ਵਿੱਦਿਆ ਦੇ ਨਾਲ-ਨਾਲ ਬੱਚਿਆ ਦਾ ਖੇਡਾਂ ਤੇ ਹੋਰ ਗਤੀਵਿਧਿਆ ਵਿੱਚ ਸ਼ਾਮਲ ਹੋਣਾ ਜਰੂਰੀ : ਹਰਚੰਦ ਸਿੰਘ ਬਰਸਟ
ਵਿੱਦਿਆ ਦੇ ਨਾਲ-ਨਾਲ ਬੱਚਿਆ ਦਾ ਖੇਡਾਂ ਤੇ ਹੋਰ ਗਤੀਵਿਧਿਆ ਵਿੱਚ ਸ਼ਾਮਲ ਹੋਣਾ ਜਰੂਰੀ : ਹਰਚੰਦ ਸਿੰਘ ਬਰਸਟ
— ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸਰਕਾਰੀ ਹਾਈ ਸਕੂਲ ਬਰਸਟ ਵਿੱਖੇ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ
— ਗਰਾਊਂਡ ਨੂੰ ਵਧੀਆ ਬਣਵਾਉਣ ਵਿੱਚ ਪੈਸੇ ਦੀ ਕਮੀ ਨਾ ਆਉਣ ਦਾ ਕੀਤਾ ਵਾਅਦਾ
ਪਟਿਆਲਾ, 21 ਨਵੰਬਰ :- ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਦੇ ਜੱਦੀ ਪਿੰਡ ਬਰਸਟ ਦੇ ਸਰਕਾਰੀ ਹਾਈ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ. ਹਰਚੰਦ ਸਿੰਘ ਬਰਸਟ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਨੇ ਵਿੱਦਿਆਰਥੀਆਂ ਦਾ ਹੌਂਸਲਾ ਵਧਾਉਂਦੀਆਂ ਕਿਹਾ ਕਿ ਅਜਿਹਾ ਮੌਕਾ ਬਹੁਤ ਭਾਗਾਂ ਵਾਲੇ ਲੋਕਾਂ ਨੂੰ ਮਿਲਦਾ ਹੈ, ਜਦੋਂ ਆਪਾ ਆਪਣੇ ਬੱਚਿਆਂ ਨੂੰ ਅੱਗੇ ਵੱਧਦੇ ਹੋਏ ਵੇਖਦੇ ਹਾਂ। ਉਨ੍ਹਾਂ ਕਿਹਾ ਕਿ ਬਚਿੱਆਂ ਦਾ ਪੜਾਈ ਦੇ ਨਾਲ-ਨਾਲ ਵੱਖ-ਵੱਖ ਖੇਡਾਂ ਤੇ ਹੋਰ ਗਤੀਵਿਧਿਆਂ ਵਿੱਚ ਵੀ ਸ਼ਾਮਲ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਬੱਚਿਆਂ ਦਾ ਹਰ ਪੱਖੋਂ ਵਿਕਾਸ ਹੋ ਸਕੇ।
ਸ. ਬਰਸਟ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੀਆਂ ਦੱਸਿਆ ਕਿ ਜਦੋਂ ਇਸ ਸਕੂਲ ਦੀ ਉਸਾਰੀ ਹੋਈ ਸੀ ਤਾਂ ਉਨ੍ਹਾਂ ਵੱਲੋ ਆਰਟ ਰੂਮ, ਸਾਇੰਸ ਰੂਮ ਤੇ ਕੰਪਿਊਟਰ ਰੂਮ ਬਣਵਾਏ ਗਏ ਸੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬੱਚੇ ਅੱਗੇ ਵੱਧਣ। ਪਰ ਪਿਛਲੇ 25-30 ਸਾਲਾਂ ਵਿੱਚ ਜੋ ਨੁਕਸਾਨ ਸਰਕਾਰੀ ਸਕੂਲਾਂ ਦਾ ਹੋਇਆ ਹੈ, ਉਸਨੂੰ ਮੁੜ ਕਾਇਮ ਕਰਨ ਵਾਸਤੇ ਸਰਕਾਰ ਪੂਰੇ ਜੋਰਸ਼ੋਰ ਨਾਲ ਕੰਮ ਕਰ ਰਹੀ ਹੈ। 2003-04 ਤੋਂ ਜਿਸ ਤਰ੍ਹਾਂ ਇਸ ਬਿਲਡਿੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਉਹ ਬਹੁਤ ਮੰਦਭਾਗੀ ਗੱਲ ਹੈ। ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਵਾਅਦਾ ਕੀਤਾ ਕਿ ਗਰਾਊਂਡ ਨੂੰ ਵਧੀਆਂ ਬਣਵਾਉਣ ਲਈ ਉਹਨਾਂ ਵੱਲੋ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਖੇਡ ਨਰਸਰੀਆਂ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਇੱਕ ਖੇਡ ਨਰਸਰੀ ਇੱਥੇ ਵੀ ਬਣਾਈ ਜਾਵੇਗੀ ਤਾਂ ਜੋ ਬੱਚੇ ਹਰ ਤਰ੍ਹਾਂ ਦੇ ਖੇਡ ਵਿੱਚ ਹਿੱਸਾ ਲੈਣ ਯੋਗ ਹੋਣ। ਸ. ਹਰਚੰਦ ਸਿੰਘ ਬਰੱਸਟ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਨ ਸਮੇਂ ਜੋ ਵਾਅਦੇ ਕੀਤੇ ਗਏ ਸੀ, ਜਿਸ ਵਿੱਚ 600 ਯੂਨਿਟ ਫ੍ਰੀ ਬਿਜਲੀ, ਮੁਹੱਲਾ ਕਲੀਨਿਕ, ਸਕੂਲਾਂ ਦੇ ਸੁਧਾਰ ਤੇ ਆਉਣ ਵਾਲੇ ਸਮੇਂ ਵਿੱਚ ਖੇਤੀਬਾੜੀ ਪਾਲਿਸੀ ਜਿਸ ਨਾਲ ਨਵੇਂ ਉਦਯੋਗ ਤੇ ਰੋਜ਼ਗਾਰ ਮੁਹੱਇਆ ਕਰਵਾਏ ਜਾਣਗੇ, ਉਹ ਸਾਰੇ ਵਾਅਦੇ ਪੁਰੇ ਕੀਤੇ ਗਏ ਹਨ। ਉਸ ਤਰ੍ਹਾਂ ਹੀ ਭਵਿੱਖ ਵਿੱਚ ਵੀ ਲੋਕਾਂ ਦੀ ਭਲਾਈ ਲਈ ਕਾਰਜ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਜਲਦ ਦੀ ਪਿੰਡ ਦੀ ਫਿਰਨੀ ਤੇ ਲਿੰਕ ਰੋਡ ਦਾ ਕੰਮ ਸ਼ੁਰੂ ਹੋਵੇਗਾ। ਨਾਲ ਹੀ ਮਹਿਮੱਦਪੁਰ ਮੰਡੀ ਵਿੱਚ 75*200 ਦਾ ਸ਼ੈਡ, ਬਨੇਰੇ ਪਿੰਡ 50*100 ਦਾ ਸ਼ੈਡ, ਸੁਲਤਾਨਪੁਰ ਮੰਡੀ ਵਿੱਚ 50*100 ਦਾ ਸ਼ੈਡ, ਧਬਲਾਨ ਮੰਡੀ ਦੇ ਫੜ ਨੂੰ ਉੱਚਾ ਕਰਨਾ, ਬਰਸਟ ਤੋਂ ਬਨੇਰੇ ਤੱਕ ਸੜਕ ਦਾ ਨਿਰਮਾਣ ਤੇ ਹੋਰ ਕਈ ਵਿਕਾਸ ਦੇ ਕੰਮ 15 ਦਿਨਾਂ ਵਿੱਚ ਸ਼ੁਰੂ ਹੋਣਗੇ। ਉਨ੍ਹਾਂ ਬੱਚਿਆ ਨੂੰ ਅਪੀਲ ਕੀਤੀ ਕਿ ਉਹ ਪੂਰੀ ਇਮਾਨਦਾਰੀ ਨਾਲ ਪੜਾਈ ਕਰਨ ਅਤੇ ਮਾਪਿਆਂ ਤੇ ਅਧਿਆਪਕਾਂ ਦਾ ਕਹਿਣਾ ਮੰਨਣ। ਇਥੋਂ ਦੇ ਕਾਬਲ ਸਟਾਫ ਜਿਨ੍ਹਾਂ ਨੇ ਬੱਚਿਆ ਨੂੰ ਆਪਣੇ ਨਿੱਜੀ ਖਰਚੇ ਵਿੱਚੋ ਡ੍ਰੈਸਾਂ ਲੈ ਕੇ ਦਿੱਤੀਆਂ ਦਾ ਉਹਨਾਂ ਵੱਲੋ ਧੰਨਵਾਦ ਕੀਤਾ ਗਿਆ ਤੇ ਵਧਾਈਆਂ ਵੀ ਦਿੱਤੀਆਂ। ਸਮਾਰੋਹ ਮੌਕੇ ਬੱਚਿਆਂ ਵੱਲੋ ਵੱਖ-ਵੱਖ ਕਲਾਵਾਂ ਪੇਸ਼ ਕਰਕੇ ਆਪਣੀ ਯੋਗਤਾ ਦੀ ਪੇਸ਼ਕਾਰੀ ਦਿੱਤੀ ਗਈ ਅਤੇ ਹਰ ਪੇਸ਼ਕਾਰੀ ਰਾਹੀਂ ਸਮਾਜਿਕ ਬੁਰਾਇਆਂ ਦੇ ਵਿਰੁੱਧ ਸੰਦੇਸ਼ ਦਿੱਤਾ ਗਿਆ। ਅੰਤ ਵਿੱਚ ਸ. ਹਰਚੰਦ ਸਿੰਘ ਬਰਸਟ ਵੱਲੋਂ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਲਈ ਇਨਾਮ ਵੀ ਵੰਡੇ ਗਏ।
ਇਸ ਮੌਕੇ ਮੁੱਖ ਅਧਿਆਪਕਾ ਸ਼੍ਰੀਮਤੀ ਸੰਨੀ ਗੁਪਤਾ, ਭਗਵਾਨ ਦਾਸ ਗੁਪਤਾ, ਹੈੱਡਮਿਸਟ੍ਰੈਸ ਸ਼ੈਲੀ ਸ਼ਰਮਾ ਜੀ.ਐਚ.ਐਸ. ਖੇੜੀ ਮੁਸਲਮਾਨ, ਰਜਨੀ ਸਿੰਗਲਾ ਜੀ.ਐਚ.ਐਸ. ਧਬਲਾਨ, ਜੈਕੀ ਜੀ.ਐਚ.ਐਸ. ਗਲਵੱਟੀ, ਸੁਰਿੰਦਰ ਕੌਰ ਹੈਡ ਮੈਡਮ ਪ੍ਰਾਇਮਰੀ ਸਕੂਲ, ਸਟੇਜ ਸੰਚਾਲਨ ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ, ਗਗਨਦੀਪ ਸਿੰਘ, ਸ਼ੈਫਾਲੀ, ਵਰਿੰਦਰਪਾਲ ਕੌਰ, ਸੰਦੀਪ ਕੌਰ ਗਿੱਲ, ਸੰਦੀਪ ਕੌਰ, ਸੁਸ਼ਮਾ ਰਾਣੀ ਤੇ ਗੁਰਦੀਪ ਕੌਰ ਮੌਜੂਦ ਰਹੇ।