ਗੁਲਦਾਉਦੀ ਦੀਆਂ 80 ਕਿਸਮਾਂ ਨਾਲ਼ ਖਿੜ ਉੱਠਿਆ ਪੰਜਾਬੀ ਯੂਨੀਵਰਸਿਟੀ ਦਾ ਵਿਹੜਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 20 December, 2023, 07:13 PM

ਗੁਲਦਾਉਦੀ ਦੀਆਂ 80 ਕਿਸਮਾਂ ਨਾਲ਼ ਖਿੜ ਉੱਠਿਆ ਪੰਜਾਬੀ ਯੂਨੀਵਰਸਿਟੀ ਦਾ ਵਿਹੜਾ

-1800 ਦੇ ਕਰੀਬ ਗਮਲੇ ਬਣੇ 14ਵੀਂ ਗੁਲਦਾਉਦੀ ਨੁਮਾਇਸ਼ ਦਾ ਸ਼ਿੰਗਾਰ
ਪਟਿਆਲਾ-ਪੰਜਾਬੀ ਯੂਨੀਵਰਸਿਟੀ ਦਾ ਕੈਂਪਸ ਹਰੇਕ ਸਾਲ ਇਨ੍ਹੀ ਦਿਨੀਂ ਗੁਲਦਾਉਦੀ ਦੇ ਰੰਗ-ਬਰੰਗੇ ਫੁੱਲਾਂ ਨਾਲ ਹੋਰ ਖਿੜ ਉਠਦਾ ਹੈ। ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਦੀ ਦੇਖ-ਰੇਖ ਵਿੱਚ ਇੱਥੇ ਗੁਲਦਾਉਦੀ ਦੀਆਂ ਅਨੇਕ ਵੰਨਗੀਆਂ ਨੂੰ ਉਗਾਇਆ ਅਤੇ ਖਿੜਾਇਆ ਜਾਂਦਾ ਹੈ ਜੋ ਇਸ ਖ਼ੂਬਸੂਰਤੀ ਦਾ ਸਬੱਬ ਬਣਦੀਆਂ ਹਨ।
ਬਾਗਬਾਨੀ ਵਿਭਾਗ ਵੱਲੋਂ ਗੁਲਦਾਉਦੀ ਦੀਆਂ ਇਨ੍ਹਾਂ ਵੰਨਗੀਆਂ ਨੂੰ ਪ੍ਰਦਰਸਿ਼ਤ ਕਰਨ ਦੇ ਮਕਸਦ ਨਾਲ਼ 14ਵੀਂ ਗੁਲਦਾਉਦੀ ਨੁਮਾਇਸ਼ ਲਗਾਈ ਗਈ। ਇਸ ਨੁਮਾਇਸ਼ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤਾ ਗਿਆ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਅਸ਼ੋਕ ਕੁਮਾਰ ਤਿਵਾੜੀ, ਰਜਿਸਟਰਾਰ ਡਾ. ਨਵਜੋਤ ਕੌਰ ਅਤੇ ਵਿੱਤ ਅਫ਼ਸਰ ਪ੍ਰਮੋਦ ਅਗਰਵਾਲ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੇ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਨੁਮਾਇਸ਼ ਅਤੇ ਇਸ ਵਿੱਚ ਸ਼ਾਮਿਲ ਗੁਲਦਾਉਦੀ ਦੀਆਂ ਵੱਖ-ਵੱਖ ਕਿਸਮਾਂ ਦੀ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਚੌਗਿਰਦੇ ਨੂੰ ਖ਼ੂਬਸੂਰਤ ਅਤੇ ਰਮਣੀਕ ਬਣਾਉਣ ਵਿੱਚ ਇਨ੍ਹਾਂ ਫੁੱਲਾਂ ਅਤੇ ਪੌਦਿਆਂ ਦਾ ਵਿਸ਼ੇਸ਼ ਮਹੱਤਵ ਹੈ। ਇਸ ਲਈ ਇਨ੍ਹਾਂ ਦੇ ਇਸ ਤਰ੍ਹਾਂ ਖਿੜਨ ਨੂੰ ਨੁਮਾਇਸ਼ ਦੇ ਰੂਪ ਵਿੱਚ ਇੱਕ ਜਸ਼ਨ ਵਜੋਂ ਮਨਾਉਣਾ ਇੱਕ ਚੰਗਾ ਕਦਮ ਹੈ। ਇਸ ਨਾਲ਼ ਜਿੱਥੇ ਵਿਦਿਆਰਥੀ, ਕਰਮਚਾਰੀ ਅਤੇ ਹੋਰ ਸਭ ਲੋਕ ਇਨ੍ਹਾਂ ਵੱਖ-ਵੱਖ ਵੰਨਗੀਆਂ ਦੇ ਫੁੱਲਾਂ ਦੀ ਖ਼ੂਬਸੂਰਤੀ ਨੂੰ ਇਕੱਠਿਆਂ ਮਾਣ ਸਕਦੇ ਹਨ ਉੱਥੇ ਹੀ ਅਜਿਹੀ ਨੁਮਾਇਸ਼ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਵੀ ਬਣਦੀ ਹੈ।
ਉਪ ਮੰਡਲ ਇੰਜਨੀਅਰ (ਬਾਗਬਾਨੀ) ਰਜਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਨੁਮਾਇਸ਼ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਗਬਾਨੀ ਵਿੰਗ ਵੱਲੋਂ ਗੁਲਦਾਉਦੀ ਦੀਆਂ ਲਗਭਗ 80 ਕਿਸਮਾਂ ਪ੍ਰਦਰਸਿ਼ਤ ਕੀਤੀਆਂ ਗਈਆਂ ਹਨ ਜੋ ਕਿ 1800 ਦੇ ਕਰੀਬ ਗਮਲਿਆਂ ਵਿੱਚ ਰੱਖੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਵਾਰ ਦੀ ਪ੍ਰਦਰਸ਼ਨੀ ਵਿੱਚ ਬਾਹਰ ਤੋਂ ਐਂਟਰੀਆਂ ਨਹੀਂ ਪ੍ਰਾਪਤ ਕੀਤੀਆਂ ਗਈਆਂ ਬਲਕਿ ਇੱਥੇ ਪ੍ਰਦਰਸ਼ਿਤ ਕੀਤੀਆਂ ਗਈਆਂ ਸਾਰੀਆਂ 80 ਵੰਨਗੀਆਂ ਯੂਨੀਵਰਸਟੀ ਦੇ ਬਾਗਬਾਨੀ ਵਿਭਾਗ ਵਿਚਲੇ ਕਰਮਚਾਰੀਆਂ ਵੱਲੋਂ ਹੀ ਤਿਆਰ ਕੀਤੀਆਂ ਗਈਆਂ ਹਨ।
ਕਾਰਜਕਾਰੀ ਇੰਜਨੀਅਰ ਨਰੇਸ਼ ਕੁਮਾਰ ਮਿੱਤਲ ਵੱਲੋਂ ਦੱਸਿਆ ਗਿਆ ਕਿ ਇਸ ਪ੍ਰਦਰਸ਼ਨੀ ਨੂੰ ਯੂਨੀਵਰਸਿਟੀ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਟੀਚਿੰਗ ਫ਼ੈਕਲਟੀ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।



Scroll to Top