬੀਰ ਸਿੰਘ ਉਰਫ਼ ਪੰਜੂ ਬਨਾਮ ਸਟੇਟ ਆਫ਼ ਪੰਜਾਬ ਮਾਮਲੇ ਵਿੱਚ ਉਚ ਅਦਾਲਤ ਵੱਲੋਂ ਜਾਰੀ ਹਦਾਇਤਾਂ ਤਹਿਤ ਭੰਗ ਦੇ ਬੂਟੇ ਦੀ ਕਾਸ਼ਤ ਉਪਰ ਕੰਟਰੋਲ ਕਰਨ ਲਈ ਕੰਮ ਕਰਨਗੀਆਂ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਸਬ ਡਵੀਜਨ ਪੱਧਰ ‘ਤੇ ਸਬੰਧਤ ਐਸ.ਡੀ.ਐਮਜ, ਡੀ.ਐਸ.ਪੀਜ, ਬੀ.ਡੀ.ਪੀ.ਓਜ (ਪੇਂਡੂ ਖੇਤਰ ਲਈ) ਤੇ ਸਬੰਧਤ ਨਗਰ ਕੌਂਸਲ ਜਾਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ (ਸ਼ਹਿਰੀ ਖੇਤਰਾਂ ਲਈ) ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭੰਗ ਦੀ ਬੂਟੀ ਬਾਰੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਸਰਵੇ ਕਰਨ ਲਈ ਸ਼ਹਿਰੀ ਖੇਤਰ ਵਿੱਚ ਸਬੰਧਤ ਪਟਵਾਰੀ, ਪੁਲਿਸ ਤੇ ਨਗਰ ਕੌਂਸਲ ਦੇ ਮੁਲਾਜਮ ਡਿਊਟੀ ਨਿਭਾਉਣਗੇ। ਜਦੋਂਕਿ ਪਿੰਡਾਂ ਵਿੱਚ ਪਟਵਾਰੀ ਸਮੇਤ ਸਬੰਧਤ ਪੁਲਿਸ ਥਾਣੇ ਜਾਂ ਚੌਂਕੀ ਦੇ ਮੁਲਾਜਮ ਤੇ ਪਿੰਡ ਦੇ ਨੰਬਰਦਾਰ ਵੱਲੋਂ ਇਹ ਕੰਮ ਕੀਤਾ ਜਾਵੇਗਾ ਅਤੇ ਸਰਕਾਰੀ ਵਿਭਾਗਾਂ ਦੀ ਮਲਕੀਤੀ ਵਾਲੀ ਥਾਂ ਵਿੱਚ ਸਬੰਧਤ ਵਿਭਾਗ ਦੇ ਮੁਖੀ ਵੱਲੋਂ ਨਾਮਜਦ ਮੁਲਾਜਮ ਅਤੇ ਸਬੰਧਤ ਥਾਣੇ ਦਾ ਮੁਲਾਜਮ ਇਸ ਸਰਵੇ ਲਈ ਡਿਊਟੀ ਕਰਨਗੇ।
ਸ਼ੌਕਤ ਅਹਿਮਦ ਪਰੇ ਵੱਲੋਂ ਜਾਰੀ ਹੁਕਮ, ਜੋਕਿ ਐਸ.ਐਸ.ਪੀ., ਸਮੂਹ ਐਸ.ਡੀ.ਐਮਜ, ਬੀ.ਡੀ.ਪੀ.ਓਜ, ਸਾਰੇ ਕਾਰਜ ਸਾਧਕ ਅਫ਼ਸਰਾਂ, ਜ਼ਿਲ੍ਹਾ ਮਾਲ ਅਫ਼ਸਰਾਂ ਅਤੇ ਸਾਰੇ ਵਿਭਾਗੀ ਮੁਖੀਆਂ ਨੂੰ ਭੇਜੇ ਗਏ ਹਨ, ਵਿੱਚ ਕਿਹਾ ਗਿਆ ਹੈ ਕਿ ਇਹ ਟੀਮਾਂ ਆਪਣਾ ਸਰਵੇ 4 ਹਫ਼ਤਿਆਂ ਵਿੱਚ ਮੁਕੰਮਲ ਕਰਨਗੀਆਂ। ਭੰਗ ਦੀ ਬੂਟੀ ਦੀ ਕਾਸ਼ਤ ਰੋਕਣ ਲਈ ਸਥਾਨਕ ਧਾਰਮਿਕ ਅਸਥਾਨਾਂ ਤੋਂ ਰੋਜ਼ਾਨਾ ਅਨਾਊਂਸਮੈਂਟ ਵੀ ਕਰਵਾਈ ਜਾਵੇਗੀ। ਕਿਉਂਕਿ ਬਰਸਾਤਾਂ ਵਿੱਚ ਭੰਗ ਦੀ ਬੂਟੀ ਹੋਰ ਵੀ ਜਿਆਦਾ ਫੈਲਦੀ ਹੈ, ਇਸ ਲਈ ਇਸ ਨੂੰ ਨਸ਼ਟ ਕਰਨ ਵਾਲੀਆਂ ਟੀਮਾਂ ਸਰਵੇ ਇਹ ਯਕੀਨੀ ਬਨਾਉਣਗੀਆਂ ਕਿ ਭੰਗ ਦੇ ਬੂਟੇ ਨੂੰ ਕਾਨੂੰਨ ਮੁਤਾਬਕ ਹੁਣੇ ਹੀ ਨਸ਼ਟ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਐਨ.ਡੀ.ਪੀ.ਐਸ. ਐਕਟ 1985 ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਜਾਰੀ ਡਰੱਗ ਲਾਅ ਇਨਫੋਰਸਮੈਂਟ ਅਫ਼ਸਰ ਦੀ ਹੈਂਡਬੁਕ ‘ਚ ਦਿੱਤੇ ਨਿਰਦੇਸ਼ਾਂ ਨੂੰ ਗਠਿਤ ਟੀਮਾਂ ਲਾਗੂ ਕਰਨਾ ਯਕੀਨੀ ਬਨਾਉਣਗੀਆਂ। ਉਪਰੰਤ ਇਹ ਸਾਰੀਆਂ ਟੀਮਾਂ ਆਪਣੀ ਐਕਸ਼ਨ ਟੇਕਨ ਰਿਪੋਰਟ ਵੀ ਐਸ.ਡੀ.ਐਮਜ਼ ਕੋਲ ਜਮ੍ਹਾਂ ਕਰਵਾਉਣਗੀਆਂ। ਜੇਕਰ ਇਨ੍ਹਾਂ ਟੀਮਾਂ ਨੂੰ ਭੰਗ ਦੇ ਬੂਟੇ ਮਿਲਦੇ ਹਨ ਤਾਂ ਇਨ੍ਹਾਂ ਨੂੰ ਤੁਰੰਤ ਨਿਯਮਾਂ ਮੁਤਾਬਕ ਨਸ਼ਟ ਕੀਤਾ ਜਾਵੇਗਾ ਅਤੇ ਇਹ ਟੀਮਾਂ ਇਹ ਵੀ ਯਕੀਨੀ ਬਨਾਉਣਗੀਆਂ ਕਿ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਭੰਗ ਦੇ ਬੂਟੇ ਉਗਾਉਣ ਵਾਲੇ ਵਿਰੁੱਧ ਨਿਯਮਾਂ ਮੁਤਾਬਕ ਅਤੇ ਐਨ.ਡੀ.ਪੀ.ਐਸ. ਐਕਟ 1985 ਤਹਿਤ ਕਾਰਵਾਈ ਕੀਤੀ ਜਾਵੇਗੀ।