ਪੰਜਾਬ ਦੇ ਸਾਰੇ ਪਿੰਡਾਂ ਵਿਚ ‘ਨਲ ਜਲ ਮਿੱਤਰ ਪ੍ਰੋਗਰਾਮ’ ਜਲਦ ਸ਼ੁਰੂ ਹੋਵੇਗਾ: ਜਿੰਪਾ
ਪੰਜਾਬ ਦੇ ਸਾਰੇ ਪਿੰਡਾਂ ਵਿਚ ‘ਨਲ ਜਲ ਮਿੱਤਰ ਪ੍ਰੋਗਰਾਮ’ ਜਲਦ ਸ਼ੁਰੂ ਹੋਵੇਗਾ: ਜਿੰਪਾ
– 510 ਘੰਟਿਆਂ ਦਾ ਕੋਰਸ ਕਰਨ ਵਾਲੇ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ
ਚੰਡੀਗੜ੍ਹ, 10 ਜਨਵਰੀ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਦੇ ਸਾਰੇ ਪਿੰਡਾਂ ਵਿਚ ‘ਨਲ ਜਲ ਮਿੱਤਰ ਪ੍ਰੋਗਰਾਮ’ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਹਿਯੋਗ ਨਾਲ ‘ਨਲ ਜਲ ਮਿੱਤਰ’ ਲਈ ਮਲਟੀ ਸਕੀਲਿੰਗ ਕੋਰਸ ਵਿਕਸਿਤ ਕੀਤਾ ਹੈ। ਕੋਰਸ ਕਰਨ ਵਾਲਿਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਇਸ ਦਾ ਖਰਚਾ ਸਰਕਾਰ ਉਠਾਵੇਗੀ।
ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਸ ਕੋਰਸ ਦਾ ਮੁੱਖ ਉਦੇਸ਼ ਪਿੰਡਾਂ ਦੇ ਸਥਾਨਕ ਵਿਅਕਤੀਆਂ ਨੂੰ ਹੁਨਰ ਆਧਾਰਿਤ ਸਿਖਲਾਈ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਜਲ ਸਪਲਾਈ ਸਕੀਮਾਂ ਨੂੰ ਬਿਹਤਰ ਢੰਗ ਨਾਲ ਚਲਾ ਸਕਣ। ਇਹ ਕੋਰਸ ਕਰਨ ਵਾਲਾ ਵਿਅਕਤੀ ਛੋਟੀ-ਮੋਟੀ ਮੁਰੰਮਤ ਅਤੇ ਸਾਂਭ ਸੰਭਾਲ ਕਰਨ ਦੇ ਯੋਗ ਬਣ ਸਕਦਾ ਹੈ। ਕੋਰਸ ਕਰਨ ਵਾਲੇ ਵਿਅਕਤੀ ਨੂੰ ਪਿੰਡ ਪੱਧਰ ‘ਤੇ ਹੀ ਰੁਜ਼ਗਾਰ ਮਿਲਣ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।
ਇਹ ਕੋਰਸ 510 ਘੰਟਿਆਂ ਦੀ ਮਿਆਦ ਦਾ ਹੈ। ਨਲ ਜਲ ਮਿੱਤਰ ਪ੍ਰੋਗਰਾਮ ਰਾਹੀਂ ਪੰਜਾਬ ਦੇ ਤਕਰੀਬਨ 12000 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਵਿੱਚ ਪਿੰਡ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਥਾਨਕ ਲੋਕਾਂ ਨੂੰ ਤਕਨੀਕੀ ਸਿੱਖਿਆ ਵਿਭਾਗ ਰਾਹੀਂ ਪਲੰਬਿੰਗ, ਬਿਜਲੀ ਦੇ ਕੰਮ, ਪੰਪ ਸੰਚਾਲਨ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ। ਇਸੇ ਸਾਲ ਮਾਰਚ ਤੱਕ ਇਸ ਸਿਖਲਾਈ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ।
ਇਸ ਸਿਖਲਾਈ ਪ੍ਰੋਗਰਾਮ ਲਈ ਪਿੰਡਾਂ ਦੀ ਗ੍ਰਾਮ ਪੰਚਾਇਤ ਆਪਣੀ ਜਲ ਸਪਲਾਈ ਸਕੀਮ ਦੇ ਰੱਖ-ਰਖਾਵ ਦੇ ਕੰਮਾਂ ਲਈ ਸਥਾਨਕ ਵਿਅਕਤੀ ਨੂੰ ਨਾਮਜ਼ਦ ਕਰਨਗੇ। ਹਰੇਕ ਗ੍ਰਾਮ ਪੰਚਾਇਤ ਦੇ ਘੱਟੋਂ-ਘੱਟ ਇੱਕ ਵਿਅਕਤੀ ਨੂੰ ‘ਨਲ ਜਲ ਮਿੱਤਰ’ ਸਿਖਲਾਈ ਦੇਣ ਦੀ ਵਿਵਸਥਾ ਹੈ।
ਕਾਬਿਲੇਗੌਰ ਹੈ ਕਿ ਜਲ ਜੀਵਨ ਮਿਸ਼ਨ ਤਹਿਤ ਹਰੇਕ ਪੇਂਡੂ ਘਰ ਨੂੰ ਪਾਣੀ ਦੀ ਉਪਲੱਬਧਤਾ ਕਰਵਾਈ ਜਾ ਰਹੀ ਹੈ। ਪੰਜਾਬ ਦੇ ਜ਼ਿਆਦਾਤਰ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਜਲ ਅਤੇ ਸੈਨੀਟੇਸ਼ਨ ਕਮੇਟੀ (ਜੀ.ਪੀ.ਡਬਲਿਊ.ਐਸ.ਸੀ) ਰਾਹੀਂ ਜਲ ਸਪਲਾਈ ਸਕੀਮਾਂ ਦੇ ਰੱਖ-ਰਖਾਵ ਅਤੇ ਪ੍ਰਬੰਧਨ ਦਾ ਕੰਮ ਕਰਦੀਆਂ ਹਨ। ਇਨ੍ਹਾਂ ਸਕੀਮਾਂ ਦੇ ਲੰਬੇ ਸਮੇਂ ਤੱਕ ਠੀਕ ਚੱਲਦੇ ਰਹਿਣ ਲਈ ਸਥਾਨਕ ਪੱਧਰ ‘ਤੇ ਹੁਨਰਮੰਦ ਮਨੁੱਖੀ ਸਰੋਤਾਂ ਦੀ ਉਪਲਬੱਧਾ ਹੋਣਾ ਜ਼ਰੂਰੀ ਹੈ। ਇਸੇ ਮਕਸਦ ਦੀ ਪੂਰਤੀ ਲਈ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਨਲ ਜਲ ਮਿੱਤਰ ਪ੍ਰੋਗਰਾਮ ਲਾਗੂ ਕੀਤਾ ਜਾਣਾ ਹੈ।