ਨਸ਼ਿਆਂ ਦੇ ਖਾਤਮੇ ਲਈ ਖੇਡਾਂ ਕਾਰਗਰ ਹਥਿਆਰ: ਹਰਚੰਦ ਸਿੰਘ ਬਰਸਟ
ਨਸ਼ਿਆਂ ਦੇ ਖਾਤਮੇ ਲਈ ਖੇਡਾਂ ਕਾਰਗਰ ਹਥਿਆਰ: ਹਰਚੰਦ ਸਿੰਘ ਬਰਸਟ
— ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਜ਼ੋਰ ਸ਼ੋਰ ਨਾਲ ਅੱਗੇ ਆਉਣ ਲਈ ਪ੍ਰੇਰਿਆ
— ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਇੰਟਰ ਸਕੂਲ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਕੀਤੀ ਅਪੀਲ
ਪਟਿਆਲਾ 02 ਫਰਵਰੀ, 2024 ( ): ਨਸ਼ੇ ਦੇ ਖਾਤਮੇ ਲਈ ਖੇਡਾਂ ਸਭ ਤੋਂ ਕਾਰਗਰ ਹਥਿਆਰ ਸਾਬਤ ਹੋ ਸਕਦੀਆਂ ਹਨ। ਇਸ ਲਈ ਹਰ ਵਿਦਿਆਰਥੀ ਨੂੰ ਖੇਡਾਂ ਦੇ ਖੇਤਰ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸਦੇ ਨਾਲ ਜਿੱਥੇ ਸਾਰੇ ਤੰਦਰੁਸਤ ਰਹਿਣਗੇ, ਉੱਥੇ ਹੀ ਇੱਕ ਖੁਸ਼ਹਾਲ ਸਮਾਜ ਦਾ ਵੀ ਨਿਰਮਾਣ ਹੋਵੇਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਸ੍ਰੀ ਬਾਲਾਜੀ ਲਿਟਰੇਰੀ ਅਤੇ ਚੈਰੀਟੇਬਲ ਸੁਸਾਇਟੀ ਪਟਿਆਲਾ ਵਿਖੇ ਨਸ਼ਾ ਕਰੇ ਵਿਨਾਸ਼, ਖੇਲ ਕਰੇ ਵਿਕਾਸ ਥੀਮ ਤਹਿਤ ਕਰਵਾਏ ਇੰਟਰ ਸਕੂਲ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਆਪਣੇ ਸੰਬੋਧਨ ਵਿੱਚ ਕੀਤਾ।
ਸ. ਬਰਸਟ ਨੇ ਕਿਹਾ ਕਿ ਨੌਜਵਾਨ ਸਿੱਖਿਅਤ ਅਤੇ ਖੇਡਾਂ ਵਿੱਚ ਹਿੱਸਾ ਲੈ ਕੇ ਹੀ ਆਪਣੇ ਜੀਵਨ ਵਿੱਚ ਇੱਕ ਕਾਮਯਾਬ ਮਨੁੱਖ ਬਣ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਢੁਕਵਾਂ ਮਾਹੌਲ ਦਿੱਤਾ ਜਾ ਰਿਹਾ ਹੈ। ਇਸ ਲਈ ਜਿੱਥੇ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਖੇਡ ਨਰਸਰੀਆਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਨੌਜਵਾਨਾਂ ਨੂੰ ਵੀ ਖੇਡਾਂ ਦੇ ਖੇਤਰ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਡਾਂ ਵਿੱਚ ਏਸ਼ੀਅਨ ਅਤੇ ਓਲੰਪਿਕ ਪੱਧਰ ਦੇ ਮੁਕਾਬਲੇ ਦੀਆਂ ਤਿਆਰੀਆਂ ਕਰਨ ਵਾਲੇ ਖਿਡਾਰੀਆਂ ਨੂੰ ਲੋੜੀਦਾ ਫੰਡ ਮੁਹਈਆ ਕਰਵਾਇਆ ਜਾ ਰਿਹਾ ਹੈ ਅਤੇ ਜੇਤੂ ਖਿਡਾਰੀਆਂ ਨੂੰ ਵੀ ਸਰਕਾਰ ਵੱਲੋਂ ਵਿਸ਼ੇਸ਼ ਗਰਾਂਟ ਦਿੱਤੀ ਜਾ ਰਹੀ ਹੈ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚੋਂ ਬਾਹਰ ਕੱਢ ਕੇ ਸਹੀ ਪਾਸੇ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਵੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸਦੇ ਚਲਦਿਆਂ ਪੰਜਾਬ ਮੰਡੀ ਬੋਰਡ ਵੱਲੋਂ ਆਫ਼ ਸੀਜ਼ਨ ਵਿੱਚ ਮੰਡੀਆਂ ਵਿਖੇ ਵਿਦਿਆਰਥੀਆਂ ਨੂੰ ਖੇਡਾਂ ਦੀ ਸਿਖਲਾਈ ਦੇਣ ਲਈ ਪੰਜਾਬ ਦੇ ਖੇਡ ਵਿਭਾਗ ਨੂੰ ਪੱਤਰ ਲਿਖ ਕੇ ਪੇਸ਼ਕਸ਼ ਕੀਤੀ ਗਈ ਹੈ। ਇਸਦੇ ਸਦਕਾ ਜਿਲਾ ਮੰਡੀ ਅਫਸਰ ਬਠਿੰਡਾ ਵਲੋਂ ਪਹਿਲ ਕਰਦੇ ਹੋਏ ਮਾਰਕੀਟ ਕਮੇਟੀ ਰਾਮਪੁਰਾ ਫੂਲ ਮੰਡੀ ਦੇ ਫੜ ਉੱਪਰ ਛੋਟੇ ਬੱਚਿਆਂ ਲਈ ਸਕੇਟਿੰਗ ਗੇਮ ਦੀ ਸਿਖਲਾਈ ਵੀ ਸੁਰੂ ਕੀਤੀ ਗਈ ਹੈ। ਉਨ੍ਹਾਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਵੱਧ ਚੜ ਕੇ ਅੱਗੇ ਆਉਣ ਅਤੇ ਸਰਕਾਰ ਦੇ ਲੋਕ ਪੱਖੀ ਕੰਮ ਵਿੱਚ ਬਣਦਾ ਸਹਿਯੋਗ ਕਰਨ। ਮੁੱਖ ਮਹਿਮਾਨ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਚਿਨ ਸ਼ਰਮਾ, ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ, ਡਾ. ਸੰਜਨ ਸਿੰਘ, ਕੈਂਪਸ ਡਾਇਰੈਕਟਰ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਰਹੇ।