ਲੋੜਵੰਦਾਂ ਲਈ ਵੱਖ-ਵੱਖ ਰੋਜ਼ਗਾਰ ਕਿੱਤਿਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਵੱਡੀ ਲੋੜ: ਸਪੀਕਰ ਸੰਧਵਾਂ
ਲੋੜਵੰਦਾਂ ਲਈ ਵੱਖ-ਵੱਖ ਰੋਜ਼ਗਾਰ ਕਿੱਤਿਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਵੱਡੀ ਲੋੜ: ਸਪੀਕਰ ਸੰਧਵਾਂ
ਸਪੀਕਰ ਵੱਲੋਂ ਪਸ਼ੂ ਪਾਲਣ, ਮੱਛੀ ਪਾਲਣ, ਘੋੜੇ ਪਾਲਣ, ਕੁੱਤੇ ਪਾਲਣ ਅਤੇ ਡੇਅਰੀ ਸਬੰਧੀ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਹਿੱਤ ਮਾਹਿਰਾਂ ਤੇ ਅਧਿਕਾਰੀਆਂ ਨਾਲ ਵਿਚਾਰ ਚਰਚਾ
ਪਸ਼ੂ ਪਾਲਣ ਵਿਭਾਗ ਅਤੇ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨੂੰ ਸਾਂਝੀ ਤਜਵੀਜ਼ ਬਣਾਉਣ ਲਈ ਕਿਹਾ
ਚੰਡੀਗੜ੍ਹ, 8 ਫ਼ਰਵਰੀ:
ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਘੋੜੇ ਪਾਲਣ, ਕੁੱਤੇ ਪਾਲਣ ਅਤੇ ਡੇਅਰੀ ਸਬੰਧੀ ਕਿੱਤੇ ਅਪਣਾਉਣ ਦੇ ਚਾਹਵਾਨ ਨੌਜਵਾਨਾਂ/ਕਿਸਾਨਾਂ ਨੂੰ ਵੱਖ-ਵੱਖ ਰੋਜ਼ਗਾਰ ਕਿੱਤਿਆਂ ਪ੍ਰਤੀ ਉਤਸ਼ਾਹਿਤ ਕਰਨਾ ਸਮੇਂ ਦੀ ਵੱਡੀ ਲੋੜ ਹੈ, ਕਿਉਂਕਿ ਉਹ ਵੱਖ-ਵੱਖ ਕਿੱਤੇ ਅਪਣਾ ਕੇ ਆਪਣਾ ਚੰਗਾ ਜੀਵਨ ਨਿਰਬਾਹ ਕਰਨ ਦੇ ਯੋਗ ਬਣ ਸਕਦੇ ਹਨ।
ਅੱਜ ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਵੱਖ-ਵੱਖ ਕਿੱਤਿਆਂ ਦੇ ਮਾਹਿਰਾਂ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਲ ਕੀਤੀ ਮੀਟਿਗ ਦੌਰਾਨ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸੂਬੇ ਦੇ ਵਿਧਾਇਕਾਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸੂਬੇ ਦੇ ਲੋੜਵੰਦ ਨੌਜਵਾਨਾਂ ਅਤੇ ਕਿਸਾਨਾਂ ਨੂੰ ਖੇਤੀਬਾੜੀ ਦੇ ਸਹਾਇਕ ਕਿੱਤਿਆਂ ਲਈ ਉਤਸ਼ਾਹਿਤ ਕਰਨਾ ਜ਼ਰੂਰੀ ਹੈ ਅਤੇ ਇਸ ਖੇਤਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਪਸ਼ੂ ਪਾਲਣ, ਮੱਛੀ ਪਾਲਣ, ਘੋੜੇ ਪਾਲਣ, ਕੁੱਤੇ ਪਾਲਣ ਅਤੇ ਡੇਅਰੀ ਸਬੰਧੀ ਕਿੱਤਿਆਂ ਨੂੰ ਰੋਜ਼ਗਾਰ ਬਣਾਉਣ ਲਈ ਸਬੰਧਤ ਧਿਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿੱਚ ਪਹਿਲਾਂ ਹੀ ਆਯੋਜਿਤ ਹੁੰਦੇ ਪਸ਼ੂ ਮੇਲਿਆਂ ਵਿੱਚ ਵੈਟਨਰੀ ਯੂਨੀਵਰਸਿਟੀ ਅਤ ਪਸ਼ੂ ਪਾਲਣ ਵਿਭਾਗ ਨੂੰ ਆਪਣੀਆਂ ਟੀਮਾਂ ਭੇਜਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਸਬੰਧੀ ਹੋਰ ਵਧਰੇ ਜਾਣਕਾਰੀ ਹਾਸਲ ਹੋ ਸਕੇ।
ਸ. ਸੰਧਵਾਂ ਨੇ ਪਸ਼ੂ ਪਾਲਣ ਵਿਭਾਗ ਅਤੇ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨੂੰ ਸਾਂਝੀ ਤਜਵੀਜ਼ ਬਣਾਉਣ ਲਈ ਵੀ ਕਿਹਾ ਤਾਂ ਜੋ ਵਿਭਿੰਨ ਰੋਜ਼ਗਾਰ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਯੋਜਨਾ ਬਣਾਈ ਜਾ ਸਕੇ ਅਤੇ ਇਸ ਸਬੰਧੀ ਲੋੜੀਂਦੇ ਫੰਡਾਂ ਦੇ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਾਂਝੀ ਤਜਵੀਜ਼ ਬਣਾਉਣ ਦੇ ਕਾਰਜ ‘ਚ ਕੋਈ ਅਧਿਕਾਰੀ ਅਣਗਹਿਲੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਮੌਕੇ ਸਾਬਕਾ ਮੰਤਰੀ ਤੇ ਮੌਜੂਦਾ ਰਾਣਾ ਗੁਰਜੀਤ ਸਿੰਘ ਅਤੇ ਫੌਜਾ ਸਿੰਘ ਸਰਾਰੀ, ਵਿਧਾਇਕ ਅਮਿਤ ਰਤਨ, ਕਸ਼ਮੀਰ ਸਿੰਘ ਸੋਹਲ, ਮਦਨ ਲਾਲ ਬੱਗਾ, ਕੁਲਜੀਤ ਸਿੰਘ ਰੰਧਾਵਾ, ਗੁਰਪ੍ਰੀਤ ਬੱਸੀ ਗੋਗੀ, ਵਧੀਕ ਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਕਾਸ ਪ੍ਰਤਾਪ, ਉਪ ਕੁਲਪਤੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਇੰਦਰਜੀਤ ਸਿੰਘ ਅਤੇ ਡਾਇਰੈਕਟਰ ਮੱਛੀ ਪਾਲਣ ਜਸਵੀਰ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਕੁਲਦੀਪ ਸਿੰਘ, ਡਾਇਰੈਕਟਰ ਪਸ਼ੂ ਪਾਲਣ ਮੱਛੀ ਪਾਲਣਾ ਅਤੇ ਡੇਅਰੀ ਵਿਕਾਸ ਗੁਰਸ਼ਰਨਜੀਤ ਸਿੰਘ ਬੇਦੀ ਹਾਜ਼ਰ ਸਨ।