ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ
ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ
ਪਟਿਆਲਾ, 27 ਫਰਵਰੀ:
ਪਸ਼ੂ ਪਾਲਣ ਵਿਭਾਗ ਨੇ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਨੇ ਇੱਥੇ ਗਊਸ਼ਾਲਾ ਵਿਖੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਵਾਉਂਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਇਹ ਮੁਹਿੰਮ ਅਰੰਭੀ ਗਈ ਹੈ।
ਪਟਿਆਲਾ ਦੇ ਸੀਨੀਅਰ ਵੈਟਰਨਰੀ ਅਫ਼ਸਰ ਡਾ. ਸੋਨਿੰਦਰ ਕੌਰ ਨੇ ਕਿਹਾ ਕਿ ਗਊਧਨ ਨੂੰ ਐਲ.ਸੀ.ਡੀ. ਦੀ ਭਿਆਨਕ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਵੈਕਸੀਨ ਉਪਲਬੱਧ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਪਮੁੱਖ ਸਕੱਤਰ ਵਿਕਾਸ ਪ੍ਰਤਾਪ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਟੀਕਾਕਰਨ ਦੀ ਮੁਹਿੰਮ ਗਊਸ਼ਾਲਾਵਾਂ ਤੋਂ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਰਿੰਗ ਵੈਕਸੀਨੇਸ਼ਨ ਕਰਦੇ ਹੋਏ ਸਾਰੇ ਇਲਾਕੇ ਦੀਆਂ ਸਾਰੇ ਗਊਧਨ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ।
ਡਾ. ਸੋਨਿੰਦਰ ਕੌਰ ਨੇ ਦੱਸਿਆ ਕਿ ਪਟਿਆਲਾ ਤਹਿਸੀਲ ਲਈ ਐਲ.ਸੀ.ਡੀ. ਵੈਕਸੀਨ ਦੀਆਂ 22000 ਡੋਜਜ਼ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਨੂੰ ਘਰ-ਘਰ ਜਾ ਕੇ ਟੀਕਾਕਰਨ ਲਈ 12 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਪਸ਼ੂ ਪਾਲਕਾਂ ਨਾਲ ਰਾਬਤਕਾ ਕਾਇਮ ਕਰ ਰਹੇ ਹਨ ਤਾਂ ਜੋ ਲੰਪੀ ਸਕਿਨ ਦੀ ਬਿਮਾਰੀ ਤੋਂ ਗਊਧਨ ਨੂੰ ਬਚਾਇਆ ਜਾ ਸਕੇ।
ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਪਸ਼ੂ ਪਾਲਕ ਆਪਣੇ ਗਊਧਨ ਨੂੰ ਇਸ ਵੈਕਸੀਨ ਦੇ ਟੀਕਾਕਰਨ ਤੋਂ ਵਾਂਝਾ ਨਾ ਰੱਖੇ ਤਾਂ ਕਿ ਇਸ ਬਿਮਾਰੀ ਤੋਂ ਹੋਣ ਵਾਲੇ ਨੁਕਸਾਨ ਤੋਂ ਗਊਧਨ ਨੂੰ ਬਚਾਇਆ ਜਾ ਸਕੇ।