ਹਲਕਾਅ ਤੋਂ ਬਚਾਅ ਲਈ ਕੁੱਤੇ ਦੇ ਕੱਟਣ 'ਤੇ ਤੁਰੰਤ ਮੈਡੀਕਲ ਸਹਾਇਤਾ ਲਈ ਜਾਵੇ-ਡਿਪਟੀ ਕਮਿਸ਼ਨਰ
ਹਲਕਾਅ ਤੋਂ ਬਚਾਅ ਲਈ ਕੁੱਤੇ ਦੇ ਕੱਟਣ ‘ਤੇ ਤੁਰੰਤ ਮੈਡੀਕਲ ਸਹਾਇਤਾ ਲਈ ਜਾਵੇ-ਡਿਪਟੀ ਕਮਿਸ਼ਨਰ
-ਜ਼ਿਲ੍ਹੇ ਦੇ 13 ਹਸਪਤਾਲਾਂ ਤੇ ਡਿਸਪੈਂਸਰੀਆਂ ‘ਚ ਐਂਟੀ ਰੈਬੀਜ਼ ਵੈਕਸੀਨ ਤੇ 10 ਹਸਪਤਾਲਾਂ ‘ਚ ਸੀਰਮ ਉਪਲੱਬਧ
-ਅਵਾਰਾ ਕੁੱਤਿਆਂ ਦੇ ਹਲਕਾਅ ਤੋਂ ਬਚਾਅ ਦੇ ਟੀਕੇ ਲਗਾਉਣ ਦੀ ਮੁਹਿੰਮ ਜਾਰੀ
ਪਟਿਆਲਾ, 11 ਦਸੰਬਰ:
ਹਲਕਾਅ ਤੋਂ ਬਚਾਅ ਲਈ ਕੁੱਤੇ ਦੇ ਕੱਟਣ ਦੇ ਤੁਰੰਤ ਬਾਅਦ ਮੈਡੀਕਲ ਸਹਾਇਤਾ ਲੈਣੀ ਜਰੂਰੀ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਰਾਸ਼ਟਰੀ ਰੈਬੀਜ਼ ਕੰਟਰੋਲ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਰਾਹੀਂ ਵੈਕਸੀਨ ਦੇ ਟੀਕੇ ਤੇ ਸੀਰਮ ਮੁਫ਼ਤ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਜਰੂਰ ਲਿਆ ਜਾਵੇ ਤਾਂ ਕਿ ਕਿਸੇ ਨਾਗਰਿਕ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਤੇ ਦੇ ਕੱਟਣ ‘ਤੇ ਜ਼ਿਲ੍ਹੇ ਵਿੱਚ 13 ਹਸਪਤਾਲਾਂ ਤੇ ਡਿਸਪੈਂਸਰੀਆਂ ਵਿਖੇ ਵੈਕਸੀਨ ਦੇ ਟੀਕੇ ਅਤੇ 10 ਹਸਪਤਾਲਾਂ ਵਿੱਚ ਸੀਰਮ ਮੁਫ਼ਤ ਲਗਾਇਆ ਜਾਂਦਾ ਹੈ, ਇਸ ਲਈ ਕੋਈ ਵੀ ਅਜਿਹਾ ਨਾਗਰਿਕ, ਮਰਦ ਜਾਂ ਔਰਤ, ਬੱਚਾ ਜਾਂ ਬਜ਼ੁਰਗ, ਜਿਸ ਨੂੰ ਕੁੱਤਾ ਕੱਟ ਲਵੇ, ਇਸ ਪ੍ਰਤੀ ਕੋਈ ਅਣਗਹਿਲੀ ਨਾ ਕਰੇ। ਉਨ੍ਹਾਂ ਸਲਾਹ ਦਿੱਤੀ ਕਿ ਕੋਈ ਘਰੇਲੂ ਉਪਾਅ ਜਾਂ ਟੋਟਕਾ ਆਦਿ ਵਰਤਣ ਦੀ ਥਾਂ ਤੁਰੰਤ ਜਖ਼ਮ ਨੂੰ ਸਾਫ਼ ਕਰਕੇ ਨੇੜਲੀ ਡਿਸਪੈਂਸਰੀ ਜਾਂ ਹਸਪਤਾਲ ਵਿਖੇ ਜਾ ਕੇ ਐਂਟੀ ਰੈਬੀਜ਼ ਟੀਕਾ ਜਾਂ ਸੀਰਮ ਜਰੂਰ ਲਗਵਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ, ਮਾਤਾ ਕੌਸ਼ੱਲਿਆ ਹਸਪਤਾਲ, ਸਿਵਲ ਹਸਪਤਾਲ ਰਾਜਪੁਰਾ, ਨਾਭਾ, ਸਮਾਣਾ, ਸੀ.ਐਚ.ਸੀ., ਮਾਡਲ ਟਾਊਨ, ਤ੍ਰਿਪੜੀ, ਘਨੌਰ, ਪਾਤੜਾਂ, ਦੁਧਨ ਸਾਧਾਂ, ਕੌਲੀ, ਸ਼ੁਤਰਾਣਾ ਅਤੇ ਭਾਦਸੋਂ ਵਿਖੇ ਐਂਟੀ ਰੈਬੀਜ਼ ਟੀਕਾ ਉਪਲੱਬਧ ਹੈ। ਜਦਕਿ ਜਿਆਦਾ ਕੱਟਣ ‘ਤੇ ਜਖ਼ਮਾਂ ਵਿੱਚ ਲਗਾਉਣ ਲਈ ਟੀਕੇ ਦੇ ਨਾਲ-ਨਾਲ ਐਂਟੀ ਰੈਬੀਜ਼ ਸੀਰਮ ਰਾਜਿੰਦਰਾ ਹਸਪਤਾਲ, ਮਾਤਾ ਕੌਸ਼ੱਲਿਆ, ਸਿਵਲ ਹਸਪਤਾਲ ਰਾਜਪੁਰਾ, ਨਾਭਾ, ਸਮਾਣਾ, ਤ੍ਰਿਪੜੀ, ਮਾਡਲ ਟਾਊਨ, ਘਨੌਰ, ਦੂਧਨ ਸਾਧਾਂ ਤੇ ਭਾਦਸੋਂ ਵਿਖੇ ਉਪਲੱਬਧ ਹੈ।
ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਪਟਿਆਲਾ ਵਿੱਚ ਜਿੱਥੇ ਕੁੱਤਿਆਂ ਦੇ ਕੱਟਣ ਦੀਆਂ ਵੱਧ ਘਟਨਾਵਾਂ ਆ ਰਹੀਆਂ ਹਨ, ਉਥੇ ਨਗਰ ਨਿਗਮ ਦੀ ਟੀਮ ਵੱਲੋਂ ਪਸ਼ੂ ਪਾਲਣ ਵਿਭਾਗ, ਸਿਹਤ ਵਿਭਾਗ ਅਤੇ ਕੰਪੈਸ਼ਨ ਫਾਰ ਐਨੀਮਲ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਅਵਾਰਾ ਕੁੱਤਿਆਂ ਦੀ ਰਿੰਗ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਇਲਾਕੇ ਵਿੱਚ ਹਲਕਾਅ ਦੇ ਲੱਛਣਾ ਵਾਲਾ ਕੋਈ ਕੁੱਤਾ ਨਜ਼ਰ ਆਵੇ ਤਾਂ ਉਹ ਇਸ ਦੀ ਸੂਚਨਾ ਨਗਰ ਨਿਗਮ ਜਾਂ ਨੇੜਲੀ ਪਸ਼ੂ ਡਿਸਪੈਂਸਰੀ ਆਦਿ ਤੱਕ ਪੁੱਜਦੀ ਕਰਨ ਤਾਂ ਕਿ ਉਸ ਕੁੱਤੇ ਨੂੰ ਆਈਸੋਲੇਟ ਕਰਕੇ ਉਸ ਇਲਾਕੇ ਦੇ ਹੋਰਨਾਂ ਕੁੱਤਿਆਂ ਦੀ ਜਾਂਚ ਕੀਤੀ ਜਾ ਸਕੇ।