'ਸਿੱਖ ਧਰਮ ਵਿੱਚ ਗੁਰਿਆਈ ਪਰੰਪਰਾ' ਵਿਸ਼ੇ ਉੱਤੇ ਪ੍ਰੋਗਰਾਮ ਕਰਵਾਇਆ
‘ਸਿੱਖ ਧਰਮ ਵਿੱਚ ਗੁਰਿਆਈ ਪਰੰਪਰਾ’ ਵਿਸ਼ੇ ਉੱਤੇ ਪ੍ਰੋਗਰਾਮ ਕਰਵਾਇਆ
ਪਟਿਆਲਾ-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ ਅਧੀਨ 32ਵੇਂ ਆਨਲਾਈਨ ਵਿਖਿਆਨ ਦਾ ‘ਸਿੱਖ ਧਰਮ ਵਿੱਚ ਗੁਰਿਆਈ ਪਰੰਪਰਾ’ ਵਿਸ਼ੇ ਉੱਤੇ ਆਯੋਜਨ ਕੀਤਾ ਗਿਆ।
ਚੇਅਰ ਇੰਚਾਰਜ ਡਾ. ਅਲੰਕਾਰ ਸਿੰਘ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉਦੇਸ਼ਾਂ ਤਹਿਤ ਗੁਰਮਤਿ ਸੰਗੀਤ ਚੇਅਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਡਾਇਰੈਕਟਰ ਡਾ. ਮਲਕਿੰਦਰ ਕੌਰ ਨੇ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।
ਮੁੱਖ ਵਕਤਾ ਵਜੋਂ ਪਹੁੰਚੇ ਦਸ਼ਮੇਸ਼ ਖ਼ਾਲਸਾ ਕਾਲਜ, ਜ਼ੀਰਕਪੁਰ ਦੇ ਇਤਿਹਾਸ ਵਿਭਾਗ ਤੋਂ ਅਸਿਸਟੈਂਟ ਪ੍ਰੋਫ਼ੈਸਰ ਡਾ. ਜਸਵਿੰਦਰ ਕੌਰ ਨੇ ਇਸ ਵਿਸ਼ੇ ਉੱਤੇ ਇਤਿਹਾਸਕ ਹਵਾਲੇ ਦੇ ਕੇ ਖੋਜ ਭਰਪੂਰ ਜਾਣਕਾਰੀ ਦਿੱਤੀ। ਗੁਰਿਆਈ ਪਰੰਪਰਾ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੂੰ ਗੁਰਿਆਈ ਧੁਰ ਦਰਗਾਹੋਂ ਪ੍ਰਾਪਤ ਹੋਈ ਸੀ। ਉਪਰੰਤ ਗੁਰੂ ਅੰਗਦ ਦੇਵ ਜੀ ਤੋਂ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਤਕ ਗੁਰਿਆਈ ਪਰੰਪਰਾ ਸੇਵਾ, ਸਿਮਰਨ ਆਦਿ ਸਿਧਾਤਾਂ ਉੱਤੇ ਪਹਿਰਾ ਦੇਣ ਵਾਲਿਆਂ ਨੂੰ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਲੁਧਿਆਣਾ ਤੋਂ ਜੁੜੇ ਉੱਘੇ ਲੇਖਕ ਅਤੇ ਵਿਦਵਾਨ ਸ. ਅਨੁਰਾਗ ਸਿੰਘ ਨੇ ਵਿਸ਼ੇ ਨਾਲ ਸਬੰਧਿਤ ਆਪਣੇ ਵਿਚਾਰਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ ਅਤੇ ਗੁਰਮਤਿ ਸੰਗੀਤ ਚੇਅਰ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਪ੍ਰੋਗਰਾਮ ਦੇ ਕੋਆਰਡੀਨੇਟਰ ਵਜੋਂ ਡਾ. ਹਰਮਿੰਦਰ ਕੌਰ ਅਤੇ ਸ. ਜਸਬੀਰ ਸਿੰਘ ਜਵੱਦੀ ਨੇ ਕਾਰਜ ਕੀਤਾ। ਵੈਬੀਨਾਰ ਨੂੰ ਸਫਲ ਬਣਾਉਣ ਵਿੱਚ ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਨੇ ਸਹਿਯੋਗ ਦਿੱਤਾ। ਅੰਤ ਵਿਚ ਯੂਨੀਵਰਸਿਟੀ ਦੇ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਦੇ ਇੰਚਾਰਜ ਡਾ. ਪਰਮੀਤ ਕੌਰ ਨੇ ਸਮੂਹ ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਵੈਬੀਨਾਰ ਵਿਚ ਫ਼ੈਕਲਟੀ ਮੈਂਬਰਾਨ, ਵਿਦਿਆਰਥੀਆਂ ਅਤੇ ਖੋਜਾਰਥੀਆਂ ਤੋਂ ਇਲਾਵਾ ਡਾ. ਹਰਜਸ ਕੌਰ, ਡਾ. ਪਰਮਜੀਤ ਸਿੰਘ, ਜਗਰਾਜ ਸਿੰਘ, ਬਲਵਿੰਦਰ ਸਿੰਘ, ਅਰਵਿੰਦਰ ਸਿੰਘ ਆਦਿ ਸ਼ਾਮਲ ਹੋਏ।