ਨਿਵੇਸ਼ਕਾਂ ਅਤੇ ਉਦਯੋਗ ਵਾਸਤੇ ਸੁਖਾਵਾਂ ਮਾਹੌਲ ਸਿਰਜਣ ਲਈ ਉਦਯੋਗਪਤੀਆਂ ਵੱਲੋਂ ਪੰਜਾਬ ਸਰਕਾਰ ਦੀ ਭਰਵੀਂ ਸ਼ਲਾਘਾ
ਨਿਵੇਸ਼ਕਾਂ ਅਤੇ ਉਦਯੋਗ ਵਾਸਤੇ ਸੁਖਾਵਾਂ ਮਾਹੌਲ ਸਿਰਜਣ ਲਈ ਉਦਯੋਗਪਤੀਆਂ ਵੱਲੋਂ ਪੰਜਾਬ ਸਰਕਾਰ ਦੀ ਭਰਵੀਂ ਸ਼ਲਾਘਾ
• “ਸਰਕਾਰ-ਵਪਾਰ ਮਿਲਣੀ” ਦੀ ਪਹਿਲਕਦਮੀ ਉਦਯੋਗਪਤੀਆਂ ਲਈ ਵਰਦਾਨ ਸਾਬਤ ਹੋਈ
• ਮਿਲਣੀ ਰਾਹੀਂ ਸਰਕਾਰ ਨਾਲ ਸਿੱਧੇ ਤੌਰ ਉੱਤੇ ਸੰਪਰਕ ਕਾਇਮ ਕਰਨ ਦੀ ਸਹੂਲਤ ਹਾਸਲ ਹੋਈ ਅਤੇ ਪੰਜਾਬ ਤਰਜੀਹੀ ਸਥਾਨ ਵਜੋਂ ਉੱਭਰਿਆ
ਪਟਿਆਲਾ, 11 ਮਾਰਚ:
ਨਿਵੇਸ਼ਕਾਂ ਅਤੇ ਉਦਯੋਗ ਲਈ ਸੁਖਾਵਾਂ ਮਾਹੌਲ ਪੈਦਾ ਕਰਨ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਪਟਿਆਲਾ ਦੇ ਸਨਅਤਕਾਰਾਂ ਨੇ ਅੱਜ ਕਿਹਾ ਕਿ “ਸਰਕਾਰ-ਵਪਾਰ ਮਿਲਣੀ” ਦੀ ਪਹਿਲਕਦਮੀ ਉਨ੍ਹਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜੋ ਸਰਕਾਰ ਨਾਲ ਸਿੱਧਾ ਸੰਪਰਕ ਕਾਇਮ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ ਅਤੇ ਪੰਜਾਬ ਨੂੰ ਤਰਜੀਹੀ ਸਥਾਨ ਵਜੋਂ ਉਤਸ਼ਾਹਿਤ ਕਰਦੀ ਹੈ।
ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਹਿੰਦੁਸਤਾਨ ਯੂਨੀਲੀਵਰ ਤੋਂ ਦੇਬਨਾਥ ਗੁਹਾ ਨੇ ਕਿਹਾ ਕਿ ਅਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਟਮਾਟਰਾਂ ਦੀ ਪੇਸਟ ਦੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਸਾਰੇ ਭਾਈਵਾਲਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਜੇਕਰ ਉਹ ਵਧੀਆ ਕੁਆਲਿਟੀ ਦਾ ਟਮਾਟਰ ਪੰਜਾਬ ਵਿੱਚੋਂ ਖਰੀਦਣਗੇ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੀ ਕਿਸਾਨ ਕੈਚਅੱਪ ਫੈਕਟਰੀ ਨਾਭਾ ਵਿਖੇ ਹੈ। ਇੱਕ ਸਾਲ ਵਿੱਚ ਇਸ ਫੈਕਟਰੀ ਨੂੰ 10 ਹਜ਼ਾਰ ਟਨ ਟਮਾਟਰ ਚਾਹੀਦਾ ਹੈ ਜਿਸ ਵਿੱਚੋ 9.5 ਹਜ਼ਾਰ ਟਨ ਨਾਸਿਕ ਮਹਾਰਾਸ਼ਟਰ ਵਿੱਚੋਂ ਆ ਰਿਹਾ।
ਇਸੇ ਤਰ੍ਹਾਂ ਤ੍ਰਿਪੜੀ ਮਾਰਕੀਟ ਪਟਿਆਲਾ ਤੋਂ ਚੰਦਰਦੀਪ ਨਾਸਰਾ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਦੇ ਉੱਦਮ ਸਦਕਾ ਘਰ ਬੈਠਿਆਂ ਹੀ ਆਨਲਾਈਨ ਪ੍ਰਣਾਲੀ ਦੇ ਰਾਹੀਂ ਵੱਖ-ਵੱਖ ਸਰਕਾਰੀ ਸੁਵਿਧਾਵਾਂ ਮਿਲਣ ਲੱਗ ਪਈਆਂ ਹਨ, ਜੋ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਰ ਕੰਮ ਲਈ ਲੰਬੀਆਂ ਲਾਈਨਾਂ ਵਿੱਚ ਖੜਨਾ ਪੈਂਦਾ ਸੀ।
ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਪਟਿਆਲਾ ਤੋਂ ਸਤਿੰਦਰ ਸੈਣੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਮੁੱਖ ਮੰਤਰੀ ਨੂੰ ਮਿਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਵੀ ਮਿਲਣਾ ਔਖਾ ਸੀ ਪਰ ਇਸ ਸਰਕਾਰ ਵਿੱਚ ਮੁੱਖ ਮੰਤਰੀ ਸਾਡੇ ਵਿਚਕਾਰ ਆ ਕੇ ਬੈਠੇ ਹਨ।
ਉਨ੍ਹਾਂ ਨੇ ਅਨਾਜ ਮੰਡੀਆਂ ਵਿੱਚ ਫ਼ਸਲ ਦੇ ਖਰੀਦ ਪ੍ਰਬੰਧਾਂ ਵਿਚ ਆਏ ਵੱਡੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਖਰੀਦ ਵਿੱਚ ਬਹੁਤ ਜ਼ਿਆਦਾ ਸੁਧਾਰ ਆਇਆ ਹੈ ਅਤੇ ਲਿਫਟਿੰਗ ਦੀ ਵੀ ਸਮੱਸਿਆ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆ ਰਹੇ ਹਨ, ਆੜ੍ਹਤੀ ਮਜ਼ਦੂਰੀ ਮਿਲ ਰਹੀ ਹੈ ਅਤੇ ਬਾਰਦਾਨੇ ਦੀ ਕਮੀ ਦੂਰ ਹੋਈ ਹੈ।
ਦੂਜੇ ਪਾਸੇ ਭੱਠਾ ਐਸੋਸੀਏਸ਼ਨ ਤੋਂ ਸਿਕੰਦ ਵੀਰ ਜਿੰਦਲ ਨੇ ਕਿਹਾ ਕਿ ਮਾਨ ਸਰਕਾਰ ਨੇ ਜੋ ਕਿਹਾ ਉਹ ਕਰ ਦਿਖਾਇਆ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਜੀ ਨੇ ਇਹ ਕਿਹਾ ਸੀ ਕਿ ਸਾਡੀ ਸਰਕਾਰ ਸੱਥਾਂ ਤੋਂ ਚੱਲੇਗੀ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਸਰਕਾਰੀ ਕੰਮ ਕਰਾਉਣ ਲਈ ਸਰਕਾਰ ਦੇ ਦੁਆਰ ਨਹੀਂ ਜਾਣਾ ਪੈ ਰਿਹਾ, ਸਗੋਂ ਸਰਕਾਰ ਲੋਕਾਂ ਦੇ ਦੁਆਰ ਆ ਰਹੀ ਹੈ ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਟਾਂ ਬਣਾਉਣ ਲਈ ਪਹਿਲਾਂ ਦੋ ਏਕੜ ਜ਼ਮੀਨ ਤੱਕ ਪੁਟਾਈ ਦੀ ਪ੍ਰਵਾਨਗੀ ਸੀ ਪਰ ਇਸ ਸਰਕਾਰ ਨੇ ਹੱਦ ਵਧਾ ਕੇ ਪੰਜ ਏਕੜ ਕੀਤੀ ਹੈ, ਜਿਸ ਦੇ ਨਾਲ ਭੱਠਾ ਉਦਯੋਗ ਵੱਡੀ ਮੁਸ਼ਕਿਲ ਵਿੱਚੋਂ ਨਿਕਲ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ 12 ਫੀਸਦੀ ਜੀ.ਐਸ.ਟੀ. ਨੂੰ ਘਟਾਇਆ ਜਾਵੇ।
ਹੋਟਲ ਐਸੋਸੀਏਸ਼ਨ ਤੋਂ ਗੁਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਪਟਿਆਲਾ ਸਰਹਿੰਦ ਰੋਡ ਉਤੇ ਵਸਦੇ ਪਿੰਡ ਲੁਧਿਆਣਾ, ਜਲੰਧਰ ਅੰਮ੍ਰਿਤਸਰ ਅਤੇ ਫ਼ਤਹਿਗੜ੍ਹ ਸਾਹਿਬ, ਚੂਨੀ ਤੇ ਲਾਂਡਰਾਂ ਨਾਲ ਜੁੜਦੇ ਹਨ, ਜਿਸ ਕਾਰਨ ਭਾਰੀ ਟਰੈਫਿਕ ਫੋਕਲ ਪੁਆਇੰਟ ਵਿੱਚੋਂ ਲੰਘਦਾ ਹੈ ਅਤੇ ਸੜਕ ਹਾਦਸੇ ਵਾਪਰਦੇ ਹਨ। ਉਨ੍ਹਾਂ ਇਸ ਦਾ ਢੁਕਵਾਂ ਹੱਲ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਪਟਿਆਲਾ ਇੰਡਸਟਰੀਅਲ ਅਸਟੇਟ ਵੈਲਫੇਅਰ ਸੁਸਾਇਟੀ ਤੋਂ ਅਸ਼ਵਨੀ ਗਰਗ ਨੇ ਕਿਹਾ ਕਿ ਇਸ ਸਰਕਾਰ ਵਿੱਚ ਮੰਗਾਂ ਦੇ ਹੱਲ ਲਈ ਮੌਕੇ ‘ਤੇ ਹੀ ਫੈਸਲੇ ਹੋ ਰਹੇ ਹਨ। ਉਨ੍ਹਾਂ ਬਿਜਲੀ ਸਪਲਾਈ ਲਈ ਗਰਿੱਡ ਬਣਾਉਣ ਦੀ ਮੰਗ ਕੀਤੀ।
ਪਟਿਆਲਾ ਚੈਂਬਰ ਆਫ ਇੰਡਸਟਰੀ ਤੋਂ ਹਰਮਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਫੋਕਲ ਪੁਆਇੰਟ ਵਿੱਚ ਚਾਰ ਪਾਰਕਾਂ ਵਿੱਚੋਂ ਮੁਕੰਮਲ ਹੋ ਚੁੱਕੇ ਹਨ। ਫੋਕਲ ਪੁਆਇੰਟ 1990 ਵਿੱਚ ਬਣਿਆ ਸੀ। ਇੱਥੇ ਕੁੱਝ ਫੈਕਟਰੀਆਂ 24 ਘੰਟੇ ਚਲਦੀਆਂ ਹਨ। ਅਸੁਖਾਵੀਆਂ ਘਟਨਾਵਾਂ ਰੋਕਣ ਲਈ ਸਟਰੀਟ ਲਾਈਟ ਲਾਈਆਂ ਜਾਣ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਦੀ ਐਂਟਰੀ ਉਤੇ ਕਾਫੀ ਟਰੈਫਿਕ ਰਹਿੰਦੀ ਹੈ, ਇਸ ਨੂੰ ਨਵੇਂ ਸਿਰਿਓਂ ਵਿਉਂਤਣ ਦੀ ਲੋੜ ਹੈ।