ਪਟਿਆਲਾ ਹੈਰੀਟੇਜ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਖ਼ਾਲਸਾ ਕਾਲਜ 'ਚ 2 ਫਰਵਰੀ ਤੋਂ
ਪਟਿਆਲਾ ਹੈਰੀਟੇਜ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਖ਼ਾਲਸਾ ਕਾਲਜ ‘ਚ 2 ਫਰਵਰੀ ਤੋਂ
-ਫ਼ੌਜੀ ਹਥਿਆਰ ਤੇ ਸਾਜੋ-ਸਮਾਨ, ਬ੍ਰੇਵ-ਹਾਰਟ ਮੋਟਰਸਾਈਕਲ ਰੈਲੀ, ਵਿੰਟੇਜ ਜੀਪ, ਹੌਰਸ ਸ਼ੋਅ ਤੇ ਤੀਰ-ਅੰਦਾਜ਼ੀ ਬਣੇਗੀ ਖਿੱਚ ਦਾ ਕੇਂਦਰ
-ਪਟਿਆਲਵੀਆਂ ਲਈ ਸਦੀਵੀ ਯਾਦਗਾਰ ਬਣੇਗਾ ਫ਼ੌਜੀ ਇਤਿਹਾਸ ਤੇ ਵਿਰਾਸਤ ਤੋਂ ਜਾਣੂ ਕਰਵਾਉਣ ਵਾਲਾ ਮੇਲਾ
-ਦੂਜੀ ਵਾਰ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣ ਵਾਲਾ ਪਟਿਆਲਾ ਬਣਿਆ ਮੋਹਰੀ ਜ਼ਿਲ੍ਹਾ
ਪਟਿਆਲਾ, 31 ਜਨਵਰੀ:
ਪੰਜਾਬ ਸਰਕਾਰ ਵੱਲੋਂ 2 ਤੇ 3 ਫਰਵਰੀ ਨੂੰ ਪਟਿਆਲਾ ਦੇ ਖ਼ਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੂਜੇ ਪਟਿਆਲਾ ਹੈਰੀਟੇਜ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਤਿਆਰੀਆਂ ਜੋਰਾਂ ‘ਤੇ ਹਨ। ਮਿਲਟਰੀ ਲਿਟਰੇਚਰ ਫੈਸਟੀਵਲ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦੇਣ ਲਈ ਕੀਤੀ ਮੀਟਿੰਗ ਮੌਕੇ ਮੇਲੇ ਦੇ ਨੋਡਲ ਅਫ਼ਸਰ ਚਰਨਜੀਤ ਸਿੰਘ ਤੇ ਲੈਫਟੀਨੈਂਟ ਕਰਨਲ (ਰਿਟਾ.) ਪੈਰੀ ਗਰੇਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਦੀ ਅਗਵਾਈ ਹੇਠ ਇਹ ਫੈਸਟੀਵਲ ਇਸ ਵਾਰ ਵੀ ਪਟਿਆਵਲੀਆਂ ਲਈ ਯਾਦਗਾਰੀ ਸਾਬਤ ਹੋਵੇਗਾ।
ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹਾ ਦੂਜੀ ਵਾਰ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਉਣ ਵਾਲਾ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ‘ਚ ਫੌਜ ਵਿੱਚ ਭਰਤੀ ਹੋਣ ਦੀ ਭਾਵਨਾ ਪੈਦਾ ਕਰਨ ਲਈ ਇਹ ਮੇਲਾ ਕਰਵਾਇਆ ਜਾ ਰਿਹਾ ਹੈ।
ਇਸ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ 2 ਤੇ 3 ਫਰਵਰੀ ਨੂੰ ਖ਼ਾਲਸਾ ਕਾਲਜ ਵਿਖੇ ਸਵੇਰੇ 10 ਤੋਂ ਪੈਨਲ ਚਰਚਾ, ਜੋਸ਼, ਜਜ਼ਬੇ ਅਤੇ ਬਹਾਦਰੀ ਦਾ ਵਰਨਣ, ਫ਼ੌਜੀ ਸਾਜ਼ੋ-ਸਾਮਾਨ ਦੀ ਪ੍ਰਦਰਸ਼ਨੀ, ਯੋਧਿਆਂ ਦੇ ਨ੍ਰਿਤ, ਵਿੰਟੇਜ ਜੀਪ ਡਿਸਪਲੇਅ ਤੇ ਹੌਰਸ ਸ਼ੋਅ, ਤੀਰ-ਅੰਦਾਜ਼ੀ ਪ੍ਰਦਰਸ਼ਨੀ ਅਤੇ ਮੁਕਾਬਲੇ, ਫ਼ੌਜ, ਆਈ.ਟੀ.ਬੀ.ਪੀ ਅਤੇ ਪੁਲਿਸ ਭਰਤੀ ਬਾਰੇ ਕਾਉਂਸਲਿੰਗ ਅਤੇ ਫ਼ੂਡ ਕੋਰਟ ਖਿੱਚ ਦਾ ਕੇਂਦਰ ਬਣਨਗੇ। 3 ਫਰਵਰੀ ਨੂੰ ਪੋਲੋ ਗਰਾਉਂਡ ਤੋਂ ਸਵੇਰੇ 10.30 ਵਜੇ ਸੈਨੋਟਾਫ ਵਿਖੇ ਫੁੱਲ ਮਾਲਾ ਅਰਪਣ ਕਰਨ ਤੋਂ ਬਾਅਦ ਸ਼ਹਿਰ ਵਿੱਚ 13 ਕਿਲੋਮੀਟਰ ਬ੍ਰੇਵ-ਹਾਰਟ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ।
ਜਿਕਰਯੋਗ ਹੈ ਕਿ ਲੋਕਾਂ ਲਈ ਬਹੁਤ ਹੀ ਸਿੱਖਿਆਦਾਇਕ ਫ਼ੈਸਟੀਵਲ ਬਣਨ ਲਈ ਇਹ ਸਮਾਰੋਹ ਪ੍ਰਮੁੱਖ ਫ਼ੌਜੀ ਜੰਗੀ ਨਾਇਕਾਂ, ਲੇਖਕਾਂ, ਨੇਤਾਵਾਂ, ਚਿੰਤਕਾਂ, ਸਿਪਾਹੀਆਂ, ਕਵੀਆਂ, ਕਲਾਕਾਰਾਂ, ਪੱਤਰਕਾਰਾਂ, ਫ਼ਿਲਮਾਂ ਤੇ ਦਸਤਾਵੇਜ਼ੀ ਨਿਰਮਾਤਾਵਾਂ, ਖਿਡਾਰੀਆਂ, ਬਹਾਦਰਾਂ, ਟੈਕਨੋਕ੍ਰੇਟਸ ਅਤੇ ਫ਼ੌਜੀ ਉਦਯੋਗਿਕ ਨਿਰਮਾਤਾਵਾਂ ਨੂੰ ਇੱਕ ਮੰਚ ਪ੍ਰਦਾਨ ਕਰੇਗਾ।