ਲੜਕੀਆਂ ਦੇ ਸੁਪਨਿਆਂ ਨੂੰ ਮਿਲੀ ਉਡਾਣ; ਪੰਜਾਬ ਸਰਕਾਰ ਵੱਲੋਂ ਕਪੂਰਥਲਾ ਵਿਖੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ ਬਣਾਇਆ ਜਾਵੇਗਾ ਸੀ-ਪਾਈਟ ਕੈਂਪ
ਲੜਕੀਆਂ ਦੇ ਸੁਪਨਿਆਂ ਨੂੰ ਮਿਲੀ ਉਡਾਣ; ਪੰਜਾਬ ਸਰਕਾਰ ਵੱਲੋਂ ਕਪੂਰਥਲਾ ਵਿਖੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ ਬਣਾਇਆ ਜਾਵੇਗਾ ਸੀ-ਪਾਈਟ ਕੈਂਪ
• ਸੀ-ਪਾਈਟ ਵੱਲੋਂ ਨੌਜਵਾਨਾਂ ਨੂੰ ਐਸ.ਐਸ.ਬੀ. ਲਈ ਸਿਖਲਾਈ ਵੀ ਦਿੱਤੀ ਜਾਵੇਗੀ: ਅਮਨ ਅਰੋੜਾ
• ਰੋਜ਼ਗਾਰ ਉਤਪਤੀ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਸੀ-ਪਾਈਟ ਦੇ ਐਗਜ਼ੀਕਿਊਟਵ ਬੋਰਡ ਦੀ 33ਵੀਂ ਮੀਟਿੰਗ
ਚੰਡੀਗੜ੍ਹ, 11 ਦਸੰਬਰ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਹਥਿਆਰਬੰਦ ਬਲਾਂ ਵਿੱਚ ਭਰਤੀ ਹੋਣ ਦੀਆਂ ਚਾਹਵਾਨ ਪੰਜਾਬ ਦੀਆਂ ਲੜਕੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅਹਿਮ ਪਹਿਲਕਦਮੀ ਕਰਦਿਆਂ ਸੂਬਾ ਸਰਕਾਰ ਨੇ ਕਪੂਰਥਲਾ ਵਿਖੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਕੈਂਪ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਇਸ ਕੈਂਪ ਨੂੰ ਮਹਿਲਾ ਸਟਾਫ਼ ਵੱਲੋਂ ਹੀ ਚਲਾਇਆ ਜਾਵੇਗਾ।
ਇਹ ਫੈਸਲਾ ਪੰਜਾਬ ਦੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਸੀ-ਪਾਈਟ ਦੇ ਐਗਜ਼ੀਕਿਊਟਵ ਬੋਰਡ ਦੀ 33ਵੀਂ ਮੀਟਿੰਗ ਵਿੱਚ ਲਿਆ ਗਿਆ।
ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਥੇਹ ਕਾਂਝਲਾ ਵਿਖੇ ਸਥਿਤ ਮੌਜੂਦਾ ਸੀ-ਪਾਈਟ ਕੈਂਪ ਨੂੰ ਲੜਕੀਆਂ ਦੇ ਕੈਂਪ ਵਿੱਚ ਤਬਦੀਲ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਨੂੰ ਹਥਿਆਰਬੰਦ ਬਲਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਸੀ-ਪਾਈਟ ਕੈਂਪ ਵਿੱਚ ਸਿਰਫ਼ ਲੜਕਿਆਂ ਨੂੰ ਹੀ ਸਿਖਲਾਈ ਦਿੱਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਸੀ-ਪਾਈਟ ਵੱਲੋਂ ਹਥਿਆਰਬੰਦ ਬਲਾਂ ਵਿੱਚ ਅਫ਼ਸਰ ਵਜੋਂ ਭਰਤੀ ਹੋਣ ਲਈ ਐਨ.ਡੀ.ਏ. ਜਾਂ ਸੀ.ਡੀ.ਐਸ. ਦੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਪੰਜਾਬ ਦੇ ਨੌਜਵਾਨਾਂ ਲਈ ਸਰਵਿਸ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਦੀ ਟ੍ਰੇਨਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਨੌਜਵਾਨਾਂ ਲਈ ਸਕਿਊਰਿਟੀ ਅਤੇ ਫਾਇਰ-ਫਾਈਟਿੰਗ ਦੀ ਸਿਖਲਾਈ ਸ਼ੁਰੂ ਕਰਨ ਤੋਂ ਇਲਾਵਾ ਆਰਮਡ ਸਕਿਊਰਿਟੀ ਟ੍ਰੇਨਿੰਗ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਸੀ-ਪਾਈਟ ਕੈਂਪਾਂ ਵਿੱਚ ਨੌਜਵਾਨਾਂ ਲਈ ਡਰਾਈਵਿੰਗ ਸਿਖਲਾਈ, ਜੇ.ਸੀ.ਬੀ./ਪੋਕਲੇਨ ਅਤੇ ਡਰੋਨ ਨੂੰ ਅਪਰੇਟ ਕਰਨ ਦੀ ਸਿਖਲਾਈ ਵੀ ਸ਼ੁਰੂ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਜਸਪ੍ਰੀਤ ਤਲਵਾੜ, ਡਾਇਰੈਕਟਰ ਮਿਸ ਅੰਮ੍ਰਿਤ ਸਿੰਘ, ਡਾਇਰੈਕਟਰ ਜਨਰਲ ਸੀ-ਪਾਈਟ ਮੇਜਰ ਜਨਰਲ (ਸੇਵਾਮੁਕਤ) ਰਾਮਬੀਰ ਸਿੰਘ ਮਾਨ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।