ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਸਮਾਰੋਹ ਦਾ ਆਯੋਜਨ
ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਸਮਾਰੋਹ ਦਾ ਆਯੋਜਨ
-‘ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ’ ਦਾ ਦੂਜਾ ਦਿਨ ਸਫਲਤਾਪੂਰਵਕ ਸੰਪੰਨ
ਪਟਿਆਲਾ 12 ਮਾਰਚ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਮਤਿ ਸੰਗੀਤ ਚੇਅਰ ਵਲੋਂ ਸੰਗੀਤ ਵਿਭਾਗ, ਗੁਰਮਤਿ ਸੰਗੀਤ ਵਿਭਾਗ ਅਤੇ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ’ ਦੇ ਦੂਜੇ ਦਿਨ ‘ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਸਮਾਰੋਹ’ ਦਾ ਆਯੋਜਨ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਕੀਤਾ ਗਿਆ। ਇਸ ਮੌਕੇ ਪੰਡਿਤ ਸੁਰਿੰਦਰ ਦੱਤਾ ਨੂੰ ‘ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਐਵਾਰਡ’ ਦਿੱਤਾ ਗਿਆ।
ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਦੱਸਿਆ ਕਿ ਭਾਰਤ ਰਤਨ ਪੰਡਿਤ ਰਵੀ ਸ਼ੰਕਰ ਦੇ ਸ਼ਾਗਿਰਦ ਸਿਤਾਰ ਵਾਦਕ, ਆਲ ਇੰਡੀਆ ਰੇਡੀਓ ਦੇ ਕਲਾਕਾਰ, 90 ਵਰਿਆਂ ਪੰਡਿਤ ਸੁਰਿੰਦਰ ਦੱਤਾ ਨੂੰ ਇਹ ਐਵਾਰਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਅਰਵਿੰਦ ਵਲੋਂ ਪ੍ਰਦਾਨ ਕੀਤਾ ਗਿਆ।
ਦੂਜੇ ਦਿਨ ਦੇ ਪ੍ਰੋਗਰਾਮ ਦੇ ਸ਼ੁਰੂ ਵਿਚ ਸੰਗੀਤ ਵਿਭਾਗ ਦੇ ਵਿਦਿਆਰਥੀ ਸਾਹਿਲ ਭਾਰਦਵਾਜ ਵਲੋਂ ਰਾਗ ਜੈਜਾਵੰਤੀ ਵਿਚ ਸ਼ਾਸਤਰੀ ਗਾਇਨ ਕੀਤਾ ਗਿਆ।ਇਸ ਉਪਰੰਤ ਗੁਰਮਤਿ ਸੰਗੀਤ ਚੇਅਰ ਅਤੇ ਵਿਭਾਗ ਦੇ ਮੋਢੀ ਪ੍ਰੋਫੈਸਰ ਡਾ. ਗੁਰਨਾਮ ਸਿੰਘ ਵੱਲੋਂ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਵਿਖਿਆਨ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਜਿੱਥੇ ਵਿਸ਼ਵ ਵਿਖਿਆਤ ਸਿਤਾਰ ਵਾਦਕ ਉਸਤਾਦ ਵਿਲਾਇਤ ਖਾਂ ਤੋਂ ਸਿਤਾਰ ਦੀ ਤਾਲੀਮ ਹਾਸਿਲ ਸਨ, ਉਥੇ ਹੀ ਸ਼ਾਸਤਰੀ ਗਾਇਕੀ ਵਿੱਚ ਵੀ ਉਨਾਂ ਦੀ ਆਪਣੀ ਹੀ ਵੱਖਰੀ ਸ਼ੈਲੀ ਸੀ।
ਇਸ ਮੌਕੇ ਸੰਗੀਤ ਵਿਭਾਗ ਦੀ ਸਿਤਾਰ ਵਾਦਿਕਾ ਸ੍ਰੀਮਤੀ ਵਨੀਤਾ ਵਲੋਂ ਰਾਗ ਪਟਦੀਪ ਵਿੱਚ ਸਿਤਾਰ ਵਾਦਨ ਪੇਸ਼ ਕੀਤਾ ਗਿਆ। ਸਹਿਯੋਗੀ ਕਲਾਕਾਰਾਂ ਵਿਚ ਤਬਲੇ ਉੱਤੇ ਪੰਜਾਬ ਘਰਾਣੇ ਦੇ ਸ੍ਰੀ ਜੈਦੇਵ, ਸ੍ਰੀ ਨਰਿੰਦਰ ਪਾਲ ਸਿੰਘ ਅਤੇ ਹਰਮੋਨੀਅਮ ਉੱਤੇ ਸ੍ਰੀ ਅਲੀ ਅਕਬਰ ਸਨ। ਇਸ ਮੌਕੇ ਆਲ ਇੰਡੀਆ ਰੇਡੀਓ ਤੋਂ ਸੀਨੀਅਰ ਕਲਾਕਾਰ ਤਿਲਕ ਰਾਜ, ਸੰਗੀਤ ਵਿਭਾਗ ਤੋਂ ਡਾ. ਨਿਵੇਦਿਤਾ ਸਿੰਘ, ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਦੇ ਪਰਿਵਾਰਕ ਮੈਂਬਰਾਂ ਵਿੱਚ ਧਰਮਪਤਨੀ ਗੁਰਚਰਨ ਕੌਰ, ਸਪੁੱਤਰ ਤੇਜਿੰਦਰ ਪਾਲ ਸਿੰਘ, ਡਾ. ਪ੍ਰੀਤਇੰਦਰ ਕੌਰ, ਸ਼੍ਰੀ ਅਲੀ ਅਕਬਰ, ਡਾ.ਮਨਮੋਹਨ ਸ਼ਰਮਾ, ਸ਼੍ਰੀ ਅਰੁਣ ਕੁਮਾਰ ਝਾਅ, ਡਾ.ਜਤਿੰਦਰ ਸਿੰਘ ਮੱਟੂ, ਸ.ਜਸਬੀਰ ਸਿੰਘ ਜਵੱਦੀ ਆਦਿ ਹਾਜਰ ਰਹੇ।