ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਬਾਰੇ ਕਮੇਟੀ ਵੱਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ
ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਬਾਰੇ ਕਮੇਟੀ ਵੱਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ
-ਚੇਅਰਮੈਨ ਗੁਰਪ੍ਰੀਤ ਬੱਸੀ ਗੋਗੀ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਅਮਨਦੀਪ ਕੌਰ ਅਰੋੜਾ, ਅਸ਼ੋਕ ਪਰਾਸ਼ਰ, ਮਦਨ ਲਾਲ ਬੱਗਾ ਤੇ ਕੁਲਜੀਤ ਸਿੰਘ ਰੰਧਾਵਾ ਨੇ ਕੀਤਾ ਦੌਰਾ
– ਏ.ਸੀ. ਮਾਰਕਿਟ ਨੇੜੇ ਕਾਰ ਪਾਰਕਿੰਗ, ਨਹਿਰੀ ਪਾਣੀ ਪ੍ਰੋਜੈਕਟ, ਕਬਾੜੀ ਮਾਰਕਿਟ ਦੇ ਨਾਜਾਇਜ਼ ਕਬਜੇ ਹਟਾਉਣ ਸਮੇਤ ਸ਼ਹਿਰ ਦੇ ਵਿਕਾਸ ਪ੍ਰੋਜੈਕਟਾਂ ਦਾ ਬਾਰੀਕੀ ਨਾਲ ਮੁਲੰਕਣ
ਪਟਿਆਲਾ, 19 ਜਨਵਰੀ:
ਪੰਜਾਬ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਦੀ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਲੁਧਿਆਣਾ ਪੱਛਮੀ ਗੁਰਪ੍ਰੀਤ ਬੱਸੀ ਗੋਗੀ ਦੀ ਅਗਵਾਈ ਹੇਠ ਕਮੇਟੀ ਨੇ ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਨਾਲ ਸਬੰਧਤ ਵਿਕਾਸ ਕਾਰਜਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਆਮਦਨ ਵਧਾਉਣ ਲਈ ਹੋਰ ਵਸੀਲੇ ਪੈਦਾ ਕਰਨ ਦੀ ਹਦਾਇਤ ਕੀਤੀ। ਕਮੇਟੀ ਮੈਂਬਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਅਮਨਦੀਪ ਕੌਰ ਅਰੋੜਾ, ਅਸ਼ੋਕ ਪਰਾਸ਼ਰ, ਮਦਨ ਲਾਲ ਬੱਗਾ ਤੇ ਕੁਲਜੀਤ ਸਿੰਘ ਰੰਧਾਵਾ ਨੇ ਏ.ਸੀ. ਮਾਰਕਿਟ ਨੇੜੇ ਬਹੁ ਮੰਜ਼ਿਲਾਂ ਕਾਰ ਪਾਰਕਿੰਗ, ਨਹਿਰੀ ਪਾਣੀ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਤੇ ਕਬਾੜੀ ਮਾਰਕੀਟ ਵਿਖੇ ਤੇ ਸ਼ਹਿਰ ਵਿੱਚਲੇ ਨਜਾਇਜ਼ ਕਬਜ਼ਿਆਂ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਚੇਅਰਮੈਨ ਗੁਰਪ੍ਰੀਤ ਬੱਸੀ ਗੋਗੀ ਅਤੇ ਹੋਰ ਕਮੇਟੀ ਮੈਂਬਰਾਂ ਦਾ ਪਟਿਆਲਾ ਪੁੱਜਣ ‘ਤੇ ਸਵਾਗਤ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਦੇ ਸਥਾਨਕ ਸਰਕਾਰਾਂ ਨਾਲ ਸਬੰਧਤ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਆਪਣੇ ਦੌਰੇ ਬਾਅਦ ਅਧਿਕਾਰੀਆਂ ਨਾਲ ਬੈਠਕ ਮੌਕੇ ਕਮੇਟੀ ਨੇ ਪਟਿਆਲਾ ਦੀ ਏ.ਸੀ ਮਾਰਕਿਟ ਨੇੜੇ ਪਈ ਜ਼ਮੀਨ ‘ਤੇ ਕਾਰ ਪਾਰਕਿੰਗ ਬਾਰੇ ਲੋਕਾਂ ਦੀ ਮੰਗ ਮੁਤਾਬਕ ਕਾਰਵਾਈ ਤੇ ਸ਼ਹਿਰ ਵਿਚਲੀਆਂ ਬਿਜਲੀ ਦੀਆਂ ਤਾਰਾਂ ਜਮੀਨਦੋਜ਼ ਕਰਨ ਲਈ ਵੀ ਆਖਿਆ। ਕਬਾੜੀ ਮਾਰਕੀਟ ਵਿਖੇ ਸੀਵਰੇਜ, ਸੜਕਾਂ ਤੇ ਹੋਰ ਵਿਕਾਸ ਕਾਰਜ ਵੀ ਮਿੱਥੇ ਸਮੇਂ ਵਿੱਚ ਕਰਵਾਉਣ ਬਾਰੇ ਕਿਹਾ ਗਿਆ।
ਚੇਅਰਮੈਨ ਗੁਰਪ੍ਰੀਤ ਬੱਸੀ ਗੋਗੀ ਤੇ ਹੋਰ ਕਮੇਟੀ ਮੈਂਬਰਾਂ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਕਮੇਟੀ ਵੱਲੋਂ ਅਧਿਕਾਰਤ ਕੀਤਾ ਕਿ ਸਮੂਹ ਵਿਭਾਗਾਂ ਦੇ ਅਧਿਕਾਰੀ ਕਮੇਟੀ ਵੱਲੋਂ ਵਿਚਾਰੇ ਗਏ ਪ੍ਰੋਜੈਕਟਾਂ ਸਬੰਧੀ ਰਿਪੋਰਟ ਨਿਸ਼ਚਿਤ ਕੀਤੇ ਗਏ ਸਮੇਂ ਅੰਦਰ ਵਿਧਾਇਕ ਕੋਹਲੀ ਨੂੰ ਦੇਣਗੇ।
ਚੇਅਰਮੈਨ ਗੁਰਪ੍ਰੀਤ ਬਸੀ ਗੋਗੀ ਨੇ ਦੱਸਿਆ ਕਿ ਕਮੇਟੀ ਵੱਲੋਂ ਦੌਰਾ ਕਰਕੇ ਕਈ ਥਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 24 ਘੰਟੇ ਨਹਿਰੀ ਪਾਣੀ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਸਮੇਤ ਕਬਾੜੀ ਮਾਰਕਿਟ ਅਤੇ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਗਏ ਹਨ ਤੇ 15 ਦਿਨਾਂ ‘ਚ ਕਾਰਵਾਈ ਕਰਕੇ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਆਪਣੀ ਰਿਪੋਰਟ ਵਿਧਾਨ ਸਭਾ ਦੇ ਸਨਮੁੱਖ ਪੇਸ਼ ਕਰੇਗੀ।
ਇਸ ਮੌਕੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਵਾਸੀਆਂ ਦੀ ਸਹੂਲਤ ਲਈ ਅਰੰਭੇ ਪ੍ਰੋਜੈਕਟ ਮਿਥੇ ਸਮੇਂ ਵਿੱਚ ਮੁਕੰਮਲ ਕਰਵਾਉਣ ਲਈ ਕਮੇਟੀ ਨੇ ਅੱਜ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੀ ਹਨ।
ਕਮੇਟੀ ਵੱਲੋਂ ਬਾਅਦ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਐਸ.ਪੀ. ਸਿਟੀ ਮੁਹੰਮਦ ਸਰਫਰਾਜ ਆਲਮ, ਏ.ਡੀ.ਸੀ ਨਵਰੀਤ ਕੌਰ ਸੇਖੋਂ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਹੋਰ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਗਿਆ।
ਡੱਬੀ ਲਈ ਪ੍ਰਸਤਾਵਿਤ
ਕਮੇਟੀ ਵੱਲੋਂ ਅਬਲੋਵਾਲ ਵਿਖੇ ਡੇਅਰੀ ਪ੍ਰੋਜੈਕਟ ਦਾ ਜਾਇਜ਼ਾ ਲੈਦਿਆਂ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਉਥੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਤਬਦੀਲ ਜਾਂ ਉੱਚਾ ਕਰਨ ਦੇ ਨਿਰਦੇਸ਼ ਦਿੱਤੇ। ਕਬਾੜੀ ਮਾਰਕਿਟ ‘ਚ ਹੋਏ ਨਜਾਇਜ਼ ਕਬਜ਼ਿਆਂ ਸਬੰਧੀ ਰਿਪੋਰਟ 15 ਦਿਨਾਂ ‘ਚ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਰਾਹੀਂ ਕਮੇਟੀ ਕੋਲ ਭੇਜਣ ਦੀ ਹਦਾਇਤ ਕੀਤੀ। ਸ਼ਹਿਰ ਦੇ ਵਿੱਚ ਨਗਰ ਸੁਧਾਰ ਟਰੱਸਟ ਦੀ ਪਈ ਜਾਇਦਾਦ ਮਿਡ ਟਾਊਨ ਪਲਾਜ਼ਾ ਸਬੰਧੀ ਤੁਰੰਤ ਫੈਸਲਾ ਲੈਣ ਅਤੇ ਨਗਰ ਨਿਗਮ ਦੀ ਆਮਦਨ ਵਧਾਉਣ ਲਈ ਹੋਰ ਵਸੀਲੇ ਪੈਦਾ ਕਰਨ ਸਬੰਧੀ ਕਮੇਟੀ ਵੱਲੋਂ ਨਿਰਦੇਸ਼ ਦਿੱਤੇ ਗਏ।