ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਮਾਣਾ ਹਲਕੇ 'ਚ ਕਰੀਬ 70 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਮਾਣਾ ਹਲਕੇ ‘ਚ ਕਰੀਬ 70 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ
-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਸੂਬੇ ਦਾ ਕੀਤਾ ਜਾ ਰਿਹੈ ਚਹੁੰਤਰਫ਼ਾਂ ਵਿਕਾਸ : ਚੇਤਨ ਸਿੰਘ ਜੌੜਾਮਾਜਰਾ
-ਪਿੰਡ ਰੇਤਗੜ੍ਹ-ਸਾਧੂਗੜ੍ਹ, ਖਾਨਪੁਰ, ਦਾਨੀਪੁਰ, ਮਿਆਲ ਕਲਾਂ ਤੇ ਖੁਰਦ, ਬਾਦਸ਼ਾਹਪੁਰ ‘ਚ ਵਿਕਾਸ ਕੰਮਾਂ ਦਾ ਰੱਖਿਆ ਨੀਂਹ ਪੱਥਰ
ਕਿਹਾ, ਸ਼ੁਰੂ ਕੀਤੇ ਵਿਕਾਸ ਕਾਰਜ ਰਿਕਾਰਡ ਸਮੇਂ ‘ਚ ਕੀਤੇ ਜਾਣਗੇ ਮੁਕੰਮਲ
ਸਮਾਣਾ, 25 ਫਰਵਰੀ:
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਮਾਣਾ ਹਲਕੇ ‘ਚ ਅੱਧੀ ਦਰਜ਼ ਦੇ ਕਰੀਬ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖ ਕੇ ਕਰੀਬ 70 ਲੱਖ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਪਿੰਡ ਰੇਤਗੜ੍ਹ-ਸਾਧੂਗੜ੍ਹ ਵਿਖੇ 9 ਲੱਖ ਰੁਪਏ, ਪਿੰਡ ਖਾਨਪੁਰ-ਦਾਨਪੁਰ ਵਿਖੇ 22 ਲੱਖ ਰੁਪਏ, ਮਿਆਲ ਕਲਾ ਤੇ ਖੁਰਦ ਵਿਖੇ 20 ਲੱਖ ਰੁਪਏ ਅਤੇ ਬਾਦਸ਼ਾਹਪੁਰ ਵਿਖੇ 15 ਲੱਖ ਰੁਪਏ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ, ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਕਿਹਾ ਕਿ ਜਿਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਸੂਬੇ ਦਾ ਚਹੁੰਤਰਫ਼ਾਂ ਵਿਕਾਸ ਕੀਤਾ ਜਾ ਰਿਹਾ ਹੈ, ਉਥੇ ਹੀ ਰੋਜ਼ਾਨਾ ਲੋਕ ਭਲਾਈਆਂ ਲਈ ਪੰਜਾਬ ਸਰਕਾਰ ਵੱਲੋਂ ਨਵੀਂਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਨੂੰ ਹਰੇਕ ਸਰਕਾਰੀ ਸਕੀਮ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਅੱਜ ਪਿੰਡ ਖਾਨਪੁਰ ਗਾੜੀਆਂ ਤੋਂ ਦਾਨੀਪੁਰ ਨੂੰ ਜਾਂਦੇ ਰਸਤੇ ਨੂੰ ਪੱਕਾ ਕਰਨ, ਪਿੰਡ ਮਿਆਲ ਕਲਾਂ ਵਿਖੇ ਗਲੀਆਂ ਨਾਲੀਆਂ ਤੇ ਪਾਇਪ ਲਾਈਨਾਂ ਦੇ ਕੰਮ ਦੀ ਸ਼ੁਰੂ ਕਰਵਾਉਣ ਸਮੇਤ ਪਿੰਡ ਬਾਦਸ਼ਾਹਪੁਰ ਕਾਲੇਕੀ ਤੋਂ ਢੈਂਠਲ ਨੂੰ ਜਾਂਦੇ ਰਸਤੇ ਨੂੰ ਪੱਕਾ ਕਰਨ, ਪਿੰਡ ਮਿਆਲ ਖੁਰਦ ਤੋਂ ਮਿਆਲ ਕਲਾਂ ਵਿਖੇ ਖੜਵੰਦੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਿੰਡਾਂ ਦੇ ਵਿਕਾਸ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਬਲਕਾਰ ਸਿੰਘ ਗੱਜੂਮਾਜਰਾ, ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਸੁਰਜੀਤ ਸਿੰਘ ਫ਼ੌਜੀ, ਸੋਨੂੰ ਥਿੰਦ, ਬਲਜੀਤ ਸਿੰਘ ਸੋਹੀ, ਜੋਗਾ ਸਿੰਘ, ਜਸਮੀਤ ਕੌਰ, ਜਸਵਿੰਦਰ ਕੌਰ, ਬਲਜਿੰਦਰ ਕੌਰ ਸਮੇਤ ਹੋਰ ਪਤਵੰਤੇ ਤੇ ਪਿੰਡ ਵਾਸੀ ਵੀ ਮੌਜੂਦ ਸਨ।