ਸਵੈ ਸਹਾਇਤਾ ਸਮੂਹਾਂ ਵਲੋਂ ਸਕੂਲ ਵਰਦੀਆਂ ਬਣਾਉਣ ਦੇ ਪ੍ਰਾਜੈਕਟ ਦਾ ਸ਼ੁਤਰਾਣਾ ਦੇ ਪਿੰਡ ਸੇਲਵਾਲਾ ਤੋਂ ਆਗਾਜ਼
ਸਵੈ ਸਹਾਇਤਾ ਸਮੂਹਾਂ ਵਲੋਂ ਸਕੂਲ ਵਰਦੀਆਂ ਬਣਾਉਣ ਦੇ ਪ੍ਰਾਜੈਕਟ ਦਾ ਸ਼ੁਤਰਾਣਾ ਦੇ ਪਿੰਡ ਸੇਲਵਾਲਾ ਤੋਂ ਆਗਾਜ਼
-ਡਾ. ਗੁਰਪ੍ਰੀਤ ਕੌਰ, ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਹਰਮੀਤ ਪਠਾਣਮਾਜਰਾ ਤੇ ਦੇਵ ਮਾਨ ਸਮੇਤ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ
-ਕਿਹਾ, ਪੰਜਾਬ ਸਰਕਾਰ ਵਧਾਈ ਦੀ ਪਾਤਰ, ਜਿਸਨੇ ਸਕੂਲ ਵਰਦੀਆਂ ਦਾ ਪ੍ਰਾਜੈਕਟ ਵੱਡੇ ਘਰਾਣਿਆਂ ਦੀ ਥਾਂ ਪੇਂਡੂ ਔਰਤਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸੌਂਪਿਆ
-ਪਿਛਲੀਆਂ ਸਰਕਾਰਾਂ ਨੇ ਔਰਤਾਂ ਤੇ ਖਾਸ ਕਰਕੇ ਗਰੀਬ ਪੇਂਡੂ ਔਰਤਾਂ ਦੇ ਸਸ਼ਕਤੀਕਰਨ ਵੱਲ ਕਦੇ ਧਿਆਨ ਨਹੀਂ ਦਿੱਤਾ
ਸੇਲਵਾਲਾ,(ਪਾਤੜਾਂ), 20 ਦਸੰਬਰ:
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਵੈ ਸਹਾਇਤਾ ਸਮੂਹਾਂ ਵਲੋਂ ਸਕੂਲ ਵਰਦੀਆਂ ਬਣਾਉਣ ਦੇ ਪ੍ਰਾਜੈਕਟ ਦਾ ਸ਼ੁਤਰਾਣਾ ਦੇ ਪਿੰਡ ਸੇਲਵਾਲਾ ਤੋਂ ਆਗਾਜ਼ ਕੀਤਾ ਗਿਆ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਤਨੀ ਡਾ. ਗੁਰਪ੍ਰੀਤ ਕੌਰ ਨੇ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਦੇ ਨਾਲ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਦੇਵ ਸਿੰਘ ਦੇਵ ਮਾਨ ਸਮੇਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਏ.ਡੀ.ਸੀ ਅਨੁਪ੍ਰਿਤਾ ਜੌਹਲ ਮੌਜੂਦ ਸਨ।ਇਸ ਮੌਕੇ ਪਿੰਡ ਵਿੱਚ ਨਵਾਂ ਕਮਿਉਨਿਟੀ ਸੈਂਟਰ-ਕਮ-ਮੈਰਿਜ ਪੈਲੇਸ ਬਨਾਉਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ।
ਡਾ. ਗੁਰਪ੍ਰੀਤ ਕੌਰ ਨੇ ਪਿੰਡ ਸੇਲਵਾਲਾ ਵਿਖੇ ਔਰਤਾਂ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਕੂਲੀ ਬੱਚਿਆਂ ਨੂੰ ਵਰਦੀਆ ਮੁਹੱਈਆ ਕਰਵਾਉਣ ਦੇ ਮੰਤਵ ਲਈ ਇਹ ਪ੍ਰਾਜੈਕਟ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਵੈ ਸਹਾਇਤਾ ਸਮੂਹਾਂ ਨੂੰ ਸੌੰਪਣ ਲਈ ਵਧਾਈ ਦਿੱਤੀ।
ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਔਰਤਾਂ ਤੇ ਖਾਸ ਕਰਕੇ ਗਰੀਬ ਪੇਂਡੂ ਔਰਤਾਂ ਦੇ ਸਸ਼ਕਤੀਕਰਨ ਵੱਲ ਕਦੇ ਧਿਆਨ ਨਹੀਂ ਦਿੱਤਾ ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਜਿਸਨੇ ਸਕੂਲ ਵਰਦੀਆਂ ਬਣਾਉਣ ਦੇ ਪ੍ਰਾਜੈਕਟ ਨੂੰ ਵੱਡੇ ਘਰਾਣਿਆਂ ਨੂੰ ਦੇਣ ਦੀ ਬਜਾਇ ਇਨ੍ਹਾਂ ਲੋੜਵੰਦ ਤੇ ਪੇਂਡੂ ਔਰਤਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸੌਂਪਿਆ ਹੈ।
ਇਸ ਤੋਂ ਪਹਿਲਾਂ ਡਾ. ਗੁਰਪ੍ਰੀਤ ਕੌਰ ਨਾਲ ਰੁਬਰੂ ਹੋਣ ਸਮੇਂ ਹੌਜ਼ਰੀ ਸੈਂਟਰ ‘ਚ ਕੰਮ ਕਰਨ ਵਾਲੀਆਂ ਔਰਤਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਰੀਬ, ਅਨਪੜ੍ਹ ਪੇਂਡੂ ਔਰਤਾਂ ਲਈ ਵੀ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਤੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਮਦਦ ਕਰਨ ਕਰਕੇ ਉਨ੍ਹਾਂ ਦੀ ਹੁਣ ਆਪਣੇ ਘਰਾਂ ਚ ਵੀ ਇੱਜ਼ਤ ਬਣ ਗਈ ਹੈ।
ਇਸ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਸਵਾਗਤ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇਸ ਪੱਛੜੇ ਇਲਾਕੇ ਦੇ ਪਿੰਡ ਸੇਲਵਾਲਾ ਵਿਖੇ ਇਹ ਪ੍ਰਾਜੈਕਟ ਦੇ ਕੇ ਵੱਡੇ ਘਰਾਣਿਆਂ ਤੋਂ ਵਰਦੀਆਂ ਦਾ ਸਪਲਾਈ ਆਰਡਰ ਖੋਹ ਕੇ ਗਰੀਬ, ਅਨਪੜ੍ਹ ਔਰਤਾਂ ਲਈ ਵੀ ਰੋਜਗਾਰ ਦੇ ਮੌਕੇ ਦਿੱਤੇ ਹਨ। ਵਿਧਾਇਕ ਬਾਜੀਗਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਲੋਕਾਂ ਦੇ ਮੁੱਖ ਮੰਤਰੀ ਹਨ ਤੇ ਉਨ੍ਹਾਂ ਨੇ ਸ਼ੁਤਰਾਣਾ ਹਲਕੇ ਦੇ ਵਿਕਾਸ ਕਾਰਜਾਂ ਲਈ ਫੰਡਾਂ ਨੂੰ ਕਦੇ ਵੀ ਨਾਹ ਨਹੀਂ ਆਖੀ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਦੇਵ ਸਿੰਘ ਦੇਵ ਮਾਨ ਨੇ ਵੀ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਹਲਕਿਆਂ ਲਈ ਖ਼ਜ਼ਾਨੇ ਦਾ ਮੂੰਹ ਖੋਲ੍ਹਕੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ 5200 ਸਵੈ ਸਹਾਇਤਾ ਸਮੂਹਾਂ ਦਾ ਨਿਰਮਾਣ ਕਰਕੇ ਪੰਜਾਬ ਵਿੱਚ ਪਹਿਲੇ ਸਥਾਨ ‘ਤੇ ਹੈ। ਜ਼ਿਲ੍ਹਾ ਪਟਿਆਲਾ ਵਿੱਚ ਇਹ ਪ੍ਰੋਜੈਕਟ ਬਲਾਕ ਪਾਤੜਾਂ ਅਤੇ ਘਨੌਰ ਵਿੱਚ ਸ਼ੁਰੂ ਕੀਤਾ ਗਿਆ ਹੈ।
ਡੀ.ਸੀ. ਨੇ ਅੱਗੇ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਕੰਮ ਕਰਨ ਵਾਲੀਆਂ ਔਰਤਾਂ ਨੂੰ ਆਰ ਸੇਟੀ ਤੋਂ ਮੁਫਤ ਟਰੇਨਿੰਗ ਕਰਵਾਈ ਗਈ ਹੈ ਤੇ ਪੰਜ ਲੱਖ ਦੀ ਮਸ਼ੀਨਰੀ ਪ੍ਰਦਾਨ ਕੀਤੀ ਗਈ ਹੈ।ਇਸ ਪ੍ਰੋਜੈਕਟ ਅਧੀਨ ਜ਼ਿਲ੍ਹੇ ਨੂੰ 14,000 ਸਕੂਲ ਦੀ ਵਰਦੀਆਂ ਦਾ ਆਰਡਰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਰੇ 950 ਐਲੀਮੈਂਟਰੀ ਸਕੂਲਾਂ ਤੇ ਬਾਅਦ ‘ਚ ਪੁਲਿਸ ਤੇ ਡਾਕਟਰਾਂ ਤੇ ਨਰਸਾਂ ਦੇ ਕੋਟ ਬਣਾਉਣ ਦਾ ਕੰਮ ਵੀ ਦਿੱਤਾ ਜਾਵੇਗਾ। ਇਸ ਨਾਲ ਜਿਥੇ ਸਮੂਹ ਦੀਆ ਔਰਤਾਂ ਨੂੰ ਆਮਦਨੀ ਪੱਖੋਂ ਹੁੰਗਾਰਾ ਮਿਲਿਆ ਹੈ ਉਥੇ ਹੀ ਸਕੂਲ ਦੇ ਬੱਚਿਆਂ ਨੂੰ ਵਧੀਆ ਕੁਆਲਟੀ ਦੀਆਂ ਵਰਦੀਆਂ ਮਿਲਣਗੀਆਂ।
ਸਮਾਰੋਹ ਦੌਰਾਨ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਡਾਇਰੈਕਟਰ ਤੇਜਿੰਦਰ ਮਹਿਤਾ, ਦਲਬੀਰ ਸਿੰਘ ਗਿੱਲ ਯੂਕੇ, ਮੁੱਖ ਮੰਤਰੀ ਦੇ ਓਐਸਡੀ ਪ੍ਰੋ. ਉਕਾਂਰ ਸਿੰਘ, ਐਸ ਡੀ ਐਮ ਨਵਦੀਪ ਕੁਮਾਰ, ਡੀਡੀਪੀਓ ਅਮਨਦੀਪ ਕੌਰ ਸਮੇਤ ਵੱਡੀ ਗਿਣਤੀ ਹੋਰ ਪਤਵੰਤੇ ਵੀ ਮੌਜੂਦ ਸਨ। ਪਿੰਡ ਦੀ ਸਰਪੰਚ ਚਰਨਜੀਤ ਕੌਰ ਤੇ ਗ੍ਰਾਮ ਪੰਚਾਇਤ ਵਲੋਂ ਡਾ. ਗੁਰਪ੍ਰੀਤ ਕੌਰ ਤੇ ਹੋਰਨਾਂ ਦਾ ਸਨਮਾਨ ਕੀਤਾ ਗਿਆ।