ਪੁਰਾਣੇ ਸਮੇਂ ਤੋਂ ਹੀ ਯੂਨਾਨ ਅਤੇ ਪੰਜਾਬ ਦੇ ਰਹੇ ਹਨ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਸਬੰਧ: ਪ੍ਰੋ. ਵੈਸੀਲੀਓਸ
ਪੁਰਾਣੇ ਸਮੇਂ ਤੋਂ ਹੀ ਯੂਨਾਨ ਅਤੇ ਪੰਜਾਬ ਦੇ ਰਹੇ ਹਨ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਸਬੰਧ: ਪ੍ਰੋ. ਵੈਸੀਲੀਓਸ
ਫਿਨਿਸ਼-ਯੂਨਾਨੀ ਵਿਦਵਾਨ ਪ੍ਰੋ. ਵੈਸੀਲੀਓਸ ਸਾਈਰੋਸ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਦਿੱਤਾ ਵਿਸ਼ੇਸ਼ ਭਾਸ਼ਣ
-ਪੰਜਾਬ ਅਤੇ ਯੂਨਾਨ ਦੇ ਸਬੰਧਾਂ ਬਾਰੇ ਵਿਆਪਕ ਖੋਜ ਦੀ ਲੋੜ: ਪ੍ਰੋ. ਅਰਵਿੰਦ
ਪਟਿਆਲਾ, 6 ਫਰਵਰੀ
ਪੰਜਾਬੀ ਯੂਨੀਵਰਸਿਟੀ ਵਿਖੇ ਸੈਂਟਰ ਫਾਰ ਮਿਲਟਰੀ ਐਂਡ ਕੰਟਸਲਿਫਟ ਸਟੱਡੀਜ਼, ਯੂ.ਐੱਸ.ਏ. ਅਤੇ ਜੇ. ਐੱਨ. ਯੂ., ਨਵੀਂ ਦਿੱਲੀ ਤੋਂ ਫਿਨਿਸ਼-ਯੂਨਾਨੀ ਵਿਦਵਾਨ ਪ੍ਰੋ. ਵੈਸੀਲੀਓਸ ਸਾਈਰੋਸ ਨੇ ਵਿਸ਼ੇਸ਼ ਭਾਸ਼ਣ ਦਿੱਤਾ।ਸਿਖਿਆਰਥੀ ਸਭਾ ਵੱਲੋਂ ਆਯੋਜਿਤ ਇਹ ਭਾਸ਼ਣ ‘ਪੰਜਾਬ ਭਾਰਤੀ ਸਭਿਅਤਾ ਦੇ ਚੁਰਾਹੇ ’ਤੇ: ਯੂਨਾਨੀ ਦ੍ਰਿਸ਼ਟੀਕੋਣ ਤੋਂ’ ਵਿਸ਼ੇ ਉੱਤੇ ਸੀ।
ਪ੍ਰੋ. ਵੈਸੀਲੀਓਸ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਪੁਰਾਣੇ ਸਮੇਂ ਤੋਂ ਹੀ ਯੂਨਾਨ ਅਤੇ ਪੰਜਾਬ ਦੇ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਸਬੰਧ ਰਹੇ ਹਨ। ਉਨ੍ਹਾਂ ਦੋਹਾਂ ਸਭਿਆਚਾਰਾਂ ਵਿਚ ਸਮਾਨਤਾਵਾਂ ਦਾ ਵੀ ਵਰਣਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸਮਕਾਲੀ ਸਮੇਂ ਵਿੱਚ ਯੂਨਾਨ ਦੀ ਆਰਥਿਕਤਾ ਵਿੱਚ ਪੰਜਾਬੀਆਂ ਦੀ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਯੂਨਾਨ ਲਈ ਪੰਜਾਬ, ਭਾਰਤੀ ਸੱਭਿਆਚਾਰ ਅਤੇ ਸੱਭਿਅਤਾ ਦਾ ਪ੍ਰਵੇਸ਼ ਦੁਆਰ ਰਿਹਾ ਹੈ ਅਤੇ ਅੱਜ ਵੀ ਹੈ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਯੂਨਾਨ ਦੇ ਸਬੰਧਾਂ ਬਾਰੇ ਵਿਆਪਕ ਖੋਜ ਦੀ ਲੋੜ ਹੈ, ਖ਼ਾਸ ਕਰ ਕੇ ਇਹ ਅਧਿਐਨ ਕੀਤੇ ਜਾਣ ਦੀ ਲੋੜ ਹੈ ਕਿ ਪੁਰਾਤਨ, ਮੱਧਕਾਲੀ ਅਤੇ ਸਮਕਾਲੀ ਯੂਨਾਨੀ ਲਿਖਤਾਂ ਵਿੱਚ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਵਰਣਨ ਕਿਵੇਂ ਕੀਤਾ ਗਿਆ ਹੈ।
ਸਟੇਜ ਸੰਚਾਲਨ ਦੀ ਕਾਰਵਾਈ ਡਾ. ਕੁਲਬੀਰ ਸਿੰਘ ਬਾਦਲ, ਕਨਵੀਨਰ ਸਿਖਿਆਰਥੀ ਸਭਾ ਵੱਲੋਂ ਕੀਤੀ ਗਈ। ਸਮਾਗਮ ਦੇ ਅੰਤ ਵਿਚ ਧੰਨਵਾਦ ਦਾ ਮਤਾ ਡਾ. ਆਸ਼ਾ ਕਿਰਨ ਨੇ ਪੇਸ਼ ਕੀਤਾ। ਇਸ ਪ੍ਰੋਗਰਾਮ ਵਿੱਚ ਰਾਜਨੀਤੀ ਸ਼ਾਸਤਰ ਵਿਭਾਗ, ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਪੰਜਾਬੀ ਵਿਭਾਗ ਅਤੇ ਅੰਗਰੇਜ਼ੀ ਵਿਭਾਗ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ, ਵਿਦਵਾਨਾਂ ਅਤੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ। ਇਸ ਮੌਕੇ ਡਾ. ਸੁਖਦਿਆਲ ਸਿੰਘ, ਡਾ. ਰਵਨੀਤ ਕੌਰ, ਡਾ. ਸੰਦੀਪ ਕੌਰ, ਡਾ. ਦਿਲਜੀਤ ਸਿੰਘ, ਡਾ. ਮੇਹਰ ਸਿੰਘ ਗਿੱਲ, ਡਾ. ਗੁਰਜੰਟ ਸਿੰਘ, ਡਾ. ਹਰਜੋਧ ਸਿੰਘ, ਡਾ. ਜੋਤੀ ਪੁਰੀ, ਡਾ. ਧਰਮਜੀਤ ਸਿੰਘ, ਡਾ. ਨਵਜੋਤ ਖੋਸਲਾ, ਡਾ. ਚਿਰਾਗ, ਦਰਸ਼ਨ ਸਿੰਘ, ਸਤਿਗੁਰ ਸਿੰਘ, ਹਰਜੀਤ ਸਿੰਘ, ਅਚਾਰੀਆ ਰਵਿੰਦਰ ਕੁਮਾਰ, ਸੋਢੀ ਸਾਹਿਬ ਸਿੰਘ, ਬਲਰਾਜ ਸਿੰਘ ਅਤੇ ਸਰਬਜੀਤ ਕੌਰ ਵੀ ਹਾਜ਼ਰ ਸਨ।