ਚੇਤਨ ਸਿੰਘ ਜੌੜਾਮਾਜਰਾ ਵੱਲੋਂ 12 ਜਨਤਕ ਰੇਤ ਖੱਡਾਂ ਲੋਕਾਂ ਨੂੰ ਸਮਰਪਿਤ; ਕੁੱਲ ਗਿਣਤੀ ਹੋਈ 72
ਚੇਤਨ ਸਿੰਘ ਜੌੜਾਮਾਜਰਾ ਵੱਲੋਂ 12 ਜਨਤਕ ਰੇਤ ਖੱਡਾਂ ਲੋਕਾਂ ਨੂੰ ਸਮਰਪਿਤ; ਕੁੱਲ ਗਿਣਤੀ ਹੋਈ 72
‘ਜਨਤਕ ਅਤੇ ਵਪਾਰਕ ਰੇਤ ਖੱਡਾਂ ਵਿੱਚ ਹਾਲੇ ਵੀ 151 ਲੱਖ ਮੀਟਰਕ ਟਨ ਤੋਂ ਵੱਧ ਰੇਤ ਅਤੇ ਬਜਰੀ ਉਪਲਬਧ’
ਬਲਾਚੌਰ/ਚੰਡੀਗੜ੍ਹ, 28 ਫ਼ਰਵਰੀ:
ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ 12 ਹੋਰ ਜਨਤਕ ਰੇਤ ਖੱਡਾਂ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੀਆਂ ਜਿਸ ਨਾਲ ਸੂਬੇ ਭਰ ‘ਚ ਜਨਤਕ ਰੇਤ ਖੱਡਾਂ ਦੀ ਗਿਣਤੀ 72 ਹੋ ਗਈ ਹੈ। ਇਸ ਪਹਿਲਕਦਮੀ ਨਾਲ ਲੋਕਾਂ ਨੂੰ ਵਾਜਬ ਦਰਾਂ ’ਤੇ ਰੇਤ ਤੇ ਖਣਨ ਸਮੱਗਰੀ ਮਿਲਣੀ ਯਕੀਨੀ ਬਣੇਗੀ।
ਏ.ਡੀ.ਬੀ. ਬੇਲਾ ਤਾਜੋਵਾਲ ਤਹਿਸੀਲ ਬਲਾਚੌਰ (ਜ਼ਿਲ੍ਹਾ ਐੱਸ.ਬੀ.ਐੱਸ. ਨਗਰ) ਵਿਖੇ ਜ਼ਿਲ੍ਹੇ ਦੀਆਂ ਤਿੰਨ ਰੇਤ ਖੱਡਾਂ ਦੇ ਉਦਘਾਟਨ ਉਪਰੰਤ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਹਿਲਾਂ ਹੀ 60 ਜਨਤਕ ਰੇਤ ਖੱਡਾਂ ਅਤੇ 38 ਵਪਾਰਕ ਰੇਤ ਖੱਡਾਂ ਚਲਾਈਆਂ ਜਾ ਰਹੀਆਂ ਹਨ, ਜਿੱਥੋਂ ਆਮ ਲੋਕਾਂ ਨੂੰ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਕੁੱਲ 150 ਜਨਤਕ ਅਤੇ 100 ਵਪਾਰਕ ਰੇਤ ਖੱਡਾਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ।
ਕੈਬਨਿਟ ਮੰਤਰੀ ਵੱਲੋਂ ਜ਼ਿਲ੍ਹਾ ਐਸ.ਬੀ.ਐਸ. ਨਗਰ ਵਿੱਚ ਦੁਗਰੀ/ਨਿਆਰਾ, ਖੋਜਾ/ਨਿਆਰਾ ਅਤੇ ਏ.ਡੀ.ਬੀ. ਬੇਲਾ ਤਾਜੋਵਾਲ ਵਿਖੇ ਤਿੰਨ ਜਨਤਕ ਰੇਤ ਖੱਡਾਂ ਦਾ ਉਦਘਾਟਨ ਕੀਤਾ ਗਿਆ ਜਦਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਅੱਕੂਵਾਲਾ, ਚਾਂਗਲੀ ਜਦੀਦ, ਚੁਗਤੇਵਾਲਾ-2, ਮਮਦੋਟ ਉਤਾੜ, ਨਾਜ਼ਮਵਾਲਾ 1, 2 ਤੇ 3 ਅਤੇ ਗਿੱਲਾਂਵਾਲਾ ਸਮੇਤ 6 ਜਨਤਕ ਰੇਤ ਖੱਡਾਂ ਅਤੇ ਪਿੰਡ ਕੈਲਾ (ਜ਼ਿਲ੍ਹਾ ਮੋਗਾ), ਥੰਮੂਵਾਲ ਰਾਮਪੁਰ (ਜਲੰਧਰ) ਤੇ ਖਾਨਪੁਰ (ਜ਼ਿਲ੍ਹਾ ਅੰਮ੍ਰਿਤਸਰ) ਵਿੱਚ ਇੱਕ-ਇੱਕ ਜਨਤਕ ਰੇਤ ਖੱਡ ਦਾ ਉਦਘਾਟਨ ਸਬੰਧਤ ਵਿਧਾਇਕਾਂ ਅਤੇ ਅਧਿਕਾਰੀਆਂ ਵੱਲੋਂ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਦੱਸਿਆ ਕਿ 47.65 ਲੱਖ ਮੀਟਰਕ ਟਨ ਦੀ ਕੁੱਲ ਸਮਰੱਥਾ ਵਾਲੀਆਂ 72 ਜਨਤਕ ਰੇਤ ਖੱਡਾਂ ‘ਚੋਂ ਹੁਣ ਤੱਕ 15.91 ਲੱਖ ਮੀਟਰਕ ਟਨ ਰੇਤ ਕੱਢੀ ਜਾ ਚੁੱਕੀ ਹੈ। ਇਸੇ ਤਰ੍ਹਾਂ 38 ਵਪਾਰਕ ਰੇਤ ਖੱਡਾਂ ਦੇ ਕਲੱਸਟਰਾਂ ਵਿੱਚੋਂ 136 ਲੱਖ ਮੀਟਰਕ ਟਨ ਰੇਤ ਕੱਢਣ ਦੀ ਯੋਜਨਾ ਬਣਾਈ ਗਈ ਹੈ ਜਿਸ ਵਿੱਚੋਂ 17 ਲੱਖ ਮੀਟਰਕ ਟਨ ਰੇਤ ਅਤੇ ਬਜਰੀ ਹੀ ਕੱਢੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਜਨਤਕ ਅਤੇ ਵਪਾਰਕ ਰੇਤ ਖੱਡਾਂ ਵਿੱਚ ਹਾਲੇ ਵੀ 151 ਲੱਖ ਮੀਟਰਕ ਟਨ ਤੋਂ ਵੱਧ ਰੇਤ ਅਤੇ ਬਜਰੀ ਉਪਲਬਧ ਹੈ।
ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਇਨ੍ਹਾਂ ਜਨਤਕ ਰੇਤ ਖੱਡਾਂ ਦੇ ਖੁੱਲ੍ਹਣ ਨਾਲ ਵੱਡੀ ਪੱਧਰ ’ਤੇ ਆਮ ਲੋਕ ਖ਼ੁਦ ਰੇਤ ਦੀ ਖੁਦਾਈ ਕਰਕੇ ਰੇਤ ਲਿਜਾ ਸਕਦੇ ਹਨ ਅਤੇ ਵੇਚ ਸਕਦੇ ਹਨ, ਜਿਸ ਨਾਲ ਬਾਜ਼ਾਰ ਵਿੱਚ ਰੇਤ ਦੀ ਸਪਲਾਈ ਵਧੇਗੀ ਅਤੇ ਰੇਤ ਦੇ ਮਾਰਕੀਟ ਰੇਟ ਵੀ ਘਟਣਗੇ।
ਗ਼ੈਰ-ਕਾਨੂੰਨੀ ਖਣਨ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਕਿਹਾ ਕਿ ਗ਼ੈਰ-ਕਾਨੂੰਨੀ ਖਣਨ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੂਬੇ ਵਿੱਚ ਮਾਈਨਿੰਗ ਐਕਟ ਅਤੇ ਨਿਯਮਾਂ ਤਹਿਤ ਅਪ੍ਰੈਲ 2022 ਤੋਂ ਜਨਵਰੀ 2024 ਤੱਕ 945 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।