ਸਲੋਵੈਨੀਆ ਤੋਂ ਪੁੱਜੇ ਪ੍ਰੋਫ਼ੈਸਰ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਦਿੱਤਾ ਭਾਸ਼ਣ
ਸਲੋਵੈਨੀਆ ਤੋਂ ਪੁੱਜੇ ਪ੍ਰੋਫ਼ੈਸਰ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਦਿੱਤਾ ਭਾਸ਼ਣ
-ਪ੍ਰੋ. ਜੇਨੈਜ਼ ਪਲਵੈਕ ਨੇ ਡੀ. ਐੱਨ.ਏ. ਦੇ ਹਵਾਲੇ ਨਾਲ਼ ਕੀਤੀ ਗੱਲ
ਪਟਿਆਲਾ, 9 ਫਰਵਰੀ
ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੂੰ ਸਲੋਵੈਨੀਆ ਤੋਂ ਪੁੱਜੇ ਪ੍ਰੋ. ਜੇਨੈਜ਼ ਪਲਵੈਕ ਨੇ ਵਿਸ਼ੇਸ਼ ਭਾਸ਼ਣ ਦਿੱਤਾ। ਯੂਨੀਵਰਸਿਟੀ ਆਫ਼ ਲਜੂਬਲਜਨਾ ਤੋਂ ਨੈਸ਼ਨਲ ਇੰਸਟੀਚੂਟ ਆਫ਼ ਕੈਮਿਸਟਰੀ ਦੇ ਮੁਖੀ ਪ੍ਰੋ. ਪਲਵੈਕ ਨੇ ਰਸਾਇਣ ਵਿਗਿਆਨ ਦੇ ਵਿਸ਼ੇ ਨਾਲ਼ ਸੰਬੰਧਤ ਭਾਸ਼ਣ ਦਿੱਤਾ। ਪ੍ਰੋ. ਜੇਨੈਜ਼ ਪਲਵੈਕ ਨੇ ਆਪਣੇ ਭਾਸ਼ਣ ਵਿੱਚ ਡੀ.ਐੱਨ.ਏ. ਦੀਆਂ ਬਣਤਰਾਂ ਦੇ ਹਵਾਲੇ ਨਾਲ਼ ਵੱਖ-ਵੱਖ ਪੱਖਾਂ ਤੋਂ ਗੱਲ ਕੀਤੀ। ਵਿਦਿਆਰਥੀਆਂ ਵੱਲੋਂ ਉਨ੍ਹਾਂ ਨਾਲ਼ ਇਸ ਵਿਸ਼ੇ ਉੱਤੇ ਸਿੱਧਾ ਸੰਵਾਦ ਰਚਾਇਆ ਗਿਆ।
ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਕੌਮਾਂਤਰੀ ਪੱਧਰ ਦੇ ਵਿਗਿਆਨੀਆਂ ਅਤੇ ਅਕਾਦਮੀਸ਼ਨਾਂ ਦਾ ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਵਿੱਚ ਆਉਣਾ ਜਿੱਥੇ ਇੱਕ ਪਾਸੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੁੰਦਾ ਹੈ ਉੱਥੇ ਹੀ ਦੂਜੇ ਪਾਸੇ ਅਜਿਹੀਆਂ ਸ਼ਖ਼ਸੀਅਤਾਂ ਰਾਹੀਂ ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਖੁਸ਼ਬੋਅ ਵੀ ਗਲੋਬਲ ਪੱਧਰ ਤੱਕ ਪਹੁੰਚਦੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਕੌਮਾਂਤਰੀ ਪੱਧਰ ਦੀਆਂ ਅਜਿਹੀਆਂ ਸ਼ਖ਼ਸੀਅਤਾਂ ਪੰਜਾਬੀ ਯੂਨੀਵਰਸਿਟੀ ਵਿਖੇ ਆਪਣਾ ਸੰਵਾਦ ਰਚਾਉਣ ਹਿਤ ਪਹੁੰਚਦੀਆਂ ਰਹਿਣਗੀਆਂ। ਉਨ੍ਹਾਂ ਇਸ ਗਤੀਵਿਧੀ ਲਈ ਰਸਾਇਣ ਵਿਗਿਆਨ ਵਿਭਾਗ ਦੀ ਸ਼ਲਾਘਾ ਕੀਤੀ।
ਇਸ ਪ੍ਰੋਗਰਾਮ ਦੌਰਾਨ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਇਸਰ) ਤੋਂ ਪ੍ਰੋਫ਼ੈਸਰ ਕਵਿਤਾ ਦੋਰਾਇ ਵੀ ਹਾਜ਼ਰ ਰਹੇ।
ਵਿਭਾਗ ਮੁਖੀ ਪ੍ਰੋ. ਮੁਹੰਮਦ ਯੂਸਫ਼ ਵੱਲੋਂ ਰਸਮੀ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਪ੍ਰੋ. ਅਸ਼ੋਕ ਮਲਿਕ, ਪ੍ਰੋ. ਬਲਜੀਤ ਸਿੰਘ ਅਤੇ ਡਾ. ਪੂਨਮ ਪਤਿਆਰ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।