ਪੰਜਾਬ ਦਾ ਬਜਟ 2024-25: ਸੜਕਾਂ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਵੱਲ ਪੁਲਾਂਘ- ਹਰਭਜਨ ਸਿੰਘ ਈ.ਟੀ.ਓ.
ਪੰਜਾਬ ਦਾ ਬਜਟ 2024-25: ਸੜਕਾਂ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਵੱਲ ਪੁਲਾਂਘ- ਹਰਭਜਨ ਸਿੰਘ ਈ.ਟੀ.ਓ.
ਆਵਾਜਾਈ ਤੇ ਸੰਪਰਕ ਨੂੰ ਮਜ਼ਬੂਤ ਬਨਾਉਣ ਲਈ ਸੜਕਾਂ ਅਤੇ ਪੁਲਾਂ ਲਈ ਬਜ਼ਟ ਵਿੱਚ ਰੱਖੇ 2,695 ਕਰੋੜ ਰੁਪਏ
ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਲਈ ਰੱਖੇ 7,780 ਕਰੋੜ ਰੁਪਏ
ਚੰਡੀਗੜ੍ਹ, 5 ਮਾਰਚ
ਪੰਜਾਬ ਦੇ ਵਿੱਤੀ ਸਾਲ 2024-25 ਦੇ ਬਜਟ ਨੂੰ ਲੋਕ ਪੱਖੀ ਅਤੇ ਵਿਕਾਸ ਪੱਖੀ ਦੱਸਦਿਆਂ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਰਾਜ ਵਿੱਚ ਸੜਕ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਲਈ ਧੰਨਵਾਦ ਕੀਤਾ।
ਸ਼੍ਰੀ ਈ.ਟੀ.ਓ. ਨੇ ਮਾਨ ਸਰਕਾਰ ਦੀ ਮੁਫਤ ਬਿਜਲੀ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮਾਰਚ 2022 ਵਿੱਚ ਮੌਜੂਦਾ ਸਰਕਾਰ ਵੱਲੋਂ ਅਹੁਦਾ ਸੰਭਾਲਣ ਦੇ ਤਿੰਨ ਮਹੀਨਿਆਂ ਦੇ ਅੰਦਰ ਹੀ ਇਸ ਗਰੰਟੀ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ 90 ਫੀਸਦੀ ਤੋਂ ਵੱਧ ਘਰੇਲੂ ਖਪਤਕਾਰ ਜ਼ੀਰੋ ਬਿਜਲੀ ਬਿੱਲਾਂ ਦੀ ਸਹੂਲਤ ਮਾਣ ਰਹੇ ਹਨ ਅਤੇ ਬਜਟ ਵਿੱਚ ਇਸ ਸਹੂਲਤ ਨੂੰ ਬਰਕਰਾਰ ਰੱਖਣ ਲਈ 7,780 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਨ ਸਰਕਾਰ ਨੇ ਕਿਸਾਨ ਭਰਾਵਾਂ ਦੇ ਖੇਤੀ ਟਿਊਬਵੈੱਲਾਂ ਨੂੰ ਮੁਫਤ ਬਿਜਲੀ ਸਹੂਲਤ ਤਹਿਤ ਸਬਸਿਡੀ ਲਈ 9,330 ਕਰੋੜ ਰੁਪਏ ਰੱਖੇ ਹਨ।
ਬਿਜਲੀ ਮੰਤਰੀ ਨੇ ਰੋਪੜ ਵਿੱਚ ਨਵੇਂ ਬਣ ਰਹੇ 400 ਕੇਵੀ ਸਬਸਟੇਸ਼ਨ ਅਤੇ ਧਨਾਨਸੂ, ਬਹਿਮਣ ਜੱਸਾ ਸਿੰਘ ਵਿਖੇ ਸਬਸਟੇਸ਼ਨਾਂ ਦੀ ਮਜ਼ਬੂਤੀ ਅਤੇ ਸ਼ੇਰਪੁਰ (ਲੁਧਿਆਣਾ) ਵਿਖੇ 220 ਕੇਵੀ ਸਬਸਟੇਸ਼ਨ ਦਾ ਜਿਕਰ ਕਰਦਿਆਂ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਜਿਕਰ ਕੀਤਾ।
ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਪੀ.ਐਮ.ਜੀ.ਐਸ.ਵਾਈ.-3 ਅਧੀਨ 400 ਕਰੋੜ ਰੁਪਏ ਦੀ ਲਾਗਤ ਨਾਲ 805 ਕਿਲੋਮੀਟਰ ਸੜਕਾਂ ਅਤੇ ਚਾਰ ਪੁਲਾਂ ਦੇ ਮੁਕੰਮਲ ਹੋਣ ਦੇ ਨਾਲ ਸੜਕਾਂ ਦੇ ਵਿਕਾਸ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਜਟ ਵਿੱਚ ਵਿੱਤੀ ਸਾਲ 2024-25 ਵਿੱਚ ਪੀ.ਐਮ.ਜੀ.ਐਸ.ਵਾਈ.-3 ਲਈ 600 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਲੋਕ ਨਿਰਮਾਣ ਮੰਤਰੀ ਨੇ ਸੀ.ਆਰ.ਆਈ.ਐਫ ਸਕੀਮ ਤਹਿਤ 40 ਕਰੋੜ ਰੁਪਏ ਦੀ ਲਾਗਤ ਨਾਲ 31 ਕਿਲੋਮੀਟਰ ਨੈਸ਼ਨਲ ਹਾਈਵੇਅ ਅਤੇ 22 ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਬਾਰੇ ਜਾਣਕਾਰੀ ਦਿੰਦਿਆਂ ਅਤੇ ਰਾਜ ਸਕੀਮ ਤਹਿਤ 199 ਕਰੋੜ ਰੁਪਏ ਦੀ ਲਾਗਤ ਨਾਲ 176 ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਕੀਤੇ ਜਾਣ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਬਜਟ 2024-25 ਵਿੱਚ ਸੜਕਾਂ ਅਤੇ ਪੁਲਾਂ ਲਈ 2,695 ਕਰੋੜ ਰੁਪਏ ਦਾ ਰੱਖੇ ਗਏ ਹਨ।
ਇਤਿਹਾਸਕ ਅਤੇ ਅਧਿਆਤਮਿਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਖੇਤਰ ਵਿੱਚ ਲੋੜੀਂਦੇ ਸੰਪਰਕ ਦੀ ਘਾਟ ‘ਤੇ ਚਿੰਤਾ ਜ਼ਾਹਰ ਕਰਦੇ ਹੋਏ, ਮੰਤਰੀ ਸ. ਈ.ਟੀ.ਓ. ਨੇ ਖੇੜਾ ਕਲਮੋਟ ਅਤੇ ਭੱਲਾੜੀ, ਅਤੇ ਬੇਲਾ ਧਿਆਨੀ ਅਤੇ ਅਜੌਲੀ ਵਿਚਕਾਰ ਪੁਲਾਂ ਦੀ ਉਸਾਰੀ ਲਈ 30 ਕਰੋੜ ਰੁਪਏ ਰੱਖੇ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਨਿਵਾਸੀਆਂ ਲਈ ਯਾਤਰਾ ਅਤੇ ਸੰਪਰਕ ਨੂੰ ਬਿਹਤਰ ਬਣਾਇਆ ਜਾ ਸਕੇਗਾ ਅਤੇ ਇਹ ਖੇਤਰ ਦੇ ਵਿਕਾਸ ਵੱਲ ਅਹਿਮ ਕਦਮ ਹੋਵੇਗਾ।